ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਕ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਦੀ ਅਕਾਦਮਿਕ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਸਕੱਤਰ ਸਿੱਖਿਆ ਸੁਸ਼੍ਰੀ ਪ੍ਰੇਰਣਾ ਪੁਰੀ; ਡਾਇਰੈਕਟਰ ਸਕੂਲ ਸਿੱਖਿਆ ਸ਼੍ਰੀ ਨਿਤੀਸ਼ ਸਿੰਗਲਾ ਅਤੇ 13 ਸਕੂਲਾਂ ਦੀ ਪ੍ਰਤੀਨਿਧਤਾ ਕਰਨ ਵਾਲੇ 12 ਪ੍ਰਿੰਸੀਪਲ ਹਾਜ਼ਰ ਰਹੇ।
ਮੀਟਿੰਗ ਦੇ ਦੌਰਾਨ, ਸ਼੍ਰੀ ਕਟਾਰੀਆ ਨੇ ਸਕੂਲਾਂ ਦੇ ਪ੍ਰਦਰਸ਼ਨ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ‘ਤੇ ਚਰਚਾ ਕੀਤੀ ਅਤੇ ਉਨ੍ਹਾਂ ਖੇਤਰਾਂ ‘ਤੇ ਪ੍ਰਿੰਸੀਪਲਾਂ ਤੋਂ ਸੁਝਾਅ ਮੰਗੇ ਜਿਨ੍ਹਾਂ ‘ਤੇ ਵਿਸ਼ੇਸ਼ ਧਿਆਨ ਅਤੇ ਸਹਿਯੋਗ ਦੀ ਜ਼ਰੂਰਤ ਹੈ।
ਪ੍ਰਸ਼ਾਸਕ ਨੇ ਵਿਦਿਆਰਥੀਆਂ ਦੀ
ਨਿਯਮਿਤ ਹਾਜ਼ਰੀ, ਸਿੱਖਣ ਦੇ ਪੱਧਰ ਵਿੱਚ ਆਉਣ ਵਾਲੇ ਅੰਤਰ (ਲਰਨਿੰਗ ਗੈਪਸ) ਦੀ ਪਹਿਚਾਣ ਕਰਨ ਅਤੇ ਸੁਧਾਰਾਤਮਕ ਸਿੱਖਿਆ (ਰੇਮੇਡੀਅਲ ਟੀਚਿੰਗ) ਅਤੇ ਅਕਾਦਮਿਕ ਸਹਿਯੋਗ ਦੇ ਜ਼ਰੀਏ ਕਮਜ਼ੋਰ ਵਿਦਿਆਰਥੀਆਂ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਟਾਫ਼ ਦੀ ਉਪਲਬਧਤਾ, ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ, ਵਿਦਿਆਰਥੀਆਂ ਦੇ ਪ੍ਰਵਾਸ/ਪਲਾਇਨ ਅਤੇ ਮਾਪਿਆਂ ਦੀ ਭਾਗੀਦਾਰੀ ਜਿਹੇ ਮੁੱਦਿਆਂ ਦੀ ਵੀ ਸਮੀਖਿਆ ਕੀਤੀ, ਜਿਨ੍ਹਾਂ ਦਾ ਅਸਰ ਸਕੂਲ ਦੇ ਪ੍ਰਦਰਸ਼ਨ ‘ਤੇ ਪੈ ਸਕਦਾ ਹੈ।
ਸ਼੍ਰੀ ਕਟਾਰੀਆ ਨੇ ਜ਼ਰੂਰਤ ਅਨੁਸਾਰ ਅਤਿਰਿਕਤ ਕਲਾਸਰੂਮਸ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਸਿੱਖਿਆ ਅਤੇ ਸਿੱਖਣ ਨੂੰ ਮਜ਼ਬੂਤ ਕਰਨ ਲਈ ਪੈਰੀਫੇਰੀ (ਬਾਹਰੀ/ਸੀਮਾਵਰਤੀ) ਖੇਤਰਾਂ ਦੇ ਸਕੂਲਾਂ ਵਿੱਚ ਲੋੜੀਂਦਾ ਸਟਾਫ਼ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਅਕਾਦਮਿਕ ਪ੍ਰਦਰਸ਼ਨ ਵਿੱਚ ਸੁਧਾਰ ਲਈ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕਰਨ ਹਿਤ ਉੱਘੇ ਸੇਵਾਮੁਕਤ ਵਿਅਕਤੀਆਂ ਦੁਆਰਾ ਹਰੇਕ ਸਕੂਲ ਦੀ ਨਿਯਮਿਤ ਮੈਂਟਰਿੰਗ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ।
ਸ਼੍ਰੀ ਕਟਾਰੀਆ ਨੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਦੇ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਨੂੰ ਖੇਡਾਂ, ਕਿੱਤਾਮੁਖੀ ਸਿੱਖਿਆ, ਕੌਸ਼ਲ ਵਿਕਾਸ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਅਵਸਰ ਪ੍ਰਦਾਨ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਪ੍ਰਸ਼ਾਸਕ ਨੇ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਸ਼ਨਾਖ਼ਤ ਕੀਤੇ ਗਏ ਖੇਤਰਾਂ ‘ਤੇ ਸਮੂਹਿਕ ਤੌਰ ‘ਤੇ ਕਾਰਜ ਕਰਨ, ਮੌਜੂਦਾ ਪਹਿਲਾਂ ਨੂੰ ਮਜ਼ਬੂਤ ਕਰਨ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਇੱਕ ਸਹਾਇਕ ਅਤੇ ਸੰਪੂਰਨ ਵਿੱਦਿਅਕ ਵਾਤਾਵਰਣ ਪ੍ਰਦਾਨ ਕਰਨ ਲਈ ਨਿਯਮਿਤ ਤੌਰ ‘ਤੇ ਪ੍ਰਗਤੀ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
