ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਨੇਤਰਹੀਣ ਏਕਤਾ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੇ ਦਫ਼ਤਰ ਮੂਹਰੇ ਸੈਕਟਰ 34 ਏ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ 91ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ (ਭਾਵ ਤਿੰਨ ਮਹੀਨੇ ਪੂਰੇ ਹੋ ਚੁੱਕੇ ਹਨ)। ਇਸ ਕੜੀ ਵਿੱਚ ਕੀਤੀ ਗਈ ਭੁੱਖ ਹੜਤਾਲ ਅੱਜ 25ਵੇਂ ਦਿਨ ਵੀ ਜਾਰੀ ਹੈ. ਪਰੰਤੂ ਨੇਤਰਹੀਣਾਂ ਨਾਲ ਸਿਰਫ ਵਾਅਦੇ ਹੀ ਕੀਤੇ ਗਏ ਹਨ, ਪਰ ਸਰਕਾਰ ਵੱਲੋਂ ਅਮਲੀ ਰੂਪ ਵਿੱਚ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ.
ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਬਰੜ੍ਹਵਾਲ (ਸੰਗਰੂਰ) ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਗਾਂ ਵਿੱਚ:
1.ਨੇਤਰਹੀਣਾਂ के 1% ਬਣਦੇ ਰਾਖਵੇਂਕਰਨ ਅਨੁਸਾਰ ਖਾਲੀ ਪਈਆਂ ਅਸਾਮੀਆਂ ਤੁਰੰਤ ਵਿਸ਼ੇਸ਼ ਭਰਤੀ ਮੁਹਿੰਮ ਚਲਾ ਕੇ ਭਰੀਆਂ ਜਾਣ.
2. ਅਪੰਗ ਵਿਅਕਤੀਆਂ ਨੂੰ ਮਿਲਦੀ ਮਹੀਨਾਵਾਰ ਪੈਨਸ਼ਨ 1500 ਤੋਂ ਵਧਾ ਕੇ 5000 ਕੀਤੀ ਜਾਵੇ.
3. ਨੇਤਰਹੀਣਾਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਹਰ ਪੱਧਰ ਦੀ ਉਚੇਰੀ ਪੜ੍ਹਾਈ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾਵੇ.
4. ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨੇਤਰਹੀਣਾਂ ਦੀ ਇੱਕੋ-ਇੱਕ ਚਲਾਈ ਜਾ ਰਹੀ ਸੰਸਥਾ Government Institute for the Blind, ਜਮਾਲਪੁਰ (ਲੁਧਿਆਣਾ) ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣ, ਜਿਵੇਂ:
ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇ ।
ਸਟਾਫ਼ ਪੂਰਾ ਕੀਤਾ ਜਾਵੇ ।
ਅਕੈਡਮਿਕ ਸੈਕਸ਼ਨ ਨੂੰ ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਅਧੀਨ ਕੀਤਾ ਜਾਵੇ ।
ਇਹਨਾਂ ਮੰਗਾਂ ਨੂੰ ਲੈ ਕੇ ਨੇਤਰਹੀਣਾਂ ਦੀਆਂ ਮੀਟਿੰਗਾਂ ਮਾਣਯੋਗ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਸ਼੍ਰੀਮਤੀ ਬਲਜੀਤ ਕੌਰ ਅਤੇ ਸਰਦਾਰ ਹਰਪਾਲ ਸਿੰਘ ਚੀਮਾ ਮਾਣਯੋਗ ਵਿੱਤ ਮੰਤਰੀ ਪੰਜਾਬ ਨਾਲ ਹੋ ਚੁੱਕੀਆਂ ਹਨ। ਮੰਤਰੀ ਸਾਹਿਬਾਨ ਵੱਲੋਂ ਇਹਨਾਂ ਮੰਗਾਂ ਨੂੰ ਜਾਇਜ਼ ਮੰਨਿਆ ਗਿਆ ਤੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਅੰਗਹੀਣਾਂ ਦੀ ਪੈਨਸ਼ਨ ਵਧਾਉਣ ਦਾ ਵਾਅਦਾ ਕਰ ਚੁੱਕੇ ਹਨ । ਪਰੰਤੂ ਅਮਲੀ ਰੂਪ ਵਿੱਚ ਨੇਤਰਹੀਣਾਂ ਦੀ ਇੱਕ ਵੀ ਮੰਗ ਪੰਜਾਬ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ। ਨੇਤਰਹੀਣ ਏਕਤਾ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ 4 ਨਵੰਬਰ 2026 ਨੂੰ ਨੇਤਰਹੀਣ CM ਹਾਊਸ ਪੰਜਾਬ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਣ ਵਾਸਤੇ ਯਾਦ ਪੱਤਰ ਸੌਂਪਣਗੇ, ਤੇ ਮੰਗਾਂ ਜਲਦ ਪੂਰੀਆਂ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਗੇ ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਢਿੱਲੋ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਪੰਜਾਬ ਆਪਣੀ ਸੁਹਿਰਦਤਾ ਦਿਖਾਉਂਦੇ ਹੋਏ ਦੀਵਾਲੀ ਵਾਲੇ ਦਿਨ ਨੇਤਰਹੀਣਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਐਲਾਨ ਕਰਨਗੇ ਅਤੇ ਇਸ ਖੁਸ਼ੀਆਂ ਭਰੇ ਤਿਉਹਾਰ ਨੂੰ ਨੇਤਰਹੀਣਾਂ ਲਈ ਹੋਰ ਖੂਬਸੂਰਤ ਬਣਾ ਦੇਣਗੇ ।


