ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਨਾਗਰਿਕਾਂ ਨੂੰ ਨਿਯਮਿਤ ਤੌਰ ‘ਤੇ ਸਵੈ-ਇੱਛਤ ਖੂਨਦਾਨ ਕਰਨ ਅਤੇ ਇਸ ਨੂੰ ਇੱਕ ਨਿਰੰਤਰ ਸਮਾਜਿਕ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ। ਇਹ ਸਮਾਗਮ ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ ਅਵਸਰ ‘ਤੇ ਜੀਐੱਮਸੀਐੱਚ-
32 ਵੱਲੋਂ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ‘ਟ੍ਰਾਂਸਫਿਊਜ਼ਨ ਮੈਡੀਸਿਨ’ ਵਿਭਾਗ ਨੇ ਲੋੜਵੰਦ ਮਰੀਜ਼ਾਂ ਨੂੰ ਸਮੇਂ ‘ਤੇ ਸੁਰੱਖਿਅਤ ਖੂਨ
ਉਪਲਬਧ ਕਰਵਾਉਣ ਵਿੱਚ ਸਵੈ-ਇੱਛਤ ਖੂਨਦਾਨ ਦੇ ਮਹੱਤਵ ਬਾਰੇ ਦੱਸਿਆ।

ਪ੍ਰਸ਼ਾਸਕ ਨੇ ਸਮਾਗਮ ਵਿੱਚ ਮੌਜੂਦ ਨੌਜਵਾਨਾਂ, ਗ਼ੈਰ-
ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਹੋਰ ਪ੍ਰਤੀਭਾਗੀਆਂ ਦੇ ਨਾਲ ਸਵੈ-ਇੱਛਤ ਖੂਨਦਾਨ ਕਰਨ ਦੀ ਸਹੁੰ ਵੀ ਚੁਕਾਈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਿਭਿੰਨ ਗ਼ੈਰ-ਸਰਕਾਰੀ ਸੰਗਠਨਾਂ ਦੇ ਨਾਲ-ਨਾਲ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ ਨਿਯਮਿਤ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਜਿਨ੍ਹਾਂ ਪਰਿਵਾਰਾਂ ਨੇ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਟ੍ਰੇਨਿੰਗ ਲਈ ਆਪਣੇ ਸਵਰਗਵਾਸੀ ਰਿਸ਼ਤੇਦਾਰਾਂ ਦੀਆਂ ਮ੍ਰਿਤਕ ਦੇਹਾਂ ਜੀਐੱਮਸੀਐੱਚ, ਚੰਡੀਗੜ੍ਹ ਨੂੰ ਦਾਨ ਕੀਤੀਆਂ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪ੍ਰਸ਼ਾਸਕ ਨੇ ਦੱਸਿਆ ਕਿ ਚੰਡੀਗੜ੍ਹ ਨੇ 2025-26 ਦੌਰਾਨ 1,028 ਸਵੈ-ਇੱਛਤ ਖੂਨਦਾਨ ਕੈਂਪ ਲਗਾਏ ਅਤੇ 1,06,064 ਯੂਨਿਟ ਖੂਨ ਇਕੱਠਾ ਕੀਤਾ, ਜਿਸ ਨਾਲ ਇਹ ਲਗਾਤਾਰ ਚੌਥੇ ਸਾਲ ਸਵੈ-ਇੱਛਤ ਖੂਨਦਾਨ ਵਿੱਚ ਬਿਹਤਰੀਨ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦਾ ਪੁਰਸਕਾਰ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ।

ਨੌਜਵਾਨਾਂ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਕਟਾਰੀਆ ਨੇ ਨਾਗਰਿਕਾਂ, ਵਿੱਦਿਅਕ ਸੰਸਥਾਵਾਂ, ਉਦਯੋਗਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਨਿਯਮਿਤ ਸਵੈ-ਇੱਛਤ ਖੂਨਦਾਨ ਨੂੰ ਹੁਲਾਰਾ ਦੇਣ ਅਤੇ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਖੂਨ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਅਤੇ ਸਵੈ-ਇੱਛਤ ਖੂਨਦਾਨੀ ਹੀ ਇਸ ਦਾ ਇੱਕੋ-ਇੱਕ ਮਾਨਵੀ ਸਰੋਤ ਹਨ। ਉਨ੍ਹਾਂ ਨੇ ਸਾਰਿਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਖੂਨ ਦੀ ਉਪਲਬਧਤਾ ਨਾ ਹੋਣ ਕਾਰਨ ਕਿਸੇ ਵੀ ਮਰੀਜ਼ ਦਾ ਇਲਾਜ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਪਹਿਚਾਣ ਕੇਵਲ ਇੱਕ ਆਧੁਨਿਕ, ਸਵੱਛ ਅਤੇ ਸੁੰਦਰ ਸ਼ਹਿਰ ਦੇ ਰੂਪ ਵਿੱਚ ਹੀ ਨਹੀਂ, ਬਲਕਿ ਸਵੈ-ਇੱਛਤ ਖੂਨਦਾਨ, ਨਿਰਸੁਆਰਥ ਸੇਵਾ ਅਤੇ ਮਾਨਵੀ ਜ਼ਿੰਮੇਦਾਰੀ ਦੇ ਮਜ਼ਬੂਤ ​​ਸੱਭਿਆਚਾਰ ਵਾਲੇ ਸ਼ਹਿਰ ਦੇ ਰੂਪ ਵਿੱਚ ਵੀ ਹੋਣੀ ਚਾਹੀਦੀ ਹੈ।

ਸਵੈ-ਇੱਛਤ ਖੂਨਦਾਨ ਲੋੜਵੰਦ ਮਰੀਜ਼ਾਂ ਲਈ ਉਚਿਤ ਮਾਤਰਾ ਵਿੱਚ ਸੁਰੱਖਿਅਤ ਖੂਨ ਦੀ ਉਪਲਬਧਤਾ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰਜਰੀ ਅਤੇ ਮੈਡੀਕਲ ਐਮਰਜੈਂਸੀ ਦੇ ਇਲਾਵਾ ਜਣੇਪੇ ਦੇ ਦੌਰਾਨ ਕਠਿਨਾਈਆਂ ਦੇ ਕਾਰਨ ਅਧਿਕ ਖੂਨ ਦੀ ਜ਼ਰੂਰਤ ਵਾਲੀਆਂ ਮਹਿਲਾਵਾਂ, ਗੰਭੀਰ ਅਨੀਮੀਆ ਤੋਂ ਪੀੜਿਤ ਬੱਚਿਆਂ ਅਤੇ ਥੈਲੇਸੀਮੀਆ,
ਹੀਮੋਫੀਲੀਆ ਅਤੇ ਹੋਰ ਖੂਨ ਸਬੰਧੀ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਦੇ ਇਲਾਜ ਵਿੱਚ ਵੀ ਖੂਨ ਦੀ ਨਿਯਮਿਤ ਜ਼ਰੂਰਤ ਹੁੰਦੀ ਹੈ।

ਇਸ ਅਵਸਰ ‘ਤੇ ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਡਾਇਰੈਕਟਰ ਪ੍ਰਿੰਸੀਪਲ ਪ੍ਰੋਫੈਸਰ ਰਵਨੀਤ ਕੌਰ; ਜੁਆਇੰਟ ਡਾਇਰੈਕਟਰ ਡਾ. ਅਤੁਲ ਧਕਨੇ; ਅਤੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਵਿਸ਼ਾਲ ਗੁਗਲਾਨੀ ਵੀ ਉਪਸਥਿਤ ਸਨ।

ਪ੍ਰਸ਼ਾਸਕ ਨੇ ਸਵੈ-ਇੱਛਤ ਖੂਨਦਾਨੀਆਂ, ਜੀਐੱਮਸੀਐੱਚ-
32 ਦੇ ਟਰਾਂਸਫਿਊਜ਼ਨ ਮੈਡੀਸਿਨ ਵਿਭਾਗ ਦੇ ਡਾਕਟਰਾਂ, ਤਕਨੀਕੀ ਅਤੇ ਨਰਸਿੰਗ ਸਟਾਫ਼, ਅਤੇ ਪੂਰੇ ਵਰ੍ਹੇ ਖੂਨਦਾਨ ਕੈਂਪ ਆਯੋਜਿਤ ਕਰਨ ਵਾਲੇ ਸੰਗਠਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।