ਸਿੰਗਲਾ: ਜਿਸ ਕਾਨੂੰਨ ਨੂੰ ਆਪ ਨੇ ਆਪਣੀ ਹੀ ਵਿਧਾਨ ਸਭਾ ਦੇ ਫ਼ਰਸ਼ ‘ਤੇ “ਗ਼ਰੀਬ-ਮਾਰੂ” ਕਿਹਾ, ਅੱਜ ਉਸੇ ਨੂੰ ਚੁੱਪ-ਚਾਪ ਗਲ਼ ਲਾ ਲਿਆ
ਕਾਂਗਰਸ ਦਾ ਸਵਾਲ: ਜਿਸ ਸਕੀਮ ਨੂੰ ਖ਼ੁਦ “ਸੰਘੀ ਢਾਂਚੇ ‘ਤੇ ਹਮਲਾ” ਦੱਸਿਆ ਸੀ, ਉਸੇ ਨੂੰ ਲਾਗੂ ਕਰਨ ਲਈ ਪੰਜਾਬ ਨੇ ₹1,331 ਕਰੋੜ ਕਿਉਂ ਕਬੂਲ ਕੀਤੇ?
ਚੰਡੀਗੜ੍ਹ, [27 ਜੂਨ, 2026] — ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆਪ ਸਰਕਾਰ ‘ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਜਿਸ ਸਰਕਾਰ ਨੇ ਵਿਧਾਨ ਸਭਾ ਦੇ ਫ਼ਲੋਰ’ਤੇ ਖੜ੍ਹ ਕੇ ਭਾਜਪਾ ਦੇ VB–G RAM G ਐਕਟ ਨਾਲ ਲੜਨ ਦੀ ਸਹੁੰ ਖਾਧੀ ਸੀ, ਅੱਜ ਉਸੇ ਨੇ ਚੁੱਪ-ਚਾਪ ਉਸੇ ਕਾਨੂੰਨ ਅੱਗੇ ਸਿਰ ਝੁਕਾ ਕੇ, ਪੇਂਡੂ ਰੋਜ਼ਗਾਰ ਗਾਰੰਟੀ ‘ਤੇ ਨਿਰਭਰ ਪੰਜਾਬ ਦੇ ਲੱਖਾਂ ਗ਼ਰੀਬਾਂ ਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ।
ਸਿੰਗਲਾ ਨੇ ਕਿਹਾ ਕਿ ਆਪ ਸਰਕਾਰ ਦਾ ਵਤੀਰਾ ਆਪ ਦੀ ਕਹਿਣੀ ਤੇ ਕਰਨੀ ਵਿਚਲੇ ਡੂੰਘੇ ਪਾੜੇ ਦੀ ਸਪੱਸ਼ਟ ਮਿਸਾਲ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਆਪ ਦੇ ਆਪਣੇ ਹੀ ਮੰਤਰੀਆਂ ਨੇ ਸਦਨ ਦੇ ਫ਼ਰਸ਼ ‘ਤੇ ਇਸ ਐਕਟ ਨੂੰ “ਗ਼ਰੀਬ-ਮਾਰੂ” ਕਿਹਾ ਸੀ, ਇਸ ਨੂੰ “ਗ਼ਰੀਬਾਂ ਦੇ ਮੂੰਹੋਂ ਰੋਟੀ ਖੋਹਣ ਵਾਲਾ” ਕਾਨੂੰਨ ਦੱਸਿਆ ਸੀ, ਅਤੇ ਇਸ ਨੂੰ “ਦੇਸ਼ ਦੇ ਸੰਘੀ ਢਾਂਚੇ ‘ਤੇ ਹਮਲਾ” ਆਖਿਆ ਸੀ। ਸਦਨ ਨੇ ਤਾਂ ਇੱਥੋਂ ਤੱਕ ਜਾ ਕੇ ਇੱਕ ਮਤਾ ਪਾਸ ਕੀਤਾ ਸੀ ਕਿ ਮਨਰੇਗਾ ਨੂੰ ਉਸ ਦੇ ਅਸਲੀ ਰੂਪ – ਹੱਕ ਆਧਾਰਿਤ, ਮੰਗ ਅਨੁਸਾਰ ਅਤੇ ਪੂਰੀ ਤਰ੍ਹਾਂ ਕੇਂਦਰ ਵੱਲੋਂ ਫ਼ੰਡ ਕੀਤੇ ਜਾਣ ਵਾਲੇ ਰੂਪ ਵਿੱਚ ਬਹਾਲ ਕੀਤਾ ਜਾਵੇ।
“ਪਰ ਹੁਣ ਪਤਾ ਲੱਗਾ ਕਿ ਇਹ ਸਭ ਸਿਰਫ਼ ਕੈਮਰਿਆਂ ਸਾਮਣੇ ਹੋਇਆ ਡਰਾਮਾ ਸੀ। ਅਸਲੀਅਤ ਇਹ ਹੈ ਕਿ ਇਸ ਸਰਕਾਰ ਨੇ ਪੂਰੀ ਤਰ੍ਹਾਂ ਤੇ ਚੁੱਪ-ਚਾਪ ਸਮਰਪਣ ਕਰ ਦਿੱਤਾ ਹੈ,” ਸਿੰਗਲਾ ਨੇ ਕਿਹਾ। ਉਨ੍ਹਾਂ ਦੱਸਿਆ ਕਿ ਜਿੱਥੇ 1 ਜੁਲਾਈ ਤੋਂ VB–G RAM G ਪੰਜਾਬ ਵਿੱਚੋਂ ਮਨਰੇਗਾ ਨੂੰ ਖ਼ਤਮ ਕਰਨ ਜਾ ਰਿਹਾ ਹੈ, ਉੱਥੇ ਇਸੇ ਆਪ ਸਰਕਾਰ ਨੇ ਨਵੀਂ ਸਕੀਮ ਲਈ ਬਜਟ ਵਿੱਚ ਪ੍ਰਬੰਧ ਕਰ ਲਏ, ਜਿਸ ਕੇਂਦਰ ਨੂੰ ਇਹ “ਗ਼ਰੀਬ-ਵਿਰੋਧੀ ਸਾਜ਼ਿਸ਼ਕਰਤਾ” ਦੱਸਦੀ ਸੀ ਉਸੇ ਤੋਂ ₹1,331.61 ਕਰੋੜ ਦੀ ਟ੍ਰਾਂਜ਼ੀਸ਼ਨ ਰਾਸ਼ੀ ਕਬੂਲ ਕਰ ਲਈ, ਅਤੇ ਕੇਂਦਰ ਦੀ ਪੂਰੀ ਯੋਜਨਾ ਨਾਲ ਕਦਮ ਮਿਲਾ ਲਏ – ਉਹ ਵੀ ਉਹਨਾਂ ਮੰਗਾਂ ਵਿੱਚੋਂ ਇੱਕ ਵੀ ਮਨਵਾਏ ਬਿਨਾਂ, ਜਿਨ੍ਹਾਂ ਲਈ ਇਹ ਵਿਧਾਨ ਸਭਾ ਵਿੱਚ ਗੱਜਦੀ ਰਹੀ ਸੀ।
ਸਿੰਗਲਾ ਨੇ ਕਿਹਾ ਕਿ ਜਿਹੜਾ ਮਤਾ ਆਪ ਨੇ ਅਖ਼ਬਾਰੀ ਸੁਰਖ਼ੀਆਂ ਲਈ ਪੜ੍ਹਿਆ ਸੀ, ਅੱਜ ਉਹ ਸਰਕਾਰੀ ਫਾਈਲਾਂ ਵਿੱਚ ਘੱਟਾ ਫੱਕ ਰਿਹਾ ਹੈ, ਜਦਕਿ ਸਮਰਪਣ ਜਨਤਾ ਦੀਆਂ ਨਜ਼ਰਾਂ ਤੋਂ ਦੂਰ, ਪਰਦੇ ਪਿੱਛੇ ਕਰ ਦਿੱਤਾ ਗਿਆ। “ਜੇ ਇਹ ਕਾਨੂੰਨ ਸੱਚਮੁੱਚ ‘ਗ਼ਰੀਬ-ਮਾਰੂ’ ਤੇ ‘ਪੰਜਾਬ ‘ਤੇ ਹਮਲਾ’ ਸੀ, ਜਿਵੇਂ ਆਪ ਦੇ ਆਪਣੇ ਮੰਤਰੀ ਰਿਕਾਰਡ ‘ਤੇ ਆਖਦੇ ਰਹੇ, ਤਾਂ ਇਸ ਸਰਕਾਰ ਨੇ ਆਪਣੀ ਹੀ ਵਿਧਾਨ ਸਭਾ ਦੀਆਂ ਮੰਗਾਂ ਕੇਂਦਰ ਤੋਂ ਮਨਵਾਉਣ ਦੀ ਥਾਂ, ਬੇਵਸ ਹੋ ਕੇ ਇਸ ਨੂੰ ਕਬੂਲ ਕਿਉਂ ਕਰ ਲਿਆ? ਪੰਜਾਬ ਜਵਾਬ ਮੰਗਦਾ ਹੈ,” ਉਨ੍ਹਾਂ ਮੰਗ ਕੀਤੀ।
ਸਿੰਗਲਾ ਨੇ ਕਿਹਾ ਕਿ ਆਪ ਕੋਲ ਇਸ਼ਤਿਹਾਰਾਂ, ਸੋਸ਼ਲ ਮੀਡੀਆ ਤੇ ਆਪਣੇ ਪ੍ਰਚਾਰ ਲਈ ਤਾਂ ਬੇਹਿਸਾਬ ਵਕਤ ਤੇ ਖੁੱਲ੍ਹਾ ਖ਼ਜ਼ਾਨਾ ਹੈ, ਪਰ ਪੰਜਾਬ ਦੇ ਮਜ਼ਦੂਰਾਂ ਦੀ ਰਾਖੀ ਲਈ ਕੇਂਦਰ ਨਾਲ ਡਟ ਕੇ ਖੜ੍ਹਨ ਦੀ ਨਾ ਨੀਅਤ ਹੈ ਤੇ ਨਾ ਹਿੰਮਤ। “ਜਦੋਂ ਅਸਲੀ ਪਰਖ ਦੀ ਘੜੀ ਆਈ, ਤਾਂ ਆਪ ਨੇ ਲੜਾਈ ਦੀ ਥਾਂ ਪਿਛਲੀ ਬਾਰੀਓਂ ਗ਼ੁਲਾਮੀ ਚੁਣ ਲਈ। ਇਸ ਨੇ ਪੰਜਾਬ ਦੇ ਗ਼ਰੀਬਾਂ ਦੀ ਰੋਜ਼ੀ-ਰੋਟੀ ਨਾਲੋਂ ਭਾਜਪਾ ਦੀ ਜੀ-ਹਜ਼ੂਰੀ ਨੂੰ ਉੱਪਰ ਰੱਖਿਆ,” ਉਨ੍ਹਾਂ ਕਿਹਾ।
ਅੰਤ ਵਿੱਚ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਅਜਿਹੀ ਸਰਕਾਰ ਦਾ ਹੋਇਆ ਸੀ ਜੋ ਸੂਬੇ ਦੇ ਹੱਕਾਂ ਲਈ ਬਿਨਾਂ ਸਮਝੌਤਾ ਡਟ ਕੇ ਲੜੇਗੀ, ਪਰ ਮਿਲੀ ਉਹ ਸਰਕਾਰ ਜੋ ਦਿੱਲੀ ਅੱਗੇ ਹੱਥ ਬੰਨ੍ਹ ਕੇ ਖੜ੍ਹੀ ਹੈ। ਉਨ੍ਹਾਂ ਦੋ-ਟੁੱਕ ਕਿਹਾ ਕਿ ਕਾਂਗਰਸ ਪੰਜਾਬ ਦੇ ਮਜ਼ਦੂਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਇਸ ਧੋਖੇ ਨੂੰ ਚੁੱਪ-ਚਾਪ ਦੱਬਣ ਨਹੀਂ ਦੇਵੇਗੀ।
ਜਾਰੀ ਕਰਤਾ
ਵਿਜੈ ਇੰਦਰ ਸਿੰਗਲਾ
ਮੈਂਬਰ, ਕਾਂਗਰਸ ਵਰਕਿੰਗ ਕਮੇਟੀ
ਸਾਬਕਾ ਕੈਬਨਿਟ ਮੰਤਰੀ, ਪੰਜਾਬ
