ਆਮ ਆਦਮੀ ਪਾਰਟੀ ਨੇ ਚੋਰ ਮਚਾਏ ਸ਼ੋਰ ਦੀ ਕਹਾਵਤ ਨੂੰ ਸੱਚ ਸਾਬਤ ਕੀਤਾ :-ਚੁੱਘ

ਚੰਡੀਗੜ੍ਹ, 4 ਫਰਵਰੀ ( ): ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਨੂੰਨੀ ਪ੍ਰਕ੍ਰਿਆ ਵਿੱਚ ਬਾਰ-ਬਾਰ ਰੁਕਾਵਟ ਪੈਦਾ ਕਰਦੇ ਹੋਏ ਈਡੀ ਵੱਲੋਂ ਦਿੱਤੇ ਸੱਮਨਾ ਤੇ ਜਾਂਚ ਲਈ ਪੇਸ਼ ਨਾ ਹੋਣ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਂ ਘੁਟਾਲਿਆਂ ਦੇ ਬੇਤਾਜ ਬਾਦਸ਼ਾਹ ਦੇ ਰੂਪ ਵਿੱਚ ਕਾਲੇ ਅੱਖਰਾਂ ਵਿੱਚ ਦਰਜ ਹੋਵੇਗਾ।

ਤਰੁਣ ਚੁੱਘ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਵਾਈ ਤੋਂ ਲੈ ਕੇ ਦਾਰੂ ਤੱਕ, ਸਿੱਖਿਆ ਤੋਂ ਲੈ ਕੇ ਕਲਾਸ ਤੱਕ ਅਤੇ ਮੁਹੱਲਾ ਕਲੀਨਿਕ ਦੇ ਲੈਬ ਟੈਸਟ ਤੱਕ ਵਿਚ ਜੰਮ ਕੇ ਘੁਟਾਲੇ ਕੀਤੇ ਹਨ ਅਤੇ ਜਦੋਂ ਕਾਨੂੰਨੀ ਕਾਰਵਾਈ ਦੇ ਤਹਿਤ ਜਾਂਚ ਏਜੰਸੀਆਂ ਉਹਨਾਂ ਨੂੰ ਸਮਨ ਭੇਜਦੀਆਂ ਹਨ ਤਾਂ ਉਹ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਬਾਰ-ਬਾਰ ਭੱਜ ਰਹੇ ਹਨ। ਦਿੱਲੀ ਦਾ ਕੋਈ ਵਿਭਾਗ ਅਜਿਹਾ ਨਹੀਂ ਜਿਸ ਨੂੰ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੇ ਠੱਗਿਆ ਨਾ ਹੋਵੇ।

ਤਰੁਣ ਚੁੱਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਬੇਤਾਜ ਬਾਦਸ਼ਾਹ ਅਰਵਿੰਦ ਕੇਜਰੀਵਾਲ ਦੇ ਕੋਲ ਪ੍ਰਦਰਸ਼ਨ ਕਰਨ ਲਈ ਸਮਾਂ ਹੈ ਪਰ ਈਡੀ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਉਸ ਕੋਲ ਸਮਾਂ ਨਹੀਂ ਹੈ ।ਉਹਨਾਂ ਕਿਹਾ ਕਿ ਸ਼ੀਸ਼ ਮਹਿਲ ਚ ਰਹਿਣ ਵਾਲੇ ਅਰਵਿੰਦ ਕੇਜਰੀਵਾਲ ਖੁਦ ਨੂੰ ਭਾਰਤ ਦੀ ਸੰਵਿਧਾਨਿਕ ਪ੍ਰਕਿਰਿਆਵਾਂ, ਕਾਨੂੰਨ ਵਿਵਸਥਾ ਅਤੇ ਜਾਂਚ ਏਜੰਸੀਆਂ ਤੋਂ ਉੱਪਰ ਸਮਝਦੇ ਹਨ।

ਤਰੁਣ ਚੁੱਘ ਨੇ ਕਿਹਾ ਕਿ ਜਦ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉੱਪਰ ਸ਼ਰਾਬ ਘੁਟਾਲੇ ਦੇ ਦੋਸ਼ ਲੱਗੇ ਸਨ ਤਾਂ ਆਮ ਆਦਮੀ ਪਾਰਟੀ ਨੇ ਈਡੀ ਦੀ ਕਾਰਵਾਈ ਦਾ ਸਮਰਥਨ ਕੀਤਾ ਸੀ। ਪਰ ਕੇਜਰੀਵਾਲ ਖੁਦ ਈਡੀ ਦੇ ਨੋਟਿਸ ਨੂੰ ਅਸਵੀਕਾਰ ਕਰ ਰਹੇ ਹਨ। ਕੇਜਰੀਵਾਲ ਗਿਰਗਟ ਤੋਂ ਘੱਟ ਨਹੀਂ ਹਨ ,ਕਿਸੀ ਹੋਰ ਤੇ ਕਾਰਵਾਈ ਹੋਵੇ ਤਾਂ ਚਮਤਕਾਰ ,ਚੰਗਾ ਕੰਮ ਅਤੇ ਜਦੋਂ ਖੁਦ ਤੇ ਕਾਰਵਾਈ ਕਰਨ ਦੀ ਨੌਬਤ ਆਈ ਤਾਂ ਕਾਰਵਾਈ ਕਰਨ ਵਾਲੇ ਹੀ ਸਾਰੇ ਗੁਨਾਹਗਾਰ ।

ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਵਾਬ ਦੇਵੇ ਕਿ ਜੇ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਦਾ ਹੱਥ ਨਹੀਂ ਹੈ ਤਾਂ ਉਹ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਘਬਰਾਹ ਕਿਉਂ ਰਹੇ ਹਨ? ਜੇ ਸ਼ਰਾਬ ਘੁਟਾਲਾ ਹੋਇਆ ਹੀ ਨਹੀਂ ਤਾਂ ਸ਼ਰਾਬ ਨੀਤੀ ਵਿੱਚ ਬਦਲਾ ਕਿਉਂ ਕੀਤਾ ਗਿਆ ,ਨਵੀਂ ਨੀਤੀ ਨੂੰ ਲਾਗੂ ਕਿਉਂ ਨਹੀਂ ਰੱਖਿਆ ਗਿਆ? ਜੇ ਘੁਟਾਲਾ ਹੋਇਆ ਹੀ ਨਹੀਂ ਤਾਂ ਮਾਨਯੋਗ ਅਦਾਲਤ ਨੇ ਅੱਜ ਤੱਕ ਆਮ ਆਦਮੀ ਪਾਰਟੀ ਦੇ ਕੱਟੜ ਇਮਾਨਦਾਰ ਨੇਤਾਵਾਂ ਨੂੰ ਰਾਹਤ ਕਿਉਂ ਨਹੀਂ ਦਿੱਤੀ?

ਤਰੁਣ ਚੁੱਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਤੇ ਖਰੀਦੋ ਫਰੋਖਤ ਦਾ ਝੂਠਾ ਆਰੋਪ ਲਾਇਆ ਸੀ ਲੇਕਿਨ ਹੁਣ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ। ਝੂਠੇ ਦੋਸ਼ ਲਾਉਣਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਚਰਿੱਤਰ ਬਣ ਚੁੱਕਾ ਹੈ। ਲਾਲੂ ਯਾਦਵ ਵਰਗੇ ਅਤੇ ਹੋਰ ਭ੍ਰਿਸ਼ਟ ਨੇਤਾਵਾਂ ਦੇ ਸਾਥੀ ਅਰਵਿੰਦ ਕੇਜਰੀਵਾਲ ਨੇ ਸਿੱਧ ਕਰ ਦਿੱਤਾ ਹੈ ਕਿ ਉਹਨਾਂ ਦੀ ਸੰਵਿਧਾਨ ਦੇ ਪ੍ਰਤੀ ਕੋਈ ਆਸਥਾ ਨਹੀਂ ਹੈ।

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹਰ ਪਾਸੇ ਭ੍ਰਿਸ਼ਟਾਚਾਰ , ਮਾਫੀਆ ਅਤੇ ਅਪਰਾਧੀਆਂ ਦਾ ਗਰਾਫ ਚਰਮ ਸੀਮਾ ਤੇ ਪੁੱਜ ਚੁੱਕਾ ਹੈ। ਅੱਜ ਪੰਜਾਬ ਦੀ ਜਨਤਾ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਖੁਦ ਨੂੰ ਠੱਗਿਆ ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਪੰਜਾਬ ਵਿੱਚ ਲੋਕ ਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ,ਭਗਵੰਤ ਮਾਨ ਸਰਕਾਰ ਦੀਆਂ ਕਮਜ਼ੋਰੀਆਂ ਅਤੇ ਗਲਤ ਨੀਤੀਆਂ ਨੂੰ ਉਜਾਗਰ ਕਰਨ ਵਾਲੇ ਲੋਕਾਂ ਅਤੇ ਮੀਡੀਆ ਤੇ ਸਰਕਾਰ ਦੁਆਰਾ ਜ਼ੁਲਮ ,ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ।ਜਨਤਾ ਹੁਣ ਚੋਣਾਂ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਜਾ ਸਕੇ,ਸਬਕ ਸਿਖਾਇਆ ਜਾ ਸਕੇ ।ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਚੋਰ ਮਚਾਏ ਸ਼ੋਰ ਵਾਲੀ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ ਹੈ ।

×