ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ‘ਖੇਡ ਸਾਹਿਤ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ।

ਸਭ ਤੋਂ ਪਹਿਲਾਂ ਉੱਘੇ ਖੇਡ ਲੇਖਕ ਨਵਦੀਪ ਗਿੱਲ ਨੇ ਹਾਜ਼ਰ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਇਸ ਉਪਰੰਤ ਪਹਿਲੇ ਬੁਲਾਰੇ ਵਜੋਂ ਸੁਨਾਮ ਤੋਂ ਆਏ ਨੌਜਵਾਨ ਖੇਡ ਲੇਖਕ ਮਨਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਖੇਡਾਂ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਹਨ। ਖੇਡਾਂ ਸਾਨੂੰ ਸਹਿਯੋਗ ਅਤੇ ਰਲ਼-ਮਿਲ ਕੇ ਰਹਿਣਾ ਸਿਖਾਉਂਦੀਆਂ ਹਨ। ਇਹ ਖੇਡ ਲੇਖਕ ਹੀ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਾਚੀਨ ਖੇਡਾਂ ਨਾਲ ਸਬੰਧਤ ਤੱਥ ਖੋਜੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਬੰਧਿਤ ਕਿਤਾਬਾਂ ਹੀ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ।

ਇਸ ਤੋਂ ਬਾਅਦ ਉੱਘੇ ਖੇਡ ਲੇਖਕ ਅਤੇ ਖੇਡ ਸਾਹਿਤ ਵਿੱਚ ਪਹਿਲੀ ਪੀਐੱਚ.ਡੀ. ਕਰਨ ਵਾਲੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡ ਸਾਹਿਤ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਖੇਡ ਸਾਹਿਤ ਨੇ ਖੇਡਾਂ ਅਤੇ ਖਿਡਾਰੀਆਂ ਦਾ ਇਤਿਹਾਸ ਸੰਭਾਲ ਕੇ ਰੱਖਣਾ ਹੁੰਦਾ ਹੈ। ਉਨ੍ਹਾਂ ਨੇ ਖੇਡਾਂ ਨਾਲ ਸਬੰਧਿਤ ਵੱਖ-ਵੱਖ ਧਰਮ-ਮੱਤਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖੇਡ ਸਾਹਿਤ ਕੋਰੀ ਕਲਪਨਾ ਨਹੀਂ ਹੁੰਦਾ। ਲੇਖਕ ਨੂੰ ਤੱਥਾਂ ਦੇ ਆਧਾਰ ’ਤੇ ਦਿਲਚਸਪ ਸ਼ੈਲੀ ਵਿੱਚ ਲਿਖਣਾ ਹੁੰਦਾ ਹੈ ਅਤੇ ਖਿਡਾਰੀ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਹੁੰਦਾ ਹੈ।

ਅਗਲੇ ਬੁਲਾਰੇ ਵਜੋਂ ਉੱਘੇ ਖੇਡ ਲੇਖਕ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਗਿੱਲ ਨੇ ਵਿਚਾਰ ਰੱਖਦਿਆਂ ਕਿਹਾ ਕਿ ਖੇਡਾਂ ਸਾਡੇ ਸੁਭਾਅ ਅਤੇ ਰਹਿਣੀ-ਬਹਿਣੀ ਵਿੱਚ ਸ਼ਾਮਲ ਹਨ। ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨੇਬਾਜ਼ੀ ਆਦਿ ਖੇਡਾਂ ਸਾਡੇ ਵਿਰਸੇ ਦਾ ਹਿੱਸਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਪਤਾ ਸਾਨੂੰ ਪੁਰਾਤਨ ਲਿਖਤਾਂ ਤੋਂ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਡ ਲੇਖਕ ਦਾ ਫ਼ਰਜ਼ ਜਿੱਤੇ ਹੋਏ ਨੂੰ ਸੰਭਾਲਣਾ ਅਤੇ ਹਾਰੇ ਹੋਏ ਨੂੰ ਉਤਸ਼ਾਹਿਤ ਕਰਕੇ ਅਗਲੇ ਮੁਕਾਬਲੇ ਲਈ ਤਿਆਰ ਕਰਨਾ ਵੀ ਹੁੰਦਾ ਹੈ।

ਇਸ ਮੌਕੇ ਮੁੱਖ ਮਹਿਮਾਨ ਓਲੰਪਿਕ ਗੋਲਡ ਮੈਡਲਿਸਟ, ਦਰੋਣਾਚਾਰਿਆ ਅਤੇ ਅਰਜੁਨਾ ਅਵਾਰਡੀ ਰਾਜਿੰਦਰ ਸਿੰਘ ਸੀਨੀਅਰ ਨੇ ਕਿਹਾ ਕਿ ਖੇਡ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ, ਤਾਂ ਹੀ ਸਾਡੇ ਮੈਡਲ ਆਉਣਗੇ। ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਖੇਡ ਸਾਹਿਤ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਹ ਖੇਡਾਂ ਦੀਆਂ ਊਣਤਾਈਆਂ ਬਾਰੇ ਕਿਸੇ ਵੀ ਰੂਪ ਵਿੱਚ ਲਿਖ ਕੇ ਸਾਨੂੰ ਅਗਾਹ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਕਈ ਸਾਲਾਂ ਦੀ ਮਿਹਨਤ ਨਾਲ ਤਿਆਰ ਹੁੰਦਾ ਹੈ ਅਤੇ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਂਦਾ ਹੈ। ਲਿਖਤਾਂ ਵਿੱਚ ਇਨ੍ਹਾਂ ਖਿਡਾਰੀਆਂ ਦੀ ਮਿਹਨਤ ਅਤੇ ਸੰਘਰਸ਼ ਦਾ ਵੀ ਵੱਡਾ ਜ਼ਿਕਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਧਾਨਗੀ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਅੰਤ ਵਿੱਚ ਉੱਘੇ ਪੱਤਰਕਾਰ ਅਤੇ ਲੇਖਕ ਸਰਬਜੀਤ ਸਿੰਘ ਧਾਲੀਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖੇਡ ਸਾਹਿਤ ਦੇ ਸੰਸਾਰ ਨਾਲ ਸਬੰਧਿਤ ਕਈ ਅਣਛੋਹੇ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਓਲੰਪਿਕ ਦੇ ਸ਼ੁਰੂਆਤੀ ਦੌਰ ਵਿੱਚ ਸਾਹਿਤ ਵੀ ਇਸ ਵੱਡ-ਆਕਾਰੀ ਖੇਡ ਮੇਲੇ ਦਾ ਹਿੱਸਾ ਹੁੰਦਾ ਸੀ ਅਤੇ ਬਕਾਇਦਾ ਸਾਹਿਤ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਉਨ੍ਹਾਂ ਉੱਘੇ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀਆਂ ਖੇਡਾਂ ਬਾਰੇ ਲਿਖੀਆਂ ਕਵਿਤਾਵਾਂ ਵੀ ਸੁਣਾਈਆਂ ਅਤੇ ਵਿਸ਼ਵ ਸਾਹਿਤ ਵਿੱਚ ਖੇਡਾਂ ਬਾਰੇ ਲਿਖੀਆਂ ਕੁਝ ਕਵਿਤਾਵਾਂ ਦੇ ਅਨੁਵਾਦ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਨ੍ਹਾਂ ਕਈ ਪੰਜਾਬੀ ਦੇ ਭੁੱਲੇ-ਵਿਸਰੇ ਲੇਖਕਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਖੇਡਾਂ ਬਾਰੇ ਲਿਖਿਆ। ਉਨ੍ਹਾਂ ਉੱਘੇ ਖੇਡ ਲੇਖਕ ਸਰਵਨ ਸਿੰਘ ਦੀ ਉੱਤਮ ਲੇਖਨ-ਸ਼ੈਲੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਖੇਡ ਲੇਖਨ ਵਿੱਚ ਜੀਵਨੀਆਂ ਅਤੇ ਸਵੈ-ਜੀਵਨੀਆਂ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਖੇਡ ਸਾਹਿਤ ਬਾਰੇ ਕਈ ਕੋਣਾਂ ਤੋਂ ਵਿਚਾਰ ਸਾਂਝੇ ਕੀਤੇ।

ਮੰਚ ਸੰਚਾਲਨ ਸ਼ਾਇਰ, ਵਾਰਤਕਕਾਰ, ਅਨੁਵਾਦਕ ਅਤੇ ਇਸ ਸਮਾਗਮ ਦੇ ਕੋਆਰਡੀਨੇਟਰ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿੱਚ ਸ਼ਾਇਰ ਸੁਰਿੰਦਰ ਗਿੱਲ, ਪੱਤਰਕਾਰ ਸ਼੍ਰੀ ਕੇ. ਪੀ., ਚਰਨਜੀਤ ਬਾਠ, ਚੰਡੀਗੜ੍ਹ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਵਰਿੰਦਰ ਸਿੰਘ, ਅਵਤਾਰ ਸਿੰਘ ਪਤੰਗ, ਪਵਨਦੀਪ, ਰਾਜਪਾਲ ਸਿੰਘ, ਸਰਬਜੀਤ ਸਿੰਘ ਪੱਡਾ ਆਦਿ ਨੇ ਸ਼ਿਰਕਤ ਕੀਤੀ।