ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਅੱਜ ਲਕਸ਼ਮੀ ਬਾਈ ਭਵਨ ਸੈਕਟਰ 38, ਚੰਡੀਗੜ੍ਹ ਵਿਖੇ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਦੀ ਅਗਵਾਈ ਵਿੱਚ ਸਾਹਿਤਕ ਸੰਵਾਦ ਲੜੀ ” “ਰੂਬਰੂ’” ਦੇ ਅੰਤਰਗਤ ਕੈਨੇਡਾ ਨਿਵਾਸੀ ਪ੍ਰਸਿੱਧ ਲੇਖਕ ਅਤੇ ਕਵੀ ਸੁਖਪਾਲ ਸਿੰਘ ਨਾਲ ਇੱਕ ਸਾਹਿਤਕ ਗੱਲਬਾਤ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਾਹਿਤ, ਭਾਸ਼ਾ, ਸੰਵੇਦਨਾ ਅਤੇ ਸਿਰਜਣਾਤਮਕਤਾ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਹੋਇਆ।

ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਲੇਖਕ ਸਰਦਾਰ ਗੁਰਦੇਵ ਚੌਹਾਨ ਨੇ ਕੀਤੀ। ਸਮਾਗਮ ਦਾ ਸੰਚਾਲਨ ਜਗਦੀਪ ਸਿੱਧੂ ਨੇ ਆਪਣੇ ਪ੍ਰਭਾਵਸ਼ਾਲੀ ਅਤੇ ਸਾਹਿਤਕ ਅੰਦਾਜ਼ ਵਿੱਚ ਕੀਤਾ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਡਾ. ਅਨੀਸ਼ ਗਰਗ ਨੇ ਸਵਾਗਤੀ ਭਾਸ਼ਨ ਪੇਸ਼ ਕਰਦਿਆਂ ਸੁਖਪਾਲ ਜੀ ਦੀ ਸਾਹਿਤਕ ਯਾਤਰਾ, ਉਨ੍ਹਾਂ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਅਤੇ ਕੈਨੇਡਾ ਦੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਡੂੰਘੇ ਲਗਾਅ ਦੀ ਭਰਪੂਰ ਸ਼ਲਾਘਾ ਕੀਤੀ।

ਡਾ. ਮਨਮੋਹਨ ਨੇ ਕਿਹਾ ਕਿ ਸਾਹਿਤਕਾਰ ਦੀ ਪਛਾਣ ਭੂਗੋਲਿਕ ਹੱਦਾਂ ਨਾਲ ਨਹੀਂ, ਸਗੋਂ ਉਸ ਦੀ ਕਲਮ ਦੀ ਸੰਵੇਦਨਸ਼ੀਲਤਾ, ਵਿਚਾਰਾਂ ਦੀ ਡੂੰਘਾਈ ਅਤੇ ਸਮਾਜ ਪ੍ਰਤੀ ਉਸ ਦੀ ਵਚਨਬੱਧਤਾ ਨਾਲ ਬਣਦੀ ਹੈ। ਸੁਖਪਾਲ ਸਿੰਘ ਜੀ ਦੀ ਸਿਰਜਣਾਤਮਕ ਯਾਤਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਆਪਣੀ ਮਾਤ-ਭਾਸ਼ਾ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜਿਆ ਸਾਹਿਤ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿ ਕੇ ਸਿਰਜਿਆ ਜਾ ਸਕਦਾ ਹੈ।

ਸਾਹਿਤਕ ਸੰਵਾਦ ਦੌਰਾਨ ਸੁਖਪਾਲ ਹੋਰਾਂ ਨੇ ਆਪਣੀਆਂ ਚਰਚਿਤ ਪੁਸਤਕਾਂ “ਚੁੱਪ ਚੁਪੀਤੇ ਚੇਤਰ ਚੜ੍ਹਿਆ’, ‘ਰਹਿਣੁ ਕਥਾਊ ਨਾਹਿ’ ਅਤੇ ‘ਐਸ ਜਨਮ ਨਾ ਜਨਮੇ’” ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਪਿੱਛੇ ਛੁਪੀਆਂ ਅਨੁਭੂਤੀਆਂ, ਵਿਚਾਰ-ਪ੍ਰਕਿਰਿਆ ਅਤੇ ਸਾਹਿਤਕ ਦ੍ਰਿਸ਼ਟੀ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ, ਜਿਸ ਨੇ ਹਾਜ਼ਰ ਸਾਹਿਤ-ਪ੍ਰੇਮੀਆਂ ਨੂੰ ਭਾਵਨਾ, ਵਿਚਾਰ ਅਤੇ ਭਾਸ਼ਾ ਦੀ ਇੱਕ ਸੁੰਦਰ ਸਾਹਿਤਕ ਯਾਤਰਾ ਨਾਲ ਜੋੜਿਆ।

ਸਮਾਗਮ ਦੇ ਦੂਸਰੇ ਭਾਗ ਵਿਚ ਗੁਰਪੁਰਬ ਨੂੰ ਸਮਪਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ।

ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸ਼ਾਇਰ ਡਾ. ਪ੍ਰੇਮ ਵਿੱਜ ਸਨ, ਉਹਨਾਂ ਨੇ ਆਪਣੀ ਕਵਿਤਾ ਪੜ੍ਹੀ ਤੇ ਸਮਾਗਮ ਨੂੰ ਸਫ਼ਲ ਦੱਸਿਆ।

ਇਸ ਉਪਰੰਤ ਪ੍ਰਧਾਨਗੀ ਭਾਸ਼ਨ ਦੌਰਾਨ ਉੱਘੇ ਸ਼ਾਇਰ ਗੁਰਦੇਵ ਚੌਹਾਨ ਹੋਰਾਂ ਨੇ ਸੁਖਪਾਲ ਹੋਰਾਂ ਦੀ ਸੂਖ਼ਮ ਸ਼ਾਇਰੀ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਸੁਖਪਾਲ ਅਤਿ ਸੰਵੇਨਸ਼ੀਲ ਸ਼ਾਇਰ ਹੈ ਅਤੇ ਵਾਰਤਕ ਵੀ ਉਸੇ ਪੱਧਰ ਦੀ ਲਿਖਦੇ ਨੇ। ਉਹਨਾਂ ਅਗਾਂਹ ਕਿ ਸੁਖਪਾਲ ਹੋਰਾਂ ਦੀਆਂ ਲਿਖਤਾਂ ਸਾਨੂੰ ਇਨਸਾਨ ਬਣਨ ਵੱਲ ਪ੍ਰੇਰਦੀਆਂ ਹਨ।

ਚੰਡੀਗੜ੍ਹ ਸਾਹਿਤ ਅਕਾਦਮੀ ਦੇ ਕਾਰਜਕਾਰਨੀ ਮੈਂਬਰ ਡਾ. ਪ੍ਰਵੀਨ ਕੁਮਾਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਸ਼ਹਿਰ ਦੇ ਸੀਨੀਅਰ ਸਾਹਿਤਕਾਰ ਜੰਗ ਬਹਾਦਰ ਗੋਇਲ, ਸੁਰਜੀਤ ਸੁਮਨ, ਪਾਲ ਅਜਨਬੀ, ਚਰਨਜੀਤ ਕੌਰ ਬਾਠ, ਬਲਵਿੰਦਰ ਸਿੰਘ ਢਿੱਲੋਂ ਪ੍ਰਵੀਨ ਕੁਮਾਰ, ਸੁਰਿੰਦਰ ਕੁਮਾਰ ਸ਼ਰਮਾ,ਸਰਬਜੀਤ ਸਿੰਘ ਪੱਡਾ,ਯਤਿੰਦਰ ਕੌਰ ਮਾਹਲ,ਕੰਵਲਜੀਤ ਸਿੰਘ, ਸਰਦਾਰਾ ਸਿੰਘ ਚੀਮਾ ਅਤੇ ਵਰਿੰਦਰ ਚੱਠਾ, ਮੇਹਰ ਸਿੰਘ, ਸ਼ਾਇਰ ਭੱਟੀ, ਮੀਤ ਰੰਗਰੇਜ., ਪਵਨਦੀਪ ਆਦਿ ਨੇ ਸਮੂਲੀਅਤ ਕੀਤੀ।