ABVP ਦੀ 410 ਵੋਟਾਂ ਨਾਲ ਇਤਿਹਾਸਕ ਜਿੱਤ, SOI ਦੇ ਵਰਕਰਾਂ ਨੇ ਨਿਭਾਈ ਨਿਰਣਾਇਕ ਭੂਮਿਕਾ
“ਪੰਜਾਬ ਯੂਨੀਵਰਸਿਟੀ ਨੇ ਸੁਣਾ ਦਿੱਤਾ ਫ਼ੈਸਲਾ — ਪੰਜਾਬ ਦੀ ਸੱਤਾ ਦੇ ਜ਼ੋਰ ਨੂੰ ਵਿਦਿਆਰਥੀਆਂ ਨੇ ਕੀਤਾ ਰੱਦ, AAP-ਕਾਂਗਰਸ ਦੇ ਸਟੂਡੈਂਟ ਵਿੰਗ ਦੀ ਕਰਾਰੀ ਹਾਰ।”
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦੀ ਸਿਆਸਤ ਨੂੰ ਵੱਡਾ ਸੰਦੇਸ਼ ਦਿੱਤਾ ਹੈ। ABVP ਨੇ 410 ਵੋਟਾਂ ਦੇ ਭਾਰੀ ਫਰਕ ਨਾਲ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗਾਂ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਵਾਇਆ।
ਇਸ ਜਿੱਤ ਵਿੱਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਦੇ ਵਰਕਰਾਂ ਨੇ ਬੂਥ ਤੋਂ ਲੈ ਕੇ ਕੈਂਪਸ ਤੱਕ ਨਿਰਣਾਇਕ ਭੂਮਿਕਾ ਨਿਭਾਈ। SOI ਦੀ ਮਜ਼ਬੂਤ ਸੰਗਠਨਾਤਮਕ ਤਾਕਤ ਅਤੇ ਵਰਕਰਾਂ ਦੀ ਸਰਗਰਮੀ ਨੇ ਇੱਕ ਦਿਨ ਵਿੱਚ ਚੋਣਾਂ ਦਾ ਰੁਖ ABVP ਦੇ ਹੱਕ ਵਿੱਚ ਮੋੜਨ ਵਿੱਚ ਅਹਿਮ ਯੋਗਦਾਨ ਪਾਇਆ।
ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਮੁਕਾਬਲੇ ਨੂੰ ਆਪਣੀ ਸਾਖ ਦਾ ਸਵਾਲ ਬਣਾਉਂਦਿਆਂ ਪੂਰਾ ਸਿਆਸੀ ਜ਼ੋਰ ਲਗਾਇਆ। ਦੋਸ਼ ਹੈ ਕਿ ਸੱਤਾ ਧਿਰ ਵੱਲੋਂ ਆਪਣੇ ਸਟੂਡੈਂਟ ਵਿੰਗ ਨੂੰ ਹਰ ਸੰਭਵ ਸਹਿਯੋਗ ਦਿੱਤਾ ਗਿਆ, ਪਰ ਵਿਦਿਆਰਥੀਆਂ ਨੇ ਵੋਟ ਦੀ ਤਾਕਤ ਨਾਲ ਸੱਤਾ ਦੇ ਪ੍ਰਭਾਵ ਨੂੰ ਨਕਾਰ ਦਿੱਤਾ।
410 ਵੋਟਾਂ ਦਾ ਇਹ ਫਰਕ ਸਿਰਫ਼ ਇੱਕ ਜਿੱਤ ਨਹੀਂ, ਸਗੋਂ ਕੈਂਪਸ ਵਿੱਚ AAP ਅਤੇ ਕਾਂਗਰਸ ਦੀ ਵਿਦਿਆਰਥੀ ਰਾਜਨੀਤੀ ਨੂੰ ਮਿਲਿਆ ਸਪੱਸ਼ਟ ਜਨਮਤ ਮੰਨਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ਨੇ ਇਹ ਸੰਦੇਸ਼ ਦਿੱਤਾ ਕਿ ਵਿਦਿਆਰਥੀ ਮੁੱਦਿਆਂ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ, ਨਾ ਕਿ ਸੱਤਾ ਦੇ ਦਬਾਅ ਅਤੇ ਪ੍ਰਚਾਰ ਨੂੰ।
