ਚੰਡੀਗੜ੍ਹ ਵਿੱਚ ਚਲ ਰਹੇ ਸੜਕ ਸੁਰੱਖਿਆ ਪਹਿਲਾਂ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਹਿਤ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ, ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਐੱਸਐੱਸਪੀ (ਟ੍ਰੈਫਿਕ ਅਤੇ ਸੁਰੱਖਿਆ), ਐੱਸਡੀਐੱਮ, ਸਟੇਟ ਟ੍ਰਾਂਸਪੋਰਟ ਅਥਾਰਿਟੀ (ਐੱਸਟੀਏ/STA), ਇੰਜੀਨੀਅਰਿੰਗ ਵਿਭਾਗ, ਸ਼ਹਿਰੀ ਯੋਜਨਾਬੰਦੀ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ ਚੰਡੀਗੜ੍ਹ ਅਤੇ ਨੈਸ਼ਨਲ ਹਾਈਵੇਜ਼ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ/NHAI) ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਦੇ ਦੌਰਾਨ ਪਿਛਲੀ ਮੀਟਿੰਗ ਵਿੱਚ ਲਏ ਗਏ ਨਿਰਣਿਆਂ ‘ਤੇ ਐਕਸ਼ਨ ਟੇਕਨ ਰਿਪੋਰਟ (ਏਟੀਆਰ/ATR) ਕਮੇਟੀ ਦੇ ਸਾਹਮਣੇ ਪ੍ਰਸਤੁਤ ਕੀਤੀ ਗਈ। ਰਿਪੋਰਟ ਵਿੱਚ ਸੈਕਟਰ 14/25 ਅਤੇ ਸੈਕਟਰ 25/38 ਨੂੰ ਵੰਡਣ ਵਾਲੀ ਸੜਕ ‘ਤੇ ਰੋਡ ਫਰਨੀਚਰ ਦੀ ਸਥਾਪਨਾ ਅਤੇ ਇੰਜੀਨੀਅਰਿੰਗ ਉਪਾਵਾਂ ਦੇ ਲਾਗੂਕਰਨ, ਖਰਾਬ ਟ੍ਰੈਫਿਕ ਸੰਕੇਤਕਾਂ ਦੀ ਮੁਰੰਮਤ ਅਤੇ ਬਦਲੀ, ਡੱਡੂਮਾਜਰਾ ਡੰਪਿੰਗ ਗਰਾਊਂਡ ਦੇ ਨੇੜੇ ਧਨਾਸ ਪੁਲ਼, ਮਟਕਾ ਚੌਕ ਅਤੇ ਇੰਡਸਟ੍ਰੀਅਲ ਏਰੀਆ ਫੇਜ਼-1 ਦੇ ਟੀ-ਪੁਆਇੰਟ ‘ਤੇ ਆਟੋਮੈਟਿਕ ਟ੍ਰੈਫਿਕ ਕੰਟਰੋਲ (ਏਟੀਸੀ/ATC) ਸਿਗਨਲਾਂ ਦੀ ਸਥਾਪਨਾ ਅਤੇ ਪੰਚਕੂਲਾ ਅਤੇ ਬਲਟਾਣਾ ਮੋੜਾਂ ‘ਤੇ ਟ੍ਰੈਫਿਕ ਸਿਗਨਲਾਂ ਦੀ ਵਿਵਸਥਾ ਦੇ ਜ਼ਰੀਏ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਜਾਮ ਘੱਟ ਕਰਨ ਸਬੰਧੀ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ।
ਕਮੇਟੀ ਨੂੰ ਏਅਰਪੋਰਟ ਲਾਇਟ ਪੁਆਇੰਟ ਤੋਂ ਏਅਰਪੋਰਟ ਤੱਕ ਸੜਕ ਨੂੰ ਚੌੜਾ ਕਰਨ, ਟ੍ਰਾਂਸਪੋਰਟ ਚੌਕ ਤੋਂ ਟ੍ਰਿਬਿਊਨ ਚੌਕ ਅਤੇ ਕਾਲੀਬਾੜੀ ਲਾਇਟ ਪੁਆਇੰਟ ਤੋਂ ਸੈਕਟਰ 47 ਲਾਇਟ ਪੁਆਇੰਟ ਤੱਕ ਸਾਇਕਲ ਟ੍ਰੈਕਾਂ ਨੂੰ ਭੌਤਿਕ ਤੌਰ ‘ਤੇ ਵੱਖ ਕਰਨ, ਸ਼ਨਾਖ਼ਤ ਕੀਤੇ ਘਾਤਕ ਦੁਰਘਟਨਾ ਸਥਾਨਾਂ ‘ਤੇ ਸੜਕ ਇੰਜੀਨੀਅਰਿੰਗ ਉਪਾਵਾਂ ਦੇ ਲਾਗੂਕਰਨ, ਸਾਇਕਲ ਟ੍ਰੈਕਾਂ ‘ਤੇ ਲੀਕੇਜ ਦੀ ਮੁਰੰਮਤ, ਪ੍ਰਮੁੱਖ ਚੌਰਾਹਿਆਂ ‘ਤੇ ਟ੍ਰੈਫਿਕ ਪੁਲਿਸ ਸਹਾਇਤਾ ਬੂਥਾਂ ਦੀ ਸਥਾਪਨਾ ਅਤੇ ਸ਼ਹਿਰ ਭਰ ਵਿੱਚ ਰੇਹੜੀ-ਫੜ੍ਹੀ ਵਿਕ੍ਰੇਤਾਵਾਂ ਦੁਆਰਾ ਕੀਤੇ ਗਏ ਕਬਜ਼ਿਆਂ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਵੀ ਜਾਣੂ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਰਾਹਤ ਸਕੀਮ (ਪੀਐੱਮ ਰਾਹਤ ਸਕੀਮ/PM Rahat Scheme), ਜਿਸ ਨੂੰ ਸੜਕ ਦੁਰਘਟਨਾ ਪੀੜਿਤਾਂ ਨੂੰ ਕੈਸ਼ਲੈੱਸ ਇਲਾਜ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਹੈ, ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਗ਼ੈਰ-ਗੰਭੀਰ ਮਾਮਲਿਆਂ ਵਿੱਚ 24 ਘੰਟਿਆਂ ਦੇ ਅੰਦਰ ਅਤੇ ਜੀਵਨ-ਰੱਖਿਅਕ ਇਲਾਜ ਵਾਲੇ ਮਾਮਲਿਆਂ ਵਿੱਚ 48 ਘੰਟਿਆਂ ਦੇ ਅੰਦਰ ਦੁਰਘਟਨਾ ਮਾਮਲਿਆਂ ਦੀ ਤਸਦੀਕ ਸੁਨਿਸ਼ਚਿਤ ਕੀਤੀ ਜਾਵੇ। ਸਿਹਤ ਵਿਭਾਗ ਨੂੰ ਇਸ ਸਕੀਮ ਦੇ ਤਹਿਤ ਲੰਬਿਤ ਫੰਡ ਜਾਰੀ ਕਰਨ ਦੇ ਮਾਮਲਿਆਂ ਦੀ ਸਮੀਖਿਆ ਕਰਕੇ ਨਿਰਧਾਰਿਤ ਸਮਾਂ ਸੀਮਾ ਵਿੱਚ ਅਪਡੇਟਡ ਸਥਿਤੀ ਰਿਪੋਰਟ ਪ੍ਰਸਤੁਤ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਭਾਰਤ ਸਰਕਾਰ ਦੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੀ ਰਾਹ-ਵੀਰ ਸਕੀਮ (Rah-Veer Scheme) (ਗੁੱਡ ਸਮੈਰਿਟਨ ਯੋਜਨਾ/Good Samaritan Scheme) ‘ਤੇ ਵੀ ਚਰਚਾ ਕੀਤੀ ਗਈ, ਜਿਸ ਦਾ ਉਦੇਸ਼ ਸੜਕ ਦੁਰਘਟਨਾ ਪੀੜਿਤਾਂ ਨੂੰ ਨਾਜ਼ੁਕ “ਗੋਲਡਨ ਆਵਰ” (critical “golden hour”) ਦੇ ਦੌਰਾਨ ਸਮੇਂ ‘ਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਨਮਾਨਿਤ ਕਰਨਾ ਹੈ। ਕਮੇਟੀ ਨੂੰ ਦੱਸਿਆ ਗਿਆ ਕਿ ਛੇ ਵਿਅਕਤੀਆਂ ਨੇ ਦੁਰਘਟਨਾ ਪੀੜਿਤਾਂ ਦੀ ਜਾਨ ਬਚਾਉਣ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਦੇ ਮਿਸਾਲੀ ਮਾਨਵੀ ਪ੍ਰਯਾਸਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਮੇਟੀ ਨੇ ਸਕੀਮ ਦੇ ਪ੍ਰਾਵਧਾਨਾਂ ਦੇ ਤਹਿਤ ਤਸਦੀਕ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ੰਸਾ ਪ੍ਰਮਾਣ-ਪੱਤਰ ਅਤੇ ₹25,000 ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ।
ਡਿਪਟੀ ਕਮਿਸ਼ਨਰ ਨੇ ਸਾਰੇ ਚਲ ਰਹੇ ਸੜਕ ਸੁਰੱਖਿਆ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਸਾਰੇ ਸਬੰਧਿਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕਾਰਜ ਕਰਦੇ ਹੋਏ ਸੜਕ ਸੁਰੱਖਿਆ ਉਪਾਵਾਂ ਦੇ ਪ੍ਰਭਾਵੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ, ਟ੍ਰੈਫਿਕ ਮੈਨੇਜਮੈਂਟ ਵਿੱਚ ਸੁਧਾਰ ਲਿਆਉਣ ਅਤੇ ਸ਼ਹਿਰ ਦੇ ਸਾਰੇ ਸੜਕ ਉਪਭੋਗਤਾਵਾਂ ਲਈ ਅਧਿਕ ਸੁਰੱਖਿਅਤ, ਸੁਗਮ ਅਤੇ ਯਾਤਰੀ-ਅਨੁਕੂਲ ਸੜਕ ਵਾਤਾਵਰਣ ਵਿਕਸਿਤ ਕਰਨ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੁਹਰਾਈ।
