ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ), ਚੰਡੀਗੜ੍ਹ ਦੇ ਮਨੋਰੋਗ ਵਿਭਾਗ ਨੇ ਐੱਨਜੀਓ ‘ਪਰਿਵਰਤਨ’ ਦੇ ਸਹਿਯੋਗ ਨਾਲ ਅੱਜ ਜੀਐੱਮਸੀਐੱਚ ਕੈਂਪਸ ਵਿੱਚ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮਨਾਇਆ। ਇਸ ਸਮਾਗਮ ਦਾ ਵਿਸ਼ਾ “ਖ਼ੁਦਕੁਸ਼ੀ ਪ੍ਰਤੀ ਸੋਚ ਵਿੱਚ ਬਦਲਾਅ” ਸੀ। ਇਸ ਆਲਮੀ ਪਹਿਲ ਦੇ ਜ਼ਰੀਏ ਚੁੱਪ ਅਤੇ ਸਮਾਜਿਕ ਕਲੰਕ ਨੂੰ ਦੂਰ ਕਰਕੇ ਖੁੱਲ੍ਹੀ ਗੱਲਬਾਤ, ਹਮਦਰਦੀ ਅਤੇ ਸਮਝ ਦਾ ਵਾਤਾਵਰਣ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।
ਪ੍ਰੋਗਰਾਮ ਵਿੱਚ ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਜਾਗਰੂਕਤਾ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਵਿਭਿੰਨ ਸੰਵਾਦਾਤਮਕ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। “ਉਮੀਦ ਦੀਆਂ ਕਹਾਣੀਆਂ” ਨਾਮਕ ਵਿਸ਼ੇਸ਼ ਪ੍ਰਦਰਸ਼ਨੀ ਵਿੱਚ ਮਰੀਜ਼ਾਂ ਦੁਆਰਾ ਸਾਂਝੇ ਕੀਤੇ ਗਏ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਵਿੱਚ ਸਾਹਸ, ਆਸ਼ਾ ਅਤੇ ਤੰਦਰੁਸਤ ਹੋਣ ਦੀ ਪ੍ਰਕਿਰਿਆ ਨੂੰ ਦਰਸਾਇਆ ਗਿਆ। ਤਤਕਾਲ ਸਹਾਇਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੈਲਪਲਾਇਨਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਵੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਗਈ।
ਕੈਂਪਸ ਵਿੱਚ ਲਗਾਏ ਗਏ ਹਸਤਾਖਰ ਬੋਰਡ ‘ਤੇ ਪ੍ਰਤੀਭਾਗੀਆਂ ਨੇ ਖ਼ੁਦਕੁਸ਼ੀ ਦੀ ਰੋਕਥਾਮ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਬੋਰਡ ਦਾ ਉਦਘਾਟਨ ਡਾਇਰੈਕਟਰ ਪ੍ਰਿੰਸੀਪਲ ਡਾ. ਰਵਨੀਤ ਕੌਰ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਗੁਗਲਾਨੀ ਅਤੇ ਮਨੋਰੋਗ ਵਿਭਾਗ ਦੇ ਮੁਖੀ ਡਾ. ਅਜੀਤ ਸਿਡਾਨਾ ਨੇ ਕੀਤਾ। ਉਨ੍ਹਾਂ ਨੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਮਾਨਸਿਕ ਸਿਹਤ ਜਾਗਰੂਕਤਾ ਨਾਲ ਸਬੰਧਿਤ ਪ੍ਰਸ਼ਨਾਂ ਦੇ ਉੱਤਰ ਦਿੱਤੇ।
ਇਸ ਤੋਂ ਇਲਾਵਾ, ‘ਮਨੋਵਿਗਿਆਨਕ ਮੁੱਢਲੀ ਸਹਾਇਤਾ’ ਵਿਸ਼ੇ ‘ਤੇ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਪ੍ਰਤੀਭਾਗੀਆਂ ਨੂੰ ਚੇਤਾਵਨੀ ਦੇ ਸੰਕੇਤਾਂ ਦੀ ਪਹਿਚਾਣ ਕਰਨ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਨੂੰ ਵਿਵਹਾਰਿਕ ਸਹਾਇਤਾ ਪ੍ਰਦਾਨ ਕਰਨ ਦੀ ਜਾਣਕਾਰੀ ਦਿੱਤੀ ਗਈ।
ਇਹ ਪਹਿਲ ਨੇ ਮਾਨਸਿਕ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇੱਕ ਸੰਵੇਦਨਸ਼ੀਲ ਤੇ ਸਹਿਯੋਗੀ ਵਾਤਾਵਰਣ ਬਣਾਉਣ ਦੀ ਜੀਐੱਮਸੀਐੱਚ ਚੰਡੀਗੜ੍ਹ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।


