“ਕਨੈਕਟਿੰਗ ਹੈਬਿਟੈਟਸ, ਥ੍ਰਾਇਵਿੰਗ ਵਾਇਲਡਲਾਇਫ” – ਵਣਜੀਵ ਸੰਭਾਲ਼ ਲਈ ਚੰਡੀਗੜ੍ਹ ਨੇ ਵਧਾਏ ਸਮੂਹਿਕ ਕਦਮ

ਉਦਘਾਟਨੀ ਸਮਾਰੋਹ ਦੇ ਦੌਰਾਨ ਯੂ.ਟੀ. ਚੰਡੀਗੜ੍ਹ ਦੀ ਵਣਜੀਵ ਸਰਵੇਖਣ ਰਿਪੋਰਟ ਜਾਰੀ

ਵਣਜੀਵ ਸੰਭਾਲ਼ ਵਿੱਚ ਜ਼ਿਕਰਯੋਗ ਯੋਗਦਾਨ ਦੇਣ ਵਾਲੀਆਂ ਹਸਤੀਆਂ ਨੂੰ ਕੀਤਾ ਗਿਆ ਸਨਮਾਨਿਤ

ਹਫ਼ਤਾ ਭਰ ਚਲਣ ਵਾਲੇ ਪ੍ਰੋਗਰਾਮ ਵਿੱਚ ਬਟਰਫਲਾਈ ਵਾਕ, ਬਰਡ ਵਾਚਿੰਗ, ਮੁਕਾਬਲੇ, ਨੁੱਕੜ ਨਾਟਕ ਅਤੇ ਜਾਗਰੂਕਤਾ ਕੈਂਪ ਹੋਣਗੇ ਆਯੋਜਿਤ

ਚੰਡੀਗੜ੍ਹ ਦੇ ਵਣਜੀਵ ਸਪਤਾਹ ਸਮਾਰੋਹ ਵਿੱਚ ਕੇਂਦਰ ਕੁਦਰਤੀ ਆਵਾਸਾਂ ਦੀ ਸੰਭਾਲ਼, ਵਾਤਾਵਰਣਕ ਸੰਪਰਕ ਅਤੇ ਜਨਤਕ ਭਾਗੀਦਾਰੀ ‘ਤੇ ਵਿਸ਼ੇਸ਼ ਧਿਆਨ

ਵਣ ਅਤੇ ਵਣਜੀਵ ਵਿਭਾਗ,ਯੂ.ਟੀ. ਚੰਡੀਗੜ੍ਹ ਦੁਆਰਾ ਹਫ਼ਤਾ ਭਰ ਚਲਣ ਵਾਲੇ ‘ਵਾਇਲਡਲਾਇਫ ਵੀਕ 2026’ ਸਮਾਰੋਹ ਦੀ ਸ਼ੁਰੂਆਤ “ਕਨੈਕਟਿੰਗ ਹੈਬਿਟੈਟਸ, ਥ੍ਰਾਇਵਿੰਗ ਵਾਇਲਡਲਾਇਫ” ਵਿਸ਼ੇ ‘ਤੇ ਆਯੋਜਿਤ ‘ਵਾਕਾਥੌਨ’ ਨਾਲ ਕੀਤੀ ਗਈ। ਇਸ ਅਵਸਰ ‘ਤੇ ਕੁਦਰਤੀ ਆਵਾਸਾਂ ਦੀ ਸੰਭਾਲ਼, ਵਾਤਾਵਰਣਕ ਸੰਪਰਕ ਬਣਾਈ ਰੱਖਣ ਅਤੇ ਵਣਜੀਵ ਸੰਭਾਲ਼ ਵਿੱਚ ਜਨਭਾਗੀਦਾਰੀ ਵਧਾਉਣ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਇਸ ਵਾਕਾਥੌਨ ਦੀ ਸ਼ੁਰੂਆਤ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਤੋਂ ਹੋਈ ਅਤੇ ਇਹ ਖੂਬਸੂਰਤ ‘ਲੇਕ ਰਿਜ਼ਰਵ ਫੋਰੈਸਟ’ ਤੋਂ ਹੁੰਦੇ ਹੋਏ ਚੰਡੀਗੜ੍ਹ ਬਰਡ ਪਾਰਕ ਦੇ ਨੇੜੇ ਸੰਪੰਨ ਹੋਈ। ਇਸ ਸਮਾਗਮ ਵਿੱਚ ਸੈਂਕੜੇ ਐੱਨਐੱਸਐੱਸ ਵਲੰਟੀਅਰਾਂ, ਵਿਦਿਆਰਥੀਆਂ, ਕੁਦਰਤ ਪ੍ਰੇਮੀਆਂ, ਗ਼ੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ, ਸਿਵਲ ਸੋਸਾਇਟੀ ਦੇ ਮੈਂਬਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬੜੀ ਸੰਖਿਆ ਵਿੱਚ ਹੋਈ ਭਾਗੀਦਾਰੀ ਨੇ ਚੰਡੀਗੜ੍ਹ ਦੀ ਸਮ੍ਰਿੱਧ ਕੁਦਰਤੀ ਵਿਰਾਸਤ ਅਤੇ ਵਣਜੀਵਾਂ ਦੀ ਸੰਭਾਲ਼ ਪ੍ਰਤੀ ਸਮੁਦਾਇ ਦੀ ਵਧਦੀ ਰੁਚੀ ਅਤੇ ਸਮੂਹਿਕ ਪ੍ਰਤੀਬੱਧਤਾ ਨੂੰ ਦਰਸਾਇਆ।

ਇਸ ਅਵਸਰ ‘ਤੇ ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਕਿਹਾ, “ਚੰਡੀਗੜ੍ਹ ਦੀ ਸਮ੍ਰਿੱਧ ਕੁਦਰਤੀ ਵਿਰਾਸਤ ਸਾਡੇ ਦੁਆਰਾ ਕੁਦਰਤੀ ਆਵਾਸਾਂ ਦੀ ਸੰਭਾਲ਼ ਅਤੇ ਵਾਤਾਵਰਣਕ ਸੰਤੁਲਨ ਬਣਾਈ ਰੱਖਣ ਦੇ ਨਿਰੰਤਰ ਪ੍ਰਯਾਸਾਂ ਦੇ ਕਾਰਨ ਵਧ-ਫੁੱਲ ਰਹੀ ਹੈ। ਸਾਡੇ ਕੁਦਰਤੀ ਗਲਿਆਰਿਆਂ ਨੂੰ ਆਪਸ ਵਿੱਚ ਜੋੜਨਾ ਅਤੇ ਸਮੁਦਾਇ ਦੀ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣਾ ਇਹ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ ਕਿ ਸਾਡਾ ਸ਼ਹਿਰੀ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਤੱਕ ਵਣਜੀਵਾਂ ਦੇ ਨਾਲ ਸੁਹਿਰਦਤਾ ਨਾਲ ਸਹਿਹੋਂਦ ਬਣਾਈ ਰੱਖੇ।”

ਉਦਘਾਟਨੀ ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ” ਸਰਵੇ ਰਿਪੋਰਟ ਆਵ੍ ਵਾਇਲਡਲਾਇਫ ਆਵ੍ ਯੂ.ਟੀ.ਚੰਡੀਗੜ੍ਹ” ਜਾਰੀ ਕਰਨਾ ਰਿਹਾ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੀਤੀ ਗਈ ਵਣਜੀਵ ਗਣਨਾ ਦੇ ਨਿਸ਼ਕਰਸ਼ ਪ੍ਰਸਤੁਤ ਕੀਤੇ ਗਏ ਹਨ। ਰਿਪੋਰਟ ਵਿੱਚ ਚੰਡੀਗੜ੍ਹ ਵਿੱਚ ਵਣਜੀਵਾਂ ਦੀ ਵਿਵਿਧਤਾ ਅਤੇ ਉਨ੍ਹਾਂ ਦੀ ਵੰਡ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਇਹ ਰਿਪੋਰਟ ਵਿਗਿਆਨਿਕ ਸੰਭਾਲ਼ ਯੋਜਨਾ, ਕੁਦਰਤੀ ਆਵਾਸ ਪ੍ਰਬੰਧਨ ਅਤੇ ਭਵਿੱਖ ਵਿੱਚ ਵਣਜੀਵਾਂ ਦੀ ਨਿਗਰਾਨੀ ਲਈ ਇੱਕ ਮਹੱਤਵਪੂਰਨ ਸੰਦਰਭ ਦੇ ਰੂਪ ਵਿੱਚ ਉਪਯੋਗੀ ਸਿੱਧ ਹੋਵੇਗੀ।

ਵਿਭਾਗ ਦੁਆਰਾ “ਪਹਲ” (PAHAL) ਨਾਮਕ ਮੈਗਜ਼ੀਨ ਵੀ ਜਾਰੀ ਕੀਤੀ ਗਈ, ਜੋ ਸਰਗਰਮ ਅਤੇ ਤੰਦਰੁਸਤ ਜੀਵਨਸ਼ੈਲੀ ‘ਤੇ ਕੇਂਦ੍ਰਿਤ ਹੈ ਅਤੇ ਤੰਦਰੁਸਤ ਜੀਵਨ, ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਟਿਕਾਊ ਜੀਵਨ ਪੱਧਤੀਆਂ ਨੂੰ ਹੁਲਾਰਾ ਦਿੰਦੀ ਹੈ। ਇਸ ਅਵਸਰ ‘ਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦਾ ਬੁਲੇਟਿਨ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਵਾਤਾਵਰਣ ਦੀ ਸੰਭਾਲ਼ ਅਤੇ ਪ੍ਰਦੂਸ਼ਣ ਕੰਟਰੋਲ ਦੇ ਖੇਤਰ ਵਿੱਚ ਕਮੇਟੀ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਅਤੇ ਗਤੀਵਿਧੀਆਂ ਦਾ ਵੇਰਵਾ ਦਿੱਤਾ ਗਿਆ ਹੈ।

ਵਿਭਾਗ ਨੇ ਵਣਜੀਵ ਸੰਭਾਲ਼ ਅਤੇ ਵਾਤਾਵਰਣ ਜਾਗਰੂਕਤਾ ਦੇ ਖੇਤਰ ਵਿੱਚ ਨਿਰੰਤਰ ਅਤੇ ਜ਼ਿਕਰਯੋਗ ਯੋਗਦਾਨ ਲਈ ਸੁਸ਼੍ਰੀ ਗੀਤਾਂਜਲੀ ਕੰਵਰ, ਸੀਨੀਅਰ ਕੋਆਰਡੀਨੇਟਰ, ਡਬਲਿਊਡਬਲਿਊਐੱਫ;
ਸ਼੍ਰੀ ਕੁਲਭੂਸ਼ਣ ਕੰਵਰ; ਅਤੇ ਸ਼੍ਰੀ ਵਿਕਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਵਣ ਅਤੇ ਵਣਜੀਵ ਵਿਭਾਗ ਦੁਆਰਾ ਹਫ਼ਤਾ ਭਰ ਵਿਦਿਆਰਥੀਆਂ, ਨਾਗਰਿਕਾਂ, ਕੁਦਰਤ ਪ੍ਰੇਮੀਆਂ ਅਤੇ ਹੋਰ ਹਿਤਧਾਰਕਾਂ ਨੂੰ ਵਣਜੀਵ ਸੰਭਾਲ਼ ਨਾਲ ਜੋੜਨ ਲਈ ਵਿਭਿੰਨ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚ ਬਟਰਫਲਾਈ ਪਾਰਕ ਵਿਖੇ ‘ਬਟਰਫਲਾਈ ਵਾਕ’, ਸਿਟੀ ਫੋਰੈਸਟ ਅਤੇ ਸੁਖਨਾ ਚੋਅ ਫੋਰੈਸਟ ਵਿੱਚ ਬਰਡ ਵਾਚਿੰਗ, ਬੋਟੈਨੀਕਲ ਗਾਰਡਨ ਵਿੱਚ ਪੇਂਟਿੰਗ, ਡ੍ਰਾਇੰਗ ਅਤੇ ਕੁਇਜ਼ ਮੁਕਾਬਲੇ, ਨੁੱਕੜ ਨਾਟਕ ਅਤੇ ਜਾਗਰੂਕਤਾ ਕੈਂਪਾਂ ਸਹਿਤ ਹੋਰ ਵਿੱਦਿਅਕ ਅਤੇ ਜਨ-
ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹਨ।

ਵਣਜੀਵ ਸਪਤਾਹ ਸਮਾਰੋਹ ਦਾ ਉਦੇਸ਼ ਚੰਡੀਗੜ੍ਹ ਦੇ ਵਿਵਿਧ ਵਣਜੀਵਾਂ ਅਤੇ ਵਾਤਾਵਰਣਕ ਤੰਤਰਾਂ ਪ੍ਰਤੀ ਵਿਆਪਕ ਜਾਗਰੂਕਤਾ ਪੈਦਾ ਕਰਨਾ ਅਤੇ ਨਾਗਰਿਕਾਂ ਨੂੰ ਇਨ੍ਹਾਂ ਦੀ ਸੁਰੱਖਿਆ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੋਤਸਾਹਿਤ ਕਰਨਾ ਹੈ। ਵਿਭਾਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਣਜੀਵਾਂ ਦੀ ਸੰਭਾਲ਼ ਉਨ੍ਹਾਂ ਦੇ ਕੁਦਰਤੀ ਆਵਾਸਾਂ ਦੀ ਸੰਭਾਲ਼ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ ਅਤੇ ਤੰਦਰੁਸਤ ਵਾਤਾਵਰਣਕ ਤੰਤਰ ਅਤੇ ਟਿਕਾਊ ਭਵਿੱਖ ਸੁਨਿਸ਼ਚਿਤ ਕਰਨ ਲਈ ਸਮੂਹਿਕ ਸਮੁਦਾਇਕ ਭਾਗੀਦਾਰੀ ਅਤਿਅੰਤ ਜ਼ਰੂਰੀ ਹੈ।

ਸਮਾਰੋਹ ਪੂਰੇ ਸਪਤਾਹ ਜਾਰੀ ਰਹੇਗਾ, ਜਿਸ ਵਿੱਚ ਵਿਭਿੰਨ ਵਿੱਦਿਅਕ, ਸੱਭਿਆਚਾਰਕ ਅਤੇ ਕੁਦਰਤ-ਅਧਾਰਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਲੋਕਾਂ ਅਤੇ ਕੁਦਰਤ ਦੇ ਦਰਮਿਆਨ ਸਬੰਧ ਨੂੰ ਹੋਰ ਮਜ਼ਬੂਤ ​​ਕਰਨਾ ਅਤੇ ਚੰਡੀਗੜ੍ਹ ਵਿੱਚ ਜ਼ਿੰਮੇਦਾਰ
ਵਾਤਾਵਰਣਕ ਸੰਭਾਲ਼ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਹੈ।

ਪ੍ਰੋਗਰਾਮ ਵਿੱਚ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ, ਜਦਕਿ ਸ਼੍ਰੀ ਕੇ.ਏ.ਪੀ. ਸਿਨਹਾ,ਮੁੱਖ ਸਕੱਤਰ, ਪੰਜਾਬ ਨੇ ਵਿਸ਼ੇਸ਼ ਮਹਿਮਾਨ ਅਤੇ ਸ਼੍ਰੀ ਮਨਦੀਪ ਸਿੰਘ ਬਰਾੜ, ਸਕੱਤਰ, ਵਣ ਨੇ
ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਸ਼੍ਰੀ ਦਿਪਰਵਾ ਲਾਕੜਾ, ਵਿੱਤ ਸਕੱਤਰ; ਸ਼੍ਰੀ ਸੌਰਭ ਕੁਮਾਰ, ਮੁੱਖ ਵਣਪਾਲ, ਯੂ.ਟੀ.
ਚੰਡੀਗੜ੍ਹ; ਸ਼੍ਰੀ ਅਮਿਤ ਕੁਮਾਰ, ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ; ਸ਼੍ਰੀ ਅਨੂਪ ਕੁਮਾਰ ਸੋਨੀ, ਵਣਪਾਲ ਅਤੇ ਮੁੱਖ ਵਣਜੀਵ ਵਾਰਡਨ,
ਯੂ.ਟੀ.ਚੰਡੀਗੜ੍ਹ; ਸ਼੍ਰੀ ਸਵਪਨਿਲ ਨਾਇਕ, ਸਕੱਤਰ ਪ੍ਰਸੋਨਲ; ਅਤੇ ਸ਼੍ਰੀ ਸਤਯੇਂਦਰ ਮੌਰਯ,ਡਿਪਟੀ ਕੰਜ਼ਰਵੇਟਰ, ਸਹਿਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ
ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।