ਮੀਟਿੰਗ ਵਿੱਚ ਬਾਬਾ ਸੇਵਾ ਸਿੰਘ ,ਕਿਸਾਨ ਆਗੂ ਡਾ. ਦਰਸ਼ਨਪਾਲ ,ਕੌਮੀ ਇਨਸਾਫ ਮੋਰਚੇ ਵੱਲੋਂ ਭਾਈ ਗੁਰਦੀਪ ਸਿੰਘ ਬਠਿੰਡਾ , ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮਨਜੀਤ ਸਿੰਘ ਰਾਏ , ਜੰਗਵੀਰ ਸਿੰਘ ਚੌਹਾਨ, ਹਰਪਾਲ ਸਿੰਘ ਸੰਘਾ , ਰਣਜੀਤ ਸਿੰਘ , ਰਾਜ ਗੁਰਵਿੰਦਰ ਸਿੰਘ ਬਟਾਲਾ , ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਸਾਬਕਾ ਉਪ ਚੇਅਰਮੈਨ ਪ੍ਰੋਫੈਸਰ ਬਾਬਾ ਸਿੰਘ, ਬਲਵਿੰਦਰ ਸਿੰਘ ਮੱਲੀ ਨੰਗਲ ਸਮੇਤ ਲਗਭਗ 20 ਆਗੂ ਸ਼ਾਮਿਲ ਸਨ। ਮੀਟਿੰਗ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ 18 ਨਵੰਬਰ ਨੂੰ ਦਿੱਲੀ ਮਾਰਚ ਅਤੇ ਮੋਰਚੇ ਦੀ ਕਾਮਯਾਬੀ ਲਈ ਵਿਚਾਰਾਂ ਕੀਤੀਆਂ ਗਈਆਂ।

ਮੀਟਿੰਗ ਵਿੱਚ ਇਹ ਵੀ ਵਿਚਾਰ ਕੀਤੀ ਗਈ ਕਿ ਇਨਸਾਫ ਦੀ ਪ੍ਰਾਪਤੀ ਲਈ ਸੰਤ ਮਹਾਂਪੁਰਖ ,ਕਿਸਾਨ ਜਥੇਬੰਦੀਆਂ,ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ । ਇਹ ਵੀ ਵਿਚਾਰ ਕੀਤਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ, ਪੰਜਾਬ ਅਤੇ ਦੇਸ਼ ਭਰ ਵਿੱਚ ਕੁਚਲੇ ਜਾ ਰਹੇ ਮਨੁੱਖੀ ਅਧਿਕਾਰਾਂ ਅਤੇ ਕਿਸਾਨਾ ਅਤੇ ਘੱਟ ਗਿਣਤੀਆਂ ਵਿਰੁੱਧ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਸੁਹਿਰਦ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਡੀ ਏਕਤਾ ਹੀ ਸਾਡੀ ਜਿੱਤ ਦੀ ਗਰੰਟੀ ਹੈ । ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਜਾਵਾਂ ਪੂਰੀ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਉਣ ਲਈ ਸਰਕਾਰ ਵੱਲੋਂ ਪੂਰਨ ਤੌਰ ਤੇ ਨਾ ਪੱਖੀ ਅਪਣਾਈ ਜਾ ਰਹੀ ਨੀਤੀ ਦੀ ਸਖਤ ਆਲੋਚਨਾ ਕੀਤੀ। ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ, ਇਹਨਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਅਤੇ ਪ੍ਰੋਗਰਾਮਾਂ ਦੀ ਮੁਕੰਮਲ ਰੂਪ ਲੇਖਾ ਉਲੀਕਣ ਲਈ 17 ਅਕਤੂਬਰ ਨੂੰ ਲੁਧਿਆਣਾ ਵਿੱਚ ਸੰਤ ਮਹਾਂਪੁਰਖਾਂ ,ਕਿਸਾਨ ਜੱਥੇਬੰਦੀਆਂ, ਪੰਥਕ ਜੱਥੇਬੰਦੀਆਂ ,ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ, ਰਾਗੀ ਢਾਡੀ ਸਭਾਵਾਂ, ਗ੍ਰੰਥੀ ਸਭਾਵਾਂ ,ਦਿੱਲੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੀ ਅੰਮ੍ਰਿਤਸਰ ਸਾਹਿਬ) ਦੇ ਆਗੂਆਂ ਦੀ ਮੀਟਿੰਗ 17 ਅਕਤੂਬਰ ਨੂੰ ਲੁਧਿਆਣਾ ਗੁਰੂ ਨਾਨਕ ਦੇਵ ਭਵਨ ਵਿੱਚ ਰੱਖੀ ਗਈ ਹੈ । ਪੰਜਾਬ ਦੇ ਸੁਨਹਿਰੀ ਭਵਿੱਖ ਨੂੰ ਸਿਰਜਣ ਲਈ 29 ਨਵੰਬਰ ਨੂੰ ਸੰਤ ਮਹਾਂਪੁਰਖਾਂ, ਬੁੱਧੀਜੀਵੀਆਂ, ਪੰਥਕ ਆਗੂਆਂ, ਕਿਸਾਨ ਜੱਥੇਬੰਦੀਆਂ ਅਤੇ ਪੰਥ ਅਤੇ ਪੰਜਾਬ ਪ੍ਰਤੀ ਸੁਹਿਰਦ ਜਥੇਬੰਦੀਆਂ ਅਤੇ ਸਮਾਜ ਦੇ ਹਰ ਵਰਗ ਅਤੇ ਪੰਜਾਬ ਪ੍ਰਤੀ ਫਿਕਰਮੰਦ ਅਤੇ ਕੁਝ ਕਰਨ ਦੀ ਭਾਵਨਾ ਰੱਖਣ ਵਾਲੇ ਹਰ ਵਰਗ ਦੇ ਆਗੂਆਂ ਦੀ ਨੁਮਾਇੰਦਾ ਮੀਟਿੰਗ 29 ਨਵੰਬਰ ਨੂੰ ਰੱਖੀ ਗਈ ਹੈ। ਮੀਟਿੰਗ ਵਿੱਚ ਪੰਜਾਬ ਦੇ ਅੱਜ ਦੇ ਹਾਲਾਤਾਂ ਬਾਰੇ ਨਿਰਾਸ਼ਾ ਪ੍ਰਗਟ ਕੀਤੀ ਗਈ।

ਜਾਰੀ ਕਰਤਾ: ਗੁਰਦੀਪ ਸਿੰਘ ਬਠਿੰਡਾ,
98760-72000

×