ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਅਤੇ ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਸਹਿਯੋਗ ਨਾਲ ‘2025 ਦੇ ਪੰਜਾਬੀ ਸਾਹਿਤ: ਮੁੱਲ ਅਤੇ ਮੁਲਾਂਕਣ ‘ਤੇ ‘ ਤਿੰਨ ਰੋਜਾ਼ ਵਰਕਸ਼ਾਪ ਤਹਿਤ ਅੱਜ ਤੀਜੇ ਦਿਨ 2025 ਦੇ ‘ਨਾਟਕ ਅਤੇ ਅਨੁਵਾਦ ‘ਤੇ ਗੱਲਬਾਤ ਹੋਈ।
ਸਭ ਤੋਂ ਪਹਿਲਾਂ ਜਾਣ-ਪਛਾਣ ਕਰਾਉਂਦਿਆਂ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਵਰਕਸ਼ਾਪ ਦੇ ਮਨੋਰਥ ‘ਤੇ ਗੱਲ ਕਰਦਿਆਂ, ਆਉਣ ਵਾਲ਼ੇ 25 ਸਾਲਾਂ ਦੇ ਸਾਹਿਤ ਦੀ ਵੀ ਗੱਲ ਕੀਤੀ।
ਇਸ ਉਪਰੰਤ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਆਲੋਚਨਾ ਵੀ ਸਿਰਜਣਾਤਮਕ ਹੋਣੀ ਚਾਹੀਦੀ ਹੈ। ਉਹਨਾਂ ਨੇ ਅਕਾਦਮੀ ਦੇ ਭਵਿੱਖਮੁਖੀ ਕਾਰਜਾਂ ‘ਤੇ ਵੀ ਚਾਨਣਾ ਪਾਇਆ।
ਇਸ ਤੋਂ ਬਾਅਦ 2025 ਦੇ ਨਾਟਕ ਦੀ ਗੱਲ ਕਰਦੇ ਹੋਏ ਉੱਘੇ ਆਲੋਚਕ ਡਾ. ਕੁਲਬੀਰ ਮਲਿਕ ਨੇ 2025 ਦੇ ਲਿਖੇ ਨਾਟਕ, ਖੇਡੇ ਨਾਟਕ,ਬਾਲ ਨਾਟਕ, ਨੈਨੋ ਨਾਟਕ, ਨੁੱਕੜ ਨਾਟਕ, ਵਿਗਿਆਨਕ ਨਾਟਕ, ਫਿਲਾਸਫੀਕਲ ਨਾਟਕ ਆਦਿ ਦਾ ਵਰਗੀਕਰਨ ਕਰਕੇ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਨੇ ਮੌਲਿਕ ਨਾਟਕ ਘੱਟ ਲਿਖੇ ਜਾਣ ‘ਤੇ ਵੀ ਚਿੰਤਾ ਜ਼ਾਹਿਰ ਕੀਤੀ।
ਇਸ ਤੋਂ ਬਾਅਦ 2025 ਦੇ ਅਨੁਵਾਦ ‘ਤੇ ਬੋਲਦਿਂਆ ਨੌਜਵਾਨ ਆਲੋਚਕ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਕੋਈ ਅਨੁਵਾਦਕ ਉਸ ਗੂੰਜ ਦਾ ਅਨੁਵਾਦ ਕਰ ਸਕਦਾ ਹੈ ਜਿਹੜੀ ਮੂਲ ਭਾਸ਼ਾ ਵਿਚ ਹੁੰਦੀ ਹੈ, ਤਾਂ ਉਹ ਸਫ਼ਲ ਹੈ। ਉਹਨਾਂ ਨੇ ਅਨੁਵਾਦ ਦੀ ਇਤਿਹਾਸਕਾਰੀ ਨਾ ਹੋਣ ਦੀ ਚਿੰਤਾ ਕੀਤੀ। ਉਹਨਾਂ ਅਗਾਹ ਕੁਝ ਕਿਤਾਬਾਂ ਅਤੇ ਸਾਲ ਦੌਰਾਨ ਛਪੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ। ਇਸ ਉਪਰੰਤ ਖੋਜਾਰਥੀ ਜਸ਼ਨਪ੍ਰੀਤ ਕੌਰ ਨੇ ਕੁਝ ਸੁਆਲ ਉਠਾਏ ਤੇ ਕਿਹਾ ਕਿ ਬਹੁਤੇ ਅਨੁਵਾਦਕਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ।
ਸਮਾਗਮ ਦੇ ਆਖ਼ਰ ਵਿਚ ਮੁੱਖ ਮਹਿਮਾਨ ਉੱਘੀ ਅਦਾਕਾਰਾ ਤੇ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਅੱਜ ਦੇ ਸਮਾਗਮ ਨੂੰ ਸਫ਼ਲ ਕਿਹਾ ਤੇ ਬੁਲਾਰਿਆਂ ਦੀ ਸਾਰੇ ਨੁਕਤਿਆਂ ‘ਤੇ ਗੱਲ ਕਰਨ ਦੀ ਸ਼ਲਾਘਾ ਕੀਤੀ।
ਇਸ ਤੋਂ ਬਾਅਦ ਅਕਾਦਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਸਭ ਆਏ ਦੋਸਤਾਂ ਦਾ ਧੰਨਵਾਦ ਕਰਦੇ ਹੋਏ, ਅਕਾਦਮੀ ਦੇ ਕਾਰਜਾਂ ਦੀ ਤਫ਼ਸੀਲ ਦੱਸੀ। ਮੰਚ ਸੰਚਾਲਨ ਵਰਕਸ਼ਾਪ ਦੇ ਕੋਆਰਡੀਨੇਟਰ ਤੇ ਸ਼ਾਇਰ ਜਗਦੀਪ ਸਿੱਧੂ ਨੇ ਨਿਭਾਇਆ।
ਇਸ ਚਰਚਾ ਵਿਚ ਧਿਆਨ ਸਿੰਘ ਕਾਹਲੋਂ, ਕਹਾਣੀਕਾਰ ਗੁਰਮੀਤ ਸਿੰਗਲ, ਚਰਨਜੀਤ ਬੲਠ, ਸੁਰਿੰਦਰ ਗਿੱਲ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਜਗਤਾਰ ਜੋਗ, ਗੁਰਬੀਰ ਬਰਾੜ, ਜਸਵਿੰਦਰ ਕਾਈਨੌਰ, ਵਰਿੰਦਰ ਚੱਠਾ, ਸ਼ਬਦੀਸ਼, ਪ੍ਰੋ. ਗਗਨ, ਦੀਪਕ ਮਹਿਤਾ, ਕੰਵਲਜੀਤ ਆਦਿ ਨੇ ਸ਼ਿਰਕਤ ਕੀਤੀ।