ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ, ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ, ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ,ਅੱਜ ਉੱਘੇ ਸਾਹਿਤਕਾਰ, ਚਿੰਤਕ, ਭਾਸ਼ਾ ਵਿਗਿਆਨੀ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ, ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ,ਜਿਸ ਵਿਚ 51000 ਰੁਪਏ, ਇਕ ਦੁਸ਼ਾਲਾ ਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਸਨਮਾਨ ਪੱਤਰ ਸ਼ਾਇਰਾ ਸੰਦੀਪ ਜਸਵਾਲ ਵੱਲੋਂ ਪੜ੍ਹਿਆ ਗਿਆ।

ਸਭ ਤੋੱ ਪਹਿਲਾਂ ਸਵਾਗਤ ਕਰਦੇ ਹੋਏ ਕੋਆਰਡੀਨੇਟਰ ਸੁਖਵਿੰਦਰ ਸਿੱਧੂ ਨੇ ਕਿਹਾ ਕਿ ਮਨਮੋਹਨ ਸਾਡਾ ਬੌਧਿਕ ਸਰਮਾਇਆ ਹੈ। ਇਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਖ਼ੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ।ਉਹਨਾਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖਿਆ।

ਇਸ ਉਪਰੰਤ ਬੁਲਾਰੇ ਵਜੋ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਡਾ. ਮਨਮੋਹਨ ਨੇ ਪੰਜਾਬੀ ਅਕਾਦਿਮਕਾ ਵਿਚ ਵੱਡਾ ਤੇ ਵੱਖਰਾ ਕੰਮ ਕੀਤਾ ਹੈ। ਉਹਨਾਂ ਅਗਾਂਹ ਕਿਹਾ ਮਨਮੋਹਨ ਦੇ ਕੰਮ ਅਧਿਐਨ ਨਾਲ ਬਾਸੀਪਨ ਟੁੱਟਦਾ ਹੈ ਅਤੇ ਇਹਨਾਂ ਨੇ ਵੀਹਵੀਂ ਸਦੀ ਦੀ ਸੰਕਲਪਿਕ ਸ਼ਬਦਾਬਲੀ ਤਿਆਰ ਕੀਤੀ ਹੈ। ਅੱਗੇ ਜੋੜਦੇ ਹੋਏ ਉਹਨਾਂ ਕਿਹਾ ਕਿ ਅਖ਼ਬਾਰਾਂ ਵਾਸਤੇ ਲਿਖਦਿਆਂ ਵੀ ਉਹਨਾਂ ਆਪਣੇ ਵਜ਼ਨ ਦਾ ਪੱਲਾ ਨਹੀਂ ਛੱਡਿਆ। ਇਹਨਾਂ ਦੀਆਂ ਲਿਖਤਾਂ ਨਾਲ ਦਰਸ਼ਨ ਆਮ ਬੰਦੇ ਤੀਕ ਪਹੁੰਚਿਆ।

ਇਸ ਤੋਂ ਬਾਅਦ ਡਾ.ਹਰਪ੍ਰੀਤ ਨੇ ਮਨਮੋਹਨ ਹੋਰਾਂ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਦੀ ਕਵਿਤਾ ਹਾਸ਼ਿਆਗਤ ਲੁਕਾਈ ਅਤੇ ਗਿਆਨ, ਪ੍ਰਤੀਰੋਧ, ਸੰਵਾਦ ਦੀ ਕਵਿਤਾ ਹੈ। ਉਹਨਾਂ ਹੋਰ ਜੋੜਦਿਆਂ ਕਿਹਾ ਕਿ ਡਾ. ਸਾਹਿਬ ਹੋਰਾਂ ਨੇ ਕਾਵਿ-ਚਿੰਤਨ ਦਾ ਫੈਲਾਅ ਇਤਿਹਾਸ ਮਿਥਿਹਾਸ ਤੋਂ ਲੈ ਕੇ ਵਰਤਮਾਨ ਤਕ ਫੈਲਿਆ ਹੋਇਆ ਹੈ।

ਇਸ ਤੋਂ ਅਗਲੇ ਬੁਲਾਰੇ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਸਨਮਾਨਿਤ ਸ਼ਖ਼ਸੀਅਤ ਦੇ ਨਾਵਲਾਂ : ਨਿਰਵਾਣ, ਮਨ ਪੰਖੀ ਭਇਓ ਤੇ ਸਹਿਜ ਗੁਫਾ ਮਹਿ ਆਸਨ ਬਾਰੇ ਬੋਲਦਿਆਂ ਕਿਹਾ ਕਿ ਇਹ ਨਾਵਲ ਕਿਸੇ ਇਕ ਕੈਟਾਗਿਰੀ ਵਿਚ ਨਹੀਂ ਆਉਂਦੇ। ਇਹਨਾਂ ਵਿਚ ਮਨੁੱਖਤਾ ਹੈ। ਇਹਨਾਂ ਵਿਚ ਸਵਾਲ ਉਠਾਏ ਗਏ ਹਨ।

ਸਰੋਤਿਆਂ ਵਿਚ ਬੋਲਦਿਆਂ ਉੱਘੇ ਕਹਾਣੀਕਾਰ ਭੁਪਿੰਦਰ ਸਿਂਘ ਮਾਨ ਨੇ ਕਿਹਾ ਕਿ ਡਾ. ਮਨਮੋਹਨ ਦੀ ਲਿਖਤ ਸਧਾਰਨ ਤੋਰ ਨਹੀਂ ਤੁਰਦੀ ਤੇ ਆਪਣੀ ਸ਼ੈਲੀ ਆਪ ਵਿਕਸਤ ਕੀਤੀ ਹੈ।

ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਤੇ ਡਾ. ਮਨਮੋਹਨ ਬਾਰੇ ਭਾਵਪੂਰਤ ਗੱਲਾਂ ਕੀਤੀਆਂ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿਂਘ ਨੇ ਕਿਹਾ ਪੰਜਾਬੀ ਵਿਚ ਲਿਖਣ ਦੀ ਕਾਹਲ ਜ਼ਿਆਦਾ ਹੈ। ਜੇਕਰ ਡਾ. ਮਨਮੋਹਨ ਨੇ ਪੰਜਾਹ ਕਿਤਾਬਾਂ ਲਿਖੀਆਂ ਹਨ ਤਾਂ ਪੰਜ ਹਜ਼ਾਰ ਪੜ੍ਹੀਆਂ ਵੀ ਨੇ। ਉਹਨਾਂ ਅਗਾਂਹ ਕਿਹਾ ਇਹਨਾਂ ਦਾ ਗਲਪ ਧਿਰ ਮੁਕਤ ਹੈ। ਉਹਨਾਂ ਨੇ ਮਨਮੋਹਨ ਹੋਰਾਂ ਦੀ ਨਵ ਪ੍ਰਕਾਸ਼ਿਤ ਕਿਤਾਬ ਨਿਮਖ ਨ ਵੀਸਰੇ

ਇਸ ਤੋਂ ਬਾਅਦ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸਾਹਿਤ ਨੂੰ ਗਿਆਨ ਇੰਦਰੀਆਂ ਵਿੱਚੋਂ ਹੀ ਦੇਖਿਆ ਜਾਂਦਾ ਹੈ। ਉਹਨਾਂ ਅਗਾਂਹ ਕਿਹਾ ਕਿ ਮਨਮੋਹਨ ਆਤਮ ਦਾ ਟਰੈਂਡ ਲਿਆਉਣ ਵਾਲ਼ੇ ਮੋਢੀ ਲੇਖਕ ਹਨ ਅਤੇ ਵਾਦ ਦੀ ਕੰਲਘੀ ਤੋਂ ਮੁਕਤ ਨੇ।

ਆਖ਼ਰ ਵਿਚ ਉੱਘੇ ਵਿਦਵਾਨ ਡਾ. ਰੌਣਕੀ ਰਾਮ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਮਨਮੋਹਨ ਹੋਰਾਂ ਨੂੰ ਸਨਮਾਨ ‘ਤੇ ਵਧਾਈ ਦਿੱਤੀ। ਉਹਨਾਂ ਅੱਜ ਦੇ ਪਰਚਿਆਂ ਨੂੰ ਸੰਤੁਲਿਤ ਦੱਸਿਆ। ਉਹਨਾਂ ਅਗਾਂਹ ਕਿਹਾ ਕਿ ਸੰਵਾਦ ਜ਼ਰੂਰੀ ਹੈ। ਉਹਨਾਂ ਚੁੱਪ ਨੂੰ ਜ਼ਰੂਰੀ ਸਥਾਨ ਦੱਸਿਆ।
ਧੰਨਵਾਦੀ ਸ਼ਬਦ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਸਰੋਤਿਆਂ ਆ ਧੰਨਵਾਦ ਕਰਦੇ ਮਨਮੋਹਨ ਹੋਰਾਂ ਦੇ ਸਨਮਾਨ ਨੂੰ ਸੰਸਥਾ ਦੀ ਪ੍ਰਾਪਤੀ ਦੱਸਿਆ ਤੇ ਅਗਾਂਹ ਤੋਂ ਇਸ ਤਰ੍ਹਾਂ ਦਾ ਉੱਦਮ ਕਰਨ ਦਾ ਤਹੱਈਆ ਕੀਤਾ।

ਅੱਜ ਦੇ ਸਮਾਗਮ ਵਿਚ ਉੱਘੇ ਪੱਤਰਕਾਰ ਜਸਵੀਰ ਸਮਰ, ਡਾ. ਸ਼ਾਮ ਸਿੰਘ, ਭੁਪਿੰਦਰ ਮਲਿਕ, ਡਾ. ਕੰਵਲਜੀਤ, ਗੁਲ ਚੌਹਾਨ, ਗੋਵਰਧਨ ਗੱਬੀ, ਗੁਰਪ੍ਰੀਤ ਡੈਣੀ, ਸੁਰਜੀਤ ਸੁਮਨ, ਵਿਜੇ ਕਪੂਰ, ਰੇਖਾ ਮਿੱਤਲ, ਸੁਭਾਸ਼ ਭਾਸਕਰ, ਸਰੂਪ ਸਿਆਲਵੀ, ਸਤਨਾਮ ਸ਼ੋਕਰ, ਕਹਾਣੀਕਾਰ ਪਰਮਜੀਤ ਮਾਨ, ਜਸਪਾਲ, ਗੁਰਦਰਸ਼ਨ ਮਾਵੀ, ਭਰਪਖਰ ਢਿੱਲੋਂ ਆਦਿ ਨੇ ਸ਼ਿਰਕਤ ਕੀਤੀ।