ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ-32), ਚੰਡੀਗੜ੍ਹ ਵਿਖੇ ਬਾਲਗ਼ ਅਤੇ ਬਜ਼ੁਰਗ ਵੈਕਸੀਨੇਸ਼ਨ ਕਲੀਨਿਕ ਦਾ ਉਦਘਾਟਨ ਕੀਤਾ।
ਕਮਿਊਨਿਟੀ ਮੈਡੀਸਿਨ ਵਿਭਾਗ, ਜੀਐੱਮਸੀਐੱਚ-32 ਦੁਆਰਾ ਰੋਟਰੀ ਕਲੱਬ ਸੈਂਟਰਲ, ਚੰਡੀਗੜ੍ਹ ਦੇ ਸਹਿਯੋਗ ਨਾਲ ਸਥਾਪਿਤ ਇਸ ਕਲੀਨਿਕ ਦਿ ਉਦੇਸ਼ ਤੰਦਰੁਸਤ ਬਿਰਧ-ਅਵਸਥਾ ਨੂੰ ਹੁਲਾਰਾ ਦੇਣਾ ਅਤੇ ਬਾਲਗ਼ਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਟੀਕਾਕਰਣ ਦੁਆਰਾ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ।
ਇਹ ਕਲੀਨਿਕ ਇਨਫਲੂਐਂਜ਼ਾ, ਨਿਊਮੋਕੋਕਲ ਰੋਗ, ਹੈਪੇਟਾਇਟਿਸ ਏ ਅਤੇ ਬੀ, ਟਾਇਫਾਇਡ, ਟੈਟਨਸ, ਸ਼ਿੰਗਲਸ (ਹਰਪੀਜ਼ ਜ਼ੋਸਟਰ) ਅਤੇ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ/HPV) ਦੇ ਵਿਰੁੱਧ ਟੀਕਾਕਰਣ ਸੇਵਾਵਾਂ ਪ੍ਰਦਾਨ ਕਰੇਗਾ। ਇਹ ਬਿਮਾਰੀਆਂ ਹਰ ਵਰ੍ਹੇ ਬੜੀ ਸੰਖਿਆ ਵਿੱਚ ਬਾਲਗ਼ਾਂ ਵਿੱਚ ਗੰਭੀਰ ਸਿਹਥ ਸਮੱਸਿਆਵਾਂ, ਹਸਪਤਾਲ ਵਿੱਚ ਭਰਤੀ ਹੋਣ ਅਤੇ ਰੋਕੀਆਂ ਜਾ ਸਕਣ ਵਾਲੀਆਂ ਮੌਤਾਂ ਦਾ ਕਾਰਨ ਬਣਦੀਆਂ ਹਨ, ਜਿਨ੍ਹਾਂ ਨੂੰ ਸਮੇਂ ‘ਤੇ ਟੀਕਾਕਰਣ ਦੇ ਜ਼ਰੀਏ ਕਾਫੀ ਹੱਦ ਤੱਕ ਟਾਲਿਆ ਜਾ ਸਕਦਾ ਹੈ।
ਨਵੀਂ ਸਥਾਪਿਤ ਇਹ ਸੁਵਿਧਾ ਇੱਕ ‘ਵੰਨ-ਸਟਾਪ ਸੈਂਟਰ’ ਦੇ ਰੂਪ ਵਿੱਚ ਕਾਰਜ ਕਰੇਗੀ, ਜਿੱਥੇ ਬਾਲਗ਼ਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੀ ਉਮਰ ਅਤੇ ਸਿਹਤ ਸਥਿਤੀ ਦੇ ਅਧਾਰ ‘ਤੇ ਵਿਅਕਤੀਗਤ ਟੀਕਾਕਰਣ ਸਲਾਹ ਅਤੇ ਟੀਕਾਕਰਣ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਅਵਸਰ ‘ਤੇ ਜੀਐੱਮਸੀਐੱਚ-32 ਦੇ ਡਾਇਰੈਕਟਰ ਪ੍ਰਿੰਸੀਪਲ, ਡਾ. ਰਵਨੀਤ ਕੌਰ ਬੇਦੀ; ਰੋਟਰੀ ਕਲੱਬ ਸੈਂਟਰਲ, ਚੰਡੀਗੜ੍ਹ ਦੇ ਪ੍ਰਧਾਨ, ਸ਼੍ਰੀ ਵੇਭੂ ਭਟਨਾਗਰ; ਮੈਡੀਕਲ ਸੁਪਰਡੈਂਟ, ਡਾ. ਵਿਸ਼ਾਲ ਗੁਗਲਾਨੀ; ਕਮਿਊਨਿਟੀ ਮੈਡੀਸਿਨ ਵਿਭਾਗ ਦੇ ਮੁਖੀ, ਡਾ. ਸੋਨੀਆ ਪੁਰੀ; ਜੀਐੱਮਸੀਐੱਚ ਦੇ ਫੈਕਲਟੀ ਮੈਂਬਰ ਅਤੇ ਸੀਨੀਅਰ ਡਾਕਟਰ ਅਤੇ ਹੋਰ ਹਿਤਧਾਰਕ ਵੀ ਉਪਸਥਿਤ ਸਨ।
