ਚੰਡੀਗੜ੍ਹ, 20 ਅਪ੍ਰੈਲ:
ਜਨਗਣਨਾ 2027 ਵਿੱਚ ਡਿਜੀਟਲ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਔਨਲਾਇਨ ਜਨਗਣਨਾ ਪੋਰਟਲ ਦੇ ਜ਼ਰੀਏ ਸਫ਼ਲਤਾਪੂਰਵਕ ਆਪਣੀ ਸਵੈ-ਗਣਨਾ (Self-Enumeration) ਪੂਰੀ ਕੀਤੀ। ਸਵੈ-ਗਣਨਾ ਦੀ ਇਸ ਪ੍ਰਕਿਰਿਆ ਵਿੱਚ ਡਾ. ਨਵਜੋਤ ਖੋਸਾ, ਆਈਏਐੱਸ, ਡਾਇਰੈਕਟਰ, ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਯੂਟੀ ਚੰਡੀਗੜ੍ਹ, ਅਤੇ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਯੂਟੀ ਚੰਡੀਗੜ੍ਹ ਨੇ ਸਹਿਯੋਗ ਪ੍ਰਦਾਨ ਕੀਤਾ। ਇਹ ਪਹਿਲ ਯੂ.ਟੀ. ਪ੍ਰਸ਼ਾਸਨ ਦੇ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਜਨਗਣਨਾ ਕਾਰਜਾਂ ਹਿਤ ਟੈਕਨੋਲੋਜੀ ਦੇ ਉਪਯੋਗ ਪ੍ਰਤੀ ਯੂਟੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਸਵੈ-ਗਣਨਾ ਕਰਕੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸਾਰੇ ਨਾਗਰਿਕਾਂ ਲਈ ਇੱਕ ਉਦਾਹਰਣ ਪ੍ਰਸਤੁਤ ਕੀਤੀ ਅਤੇ ਉਨ੍ਹਾਂ ਨੂੰ ਇਸ ਸੁਵਿਧਾਜਨਕ ਅਤੇ ਸੁਰੱਖਿਅਤ ਡਿਜੀਟਲ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਹੈ। ਸਵੈ-ਗਣਨਾ ਦੇ ਜ਼ਰੀਏ ਨਾਗਰਿਕ ਆਪਣੀ ਸੁਵਿਧਾ ਅਨੁਸਾਰ ਔਨਲਾਇਨ ਜਨਗਣਨਾ ਵੇਰਵੇ ਭਰ ਸਕਦੇ ਹਨ, ਜਿਸ ਨਾਲ ਸਟੀਕਤਾ ਸੁਨਿਸ਼ਚਿਤ ਹੁੰਦੀ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਇਸ ਪ੍ਰਕਿਰਿਆ ਦੌਰਾਨ ਮਾਣਯੋਗ ਰਾਜਪਾਲ ਨੇ ਪ੍ਰਭਾਵੀ ਯੋਜਨਾ ਨਿਰਮਾਣ ਅਤੇ ਨੀਤੀ ਨਿਰਧਾਰਣ ਲਈ ਸਟੀਕ ਅੰਕੜਿਆਂ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਸਹਿਯੋਗ ਕਰਨ ਅਤੇ ਇਸ ਸਰਲ, ਸੁਲਭ ਅਤੇ ਉਪਯੋਗਕਰਤਾ-ਅਨੁਕੂਲ ਸਵੈ-ਗਣਨਾ ਸੁਵਿਧਾ ਦਾ ਪੂਰਨ ਲਾਭ ਉਠਾਉਣ।
ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਯੂਟੀ ਚੰਡੀਗੜ੍ਹ, ਡਿਪਟੀ ਕਮਿਸ਼ਨਰ-ਅਤੇ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਯੂਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਵੈ-ਗਣਨਾ ਨੂੰ ਸੁਚਾਰੂ ਤੌਰ ‘ਤੇ ਸੰਚਾਲਿਤ ਕਰਨ ਲਈ ਵਿਆਪਕ ਵਿਵਸਥਾਵਾਂ ਕੀਤੀਆਂ ਹਨ। ਨਾਗਰਿਕਾਂ ਦੀ ਸਹਾਇਤਾ ਹਿਤ
ਇੱਕ ਸਮਰਪਿਤ ਟੋਲ-ਫ੍ਰੀ ਹੈਲਪਲਾਇਨ (1855 ਜਾਂ 18001803821) ਵੀ ਸਥਾਪਿਤ ਕੀਤੀ ਗਈ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਅਧਿਕਾਰਿਤ ਜਨਗਣਨਾ ਪੋਰਟਲ (https://se.census.gov.in) ‘ਤੇ ਜਾ ਕੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਆਪਣੀ ਸਵੈ-ਗਣਨਾ ਪ੍ਰਕਿਰਿਆ ਪੂਰਨ ਕਰਨ। ਇਕੱਠੀ ਕੀਤੀ ਗਈ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਇਸ ਦਾ ਉਪਯੋਗ ਕੇਵਲ ਅੰਕੜਿਆਂ ਦੇ ਉਦੇਸ਼ਾਂ ਲਈ, ਜਨਗਣਨਾ ਐਕਟ ਦੇ ਪ੍ਰਾਵਧਾਨਾਂ ਦੇ ਅਨੁਰੂਪ, ਕੀਤਾ ਜਾਵੇਗਾ।
ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੁਆਰਾ ਸਫ਼ਲਤਾਪੂਰਵਕ ਕੀਤੀ ਗਈ ਇਹ ਸਵੈ-ਗਣਨਾ ਜਨਗਣਨਾ 2027 ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਇਸ ਨਾਲ ਵਿਆਪਕ ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲੇਗਾ।