ਘਨੌਰ, 30 ਮਈ: ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਸ਼ਨੀਵਾਰ ਨੂੰ ਪਿੰਡ ਆਕੜ ਸਥਿਤ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਆਪਣੇ ‘ਬੋਲੇਗਾ ਘਨੌਰ, ਬਦਲੇਗਾ ਦੌਰ’ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ। 8 ਜੂਨ ਤੱਕ ਚੱਲਣ ਵਾਲਾ ਇਹ ਪੈਦਲ ਮਾਰਚ ਹਲਕਾ ਘਨੌਰ ਦੇ 100 ਤੋਂ ਵੱਧ ਪਿੰਡਾਂ ਨੂੰ ਕਵਰ ਕਰੇਗਾ।
ਪਿੰਡ-ਪਿੰਡ ਪੈਦਲ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਝਿੰਜਰ ਨੇ ਵੱਖ-ਵੱਖ ਥਾਵਾਂ ’ਤੇ ਇਕੱਠਾਂ ਨੂੰ ਸੰਬੋਧਨ ਕੀਤਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਦੌਰਾਨ ਉਨ੍ਹਾਂ ਪਿੰਡ ਆਕੜ ਵਿੱਚ ਮਨਰੇਗਾ ਦੇ ਕੰਮ ਬੰਦ ਹੋਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਮਨਰੇਗਾ ਤਹਿਤ ਕੋਈ ਕੰਮ ਨਹੀਂ ਹੋਇਆ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੇ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਖਤਮ ਹੋ ਗਿਆ ਹੈ।
ਪੈਦਲ ਮਾਰਚ ਦੌਰਾਨ ਇੱਕ ਭਾਵੁਕ ਪਲ ਦਾ ਜ਼ਿਕਰ ਕਰਦਿਆਂ ਝਿੰਜਰ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਇੱਕ ਦੁਖੀ ਮਾਤਾ ਨਾਲ ਹੋਈ, ਜੋ ਆਪਣੀਆਂ ਸਮੱਸਿਆਵਾਂ ਦੱਸਦਿਆਂ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਉਸ ਦੀ ਗੱਲ ਸੁਣਨ ਨਹੀਂ ਆਇਆ। ਝਿੰਜਰ ਨੇ ਕਿਹਾ, “ਅੱਜ ਮੈਂ ਆਪਣੇ ਸਮੁੱਚੇ ਕਾਫ਼ਲੇ ਨਾਲ ਉਸ ਮਾਤਾ ਦੇ ਘਰ ਗਿਆ ਅਤੇ ਭਾਰੇ ਮਨ ਨਾਲ ਉਸ ਦੀਆਂ ਸਾਰੀਆਂ ਗੱਲਾਂ ਸੁਣੀਆਂ।” ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਹਨ ਕਿ ਮੌਜੂਦਾ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਉਨ੍ਹਾਂ ਘਨੌਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਤੱਕ ਸੀਮਤ ਨਾ ਰੱਖਣ। ਚਾਹੇ ਨਿੱਜੀ ਮਸਲਾ ਹੋਵੇ ਜਾਂ ਜਨਤਕ, ਲੋਕ ਨਿਡਰ ਹੋ ਕੇ ਆਪਣੀ ਗੱਲ ਉਨ੍ਹਾਂ ਤੱਕ ਪਹੁੰਚਾਉਣ ਤਾਂ ਜੋ ਉਹ ਉਨ੍ਹਾਂ ਦੀ ਆਵਾਜ਼ ਉੱਚੇ ਪੱਧਰ ਤੱਕ ਲੈ ਜਾ ਸਕਣ।
ਸਿਆਸੀ ਮੋਰਚੇ ’ਤੇ ਤਿੱਖਾ ਹਮਲਾ ਕਰਦਿਆਂ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਟਿਊਬਵੈੱਲ ਕੁਨੈਕਸ਼ਨ ਅਤੇ ਹੋਰ ਅਨੇਕਾਂ ਸਹੂਲਤਾਂ ਦੇ ਕੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਝਿੰਜਰ ਨੇ ਕਿਹਾ, “ਇਹ ਪੈਦਲ ਮਾਰਚ ਘਨੌਰ ਦੀ ਇੱਜ਼ਤ ਅਤੇ ਮਾਣ-ਸਨਮਾਨ ਨੂੰ ਮੁੜ ਬਹਾਲ ਕਰਨ ਲਈ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਹ ਸੱਚ ਦੱਸਣ ਲਈ ਕਿ ਆਮ ਆਦਮੀ ਪਾਰਟੀ ਇੱਕ ‘ਟਰਾਲੀ ਚੋਰ ਪਾਰਟੀ’ ਹੈ।”
ਇਸ ਪੈਦਲ ਮਾਰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਕਈ ਪਿੰਡਾਂ ਦੇ ਵਸਨੀਕ ਝਿੰਜਰ ਦੇ ਨਾਲ ਕਦਮ ਮਿਲਾ ਕੇ ਚੱਲੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸ.ਜਸਮੇਰ ਸਿੰਘ ਲਾਛੜੂ ਮੈਂਬਰ SGPC, ਸ.ਸੁਰਜੀਤ ਸਿੰਘ ਗੜ੍ਹੀ ਮੈਂਬਰ SGPC, ਸ.ਗੁਰਪ੍ਰੀਤ ਸਿੰਘ ਰਾਜੂ ਖੰਨਾ ਕੌਰ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ, ਸ.ਹਰਕੇਸ਼ ਸਿੰਘ ਮੋਹਰੀ ਪ੍ਰਧਾਨ ਹਰਿਆਣਾ ਸ਼੍ਰੋਮਣੀ ਅਕਾਲੀ ਦਲ, ਸ.ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ, ਸ.ਅਮਿਤ ਸਿੰਘ ਰਾਠੀ ਜਿਲ੍ਹਾ ਪ੍ਰਧਾਨ ਸ਼ਹਿਰੀ, ਸ.ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ, ਸ਼੍ਰੀ ਕਬੀਰ ਦਾਸ ਹਲਕਾ ਇੰਚਾਰਜ ਸ਼ੁਤਰਾਣਾ, ਸ.ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸ.ਅੰਮ੍ਰਿਤ ਸਿੰਘ ਲੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਕਰਨ ਸਾਹਨੀ ਜਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਵਿੰਗ, ਸ.ਸੁਖਦੇਵ ਸਿੰਘ, ਜ਼ਿਲ੍ਹਾ ਪ੍ਰਧਾਨ BC ਵਿੰਗ, ਸ.ਗੁਰਦੀਪ ਸਿੰਘ ਸ਼ੇਖਪੁਰਾ ਜ਼ਿਲ੍ਹਾ ਪ੍ਰਧਾਨ BC ਵਿੰਗ, ਅਮਰਿੰਦਰ ਬਿੱਲਾ ਜ਼ਿਲ੍ਹਾ ਪ੍ਰਧਾਨ BC ਵਿੰਗ, ਸ.ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ SC ਵਿੰਗ ਪਟਿਆਲਾ ਦਿਹਾਤੀ, ਸ.ਤੇਜਿੰਦਰਪਾਲ ਸਿੰਘ ਸੰਧੂ ਅਤੇ ਹਲਕਾ ਘਨੌਰ ਦੇ ਸਾਰੇ ਸਰਕਲ ਪ੍ਰਧਾਨ, ਸੀਨੀਅਰ ਆਗੂ ਅਤੇ ਸਮੂਹ ਯੂਥ ਵਿੰਗ ਦੇ ਮੈਂਬਰ ਹਾਜ਼ਰ ਸਨ।