ਚੰਡੀਗੜ੍ਹ ਪ੍ਰਸ਼ਾਸਨ ਦੇ ਸਿਵਲ ਡਿਫੈਂਸ ਵਲੰਟੀਅਰਾਂ ਲਈ ਆਪਦਾ ਤਿਆਰੀ ਅਤੇ ਪ੍ਰਤੀਕਿਰਿਆ ਵਿਸ਼ੇ ‘ਤੇ ਆਯੋਜਿਤ ਪੰਜ ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ 16 ਅਕਤੂਬਰ 2026 ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ ) ਵਿਖੇ ਸੰਪੰਨ ਹੋਇਆ। ਦੋ ਬੈਚਾਂ ਵਿੱਚ ਲਗਭਗ 140 ਵਲੰਟੀਅਰਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ।
ਇਹ ਪ੍ਰੋਗਰਾਮ ਚੰਡੀਗੜ੍ਹ ਆਪਦਾ ਪ੍ਰਬੰਧਨ ਅਥਾਰਿਟੀ (ਸੀਡੀਐੱਮਏ), ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਪੰਜਾਬ ਸਰਕਾਰ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਪਹਿਲੇ ਬੈਚ ਦੀ ਟ੍ਰੇਨਿੰਗ 5 ਤੋਂ 9 ਅਕਤੂਬਰ ਅਤੇ ਦੂਸਰੇ ਬੈਚ ਦੀ ਟ੍ਰੇਨਿੰਗ 12 ਤੋਂ 16 ਅਕਤੂਬਰ 2026 ਤੱਕ ਆਯੋਜਿਤ ਕੀਤੀ ਗਈ।
ਟ੍ਰੇਨਿੰਗ ਦਾ ਉਦੇਸ਼ ਵਲੰਟੀਅਰਾਂ ਦੇ ਗਿਆਨ, ਵਿਵਹਾਰਿਕ ਕੌਸ਼ਲ ਅਤੇ ਆਤਮਵਿਸ਼ਵਾਸ ਨੂੰ ਵਧਾਉਣਾ ਸੀ, ਤਾਕਿ ਉਹ ਭਾਈਚਾਰੇ ਨੂੰ ਆਫ਼ਤਾਂ ਲਈ ਤਿਆਰ ਕਰਨ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਪ੍ਰਭਾਵੀ ਭੂਮਿਕਾ ਨਿਭਾ ਸਕਣ। ਟ੍ਰੇਨਿੰਗ ਸੈਸ਼ਨਾਂ ਵਿੱਚ ਆਫ਼ਤ ਜੋਖਮਾਂ ਪ੍ਰਤੀ ਜਾਗਰੂਕਤਾ, ਸਿਵਲ ਡਿਫੈਂਸ ਸਬੰਧੀ ਜ਼ਿੰਮੇਵਾਰੀਆਂ, ਖੋਜ ਅਤੇ ਬਚਾਅ, ਅੱਗ ਸੁਰੱਖਿਆ, ਮੁੱਢਲੀ ਸਹਾਇਤਾ ਅਤੇ ਜੀਵਨ ਰੱਖਿਅਕ ਕੌਸ਼ਲ, ਭੀੜ ਪ੍ਰਬੰਧਨ ਅਤੇ ਐਮਰਜੈਂਸੀ ਤਾਲਮੇਲ ਜਿਹੇ ਵਿਸ਼ੇ ਸ਼ਾਮਲ ਰਹੇ। ਕਲਾਸਰੂਮ ਸੈਸ਼ਨ, ਵਿਵਹਾਰਿਕ ਪ੍ਰਦਰਸ਼ਨ, ਅਭਿਆਸ ਅਤੇ ਫੀਲਡ ਐਕਸਪੋਜ਼ਰ ਦੇ ਜ਼ਰੀਏ ਸਿੱਖੀਆਂ ਗੱਲਾਂ ਨੂੰ ਵਿਵਹਾਰ ਵਿੱਚ ਲਾਗੂ ਕਰਨ ‘ਤੇ ਜ਼ੋਰ ਦਿੱਤਾ ਗਿਆ।
ਸਮਾਪਨ ਸੈਸ਼ਨ ਵਿੱਚ ਸੀਡੀਐੱਮਏ ਦੇ ਸ਼੍ਰੀ ਸੰਜੀਵ ਕੋਹਲੀ ਨੇ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ) ਦੇ ਆਪਦਾ ਪ੍ਰਬੰਧਨ ਕੇਂਦਰ ਦੇ ਪ੍ਰਮੁੱਖ ਕਰਨਲ ਅਤੁਲ ਪਾਂਡੇ ਨੇ ਸਮਾਪਨ ਸੰਬੋਧਨ ਦਿੱਤਾ। ਵਲੰਟੀਅਰਾਂ ਨੂੰ ਆਪਣੇ ਕੌਸ਼ਲ ਦਾ ਨਿਯਮਿਤ ਅਭਿਆਸ ਕਰਨ, ਭਾਈਚਾਰਿਆਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਆਪਣੀਆਂ ਸਿਵਲ ਡਿਫੈਂਸ ਟੀਮਾਂ ਨਾਲ ਸਰਗਰਮੀ ਨਾਲ ਜੁੜੇ ਰਹਿਣ ਲਈ ਪ੍ਰੋਤਸਾਹਿਤ ਕੀਤਾ ਗਿਆ।
ਦੂਸਰੇ ਬੈਚ ਦੀ ਟ੍ਰੇਨਿੰਗ ਦਾ ਤਾਲਮੇਲ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ) ਦੇ ਆਪਦਾ ਪ੍ਰਬੰਧਨ ਕੇਂਦਰ ਦੇ ਸਲਾਹਕਾਰ ਸੁਸ਼੍ਰੀ ਸ਼ਰੁਤੀ ਅਗਰਵਾਲ ਨੇ ਕੀਤਾ।
ਇਹ ਪ੍ਰੋਗਰਾਮ ਟ੍ਰੇਂਡ ਅਤੇ ਜ਼ਿੰਮੇਵਾਰ ਵਲੰਟੀਅਰਾਂ ਦੇ ਨੈੱਟਵਰਕ ਦੇ ਜ਼ਰੀਏ ਭਾਈਚਾਰਕ ਪੱਧਰ ‘ਤੇ ਆਪਦਾ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਸੀਡੀਐੱਮਏ, ਚੰਡੀਗੜ੍ਹ ਪ੍ਰਸ਼ਾਸਨ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ) ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।


