ਸੋਧ ਦਾ ਸਵਾਗਤ, ਲੇਕਿਨ ‘ਆਪ’ ਸਰਕਾਰ ਦੀ ਨੀਅਤ ‘ਤੇ ਸੰਦੇਹ
ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੇਅਦਬੀ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਲਈ ਕੀਤੀ ਗਈ ਸੋਧ ਦਾ ਸਵਾਗਤ ਕੀਤਾ ਹੈ, ਲੇਕਿਨ ਇਸਦੇ ਨਾਲ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇੱਕ ਨਿਰਧਾਰਤ ਸਮਾਂ-ਸੀਮਾ ਤੈਅ ਕਰਨ ਦੀ ਮੰਗ ਵੀ ਕੀਤੀ ਹੈ।
ਇਸ ਮੌਕੇ ਸੋਧਾਂ ਦਾ ਸਵਾਗਤ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਸੰਦੇਹ ਨਹੀਂ ਸੀ ਕਿ ਬੇਅਦਬੀ ਕਾਨੂੰਨ ਵਿੱਚ ਸੋਧਾਂ ਪੰਜਾਬ ਵਿਧਾਨ ਸਭਾ ਵਲੋਂ ਪਾਸ ਹੋਣੀਆਂ ਹੀ ਸਨ।
ਉਨ੍ਹਾਂ ਸਵਾਲ ਕੀਤਾ ਕਿ ਕੌਣ ਨਹੀਂ ਚਾਹੁੰਦਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਨਾ ਸਜ਼ਾ ਮਿਲੇ? ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਦੀ ਨੀਅਤ ਸੱਚੀ ਨਾ ਹੋਵੇ, ਤਾਂ ਵਾਰ-ਵਾਰ ਕਾਨੂੰਨ ਪਾਸ ਕਰਨ ਜਾਂ ਸੋਧਾਂ ਲਿਆਉਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਆਪ ਸਰਕਾਰ ਦੀ ਨੀਅਤ ਵੀ ਅਸਫਲ ਰਹੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਈ, ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਤ ਮੁੜ ਓਥੇ ਹੀ ਆ ਗਏ ਹਨ। ਕਿਉਂਕਿ ਸਰਕਾਰ ਲਈ ਮੌਜੂਦਾ ਕਾਨੂੰਨਾਂ ਹੇਠ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਕੋਈ ਮੁਸ਼ਕਲ ਨਹੀਂ ਸੀ, ਲੇਕਿਨ ਸਿਰਫ਼ ਨੀਅਤ ਦੀ ਕਮੀ ਸੀ।
ਵੜਿੰਗ ਨੇ ਪੁੱਛਿਆ ਕਿ ਰਾਜਪਾਲ ਵੱਲੋਂ ਮਨਜ਼ੂਰੀ ਦੇ ਮੱਦੇਨਜਰ, ਹੁਣ ਜਦੋਂ ਇਨ੍ਹਾਂ ਨੇ ਖੁਦ ਹੋਰ ਸਖਤ ਕਾਨੂੰਨ ਬਣਾ ਲਿਆ ਹੈ, ਤਾਂ ਕੀ ਆਪ ਸਰਕਾਰ ਇਹ ਵੀ ਦੱਸੇਗੀ ਕਿ ਇਸ ਮਾਮਲੇ ਵਿੱਚ ਨਿਆਂ ਕਦੋਂ ਤੱਕ ਕੀਤਾ ਜਾਵੇਗਾ?
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸਮੇਂ-ਸੀਮਾ ਤੈਅ ਕਰੇ। ਉਦੋਂ ਹੀ ਲੋਕ ਇਸਦੀ ਨੀਅਤ ‘ਤੇ ਭਰੋਸਾ ਕਰਨਗੇ। ਨਹੀਂ ਤਾਂ, ਇਹ ਅਜਿਹੇ ਲੋਕਾਂ ਵੱਲੋਂ ਇੱਕ ਹੋਰ ਸਿਆਸੀ ਨਾਟਕ ਸਾਬਤ ਹੋਵੇਗਾ, ਜਿਹੜੇ ਸਿਆਸੀ ਨਾਟਕਬਾਜ਼ੀ ਦੇ ਮਾਹਿਰ ਮੰਨੇ ਜਾਂਦੇ ਹਨ।