ਨਵਾਂਸ਼ਹਿਰ, 24 ਨਵੰਬਰ, 2023:
ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਖਰੀਦ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਖਰੀਦ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਵਿੱਤੀ ਸਾਲ 2023-24 ਲਈ ਕੁੱਲ 06.00 ਲੱਖ ਰੁਪਏ ਦਾ ਬੱਜਟ ਅਲਾਟ ਹੋਇਆ ਸੀ ਅਤੇ ਇਸ ਬੱਜਟ ਵਿੱਚੋਂ 5,75,412/-ਰੁਪਏ ਬਕਾਇਆ ਪਏ ਹੋਏ ਹਨ ਜੋ ਕਿ ਸਕੀਮ ਦੇ ਬੈਂਕ ਖਾਤੇ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ ਐਕਸ਼ਨ ਪਲਾਨ ਦੇ ਅਨੁਸਾਰ ਨਿਰਧਾਰਿਤ ਟਿਚਿਆਂ ਲਈ ਕੀਤੀ ਜਾਂਦੀ ਹੈ ਅਤੇ ਖਰੀਦ ਕਮੇਟੀ ਦੇ ਸਮੂਹ ਮੈਂਬਰਾਂ ਨੇ ਇੱਕ ਤਜਵੀਜ਼ ਰੱਖੀ ਹੈ ਕਿ ਉਕਤ ਰਕਮ ਵਿੱਚੋਂ ਜ਼ਿਲੇ ਦੀਆਂ 210 ਨਵ-ਜੰਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ ਅਤੇ ਜ਼ਿਲੇ ਵਿੱਚ ਵਿੱਦਿਅਕ ਖੇਤਰਾਂ ਵਿੱਚ ਜਾਂ ਖੇਡਾਂ ਵਿੱਚ ਵਿਸੇਸ਼ ਪ੍ਰਾਪਤੀਆਂ ਕਰਨ ਵਾਲੀਆਂ 210 ਲੜਕੀਆਂ ਨੂੰ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾਣੀ ਯੋਗ ਹੋਵੇਗੀ। ਇਸ ਤਜਵੀਜ਼ ਨੂੰ ਮੀਟਿੰਗ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਆਦੇਸ਼ਾਂ ਮੁਤਾਬਿਕ ਇਹ ਸਾਰੀ ਖਰੀਦ ਨਿਯਮਾਂ ਅਨੁਸਾਰ ਸਰਕਾਰ ਦੇ ਜੈਮ ਪੋਰਟਲ ਤੋਂ ਹੀ ਕੀਤੀ ਜਾਏਗੀ। ਉਨ੍ਹਾਂ ਨੇ ਖਰੀਦ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਪੋਰਟਸ ਕਿੱਟਾਂ ਦੇ ਨਾਲ ਹਰ ਕਿੱਟ ਵਿੱਚ ਬੱਚਿਆਂ ਨੂੰ 2-2 ਕਾਪੀਆਂ ਵੀ ਦਿੱਤੀਆਂ ਜਾਣ ਅਤੇ ਇਹ ਸਾਰੀਆਂ ਬੇਬੀ ਕਿੱਟਾਂ ਅਤੇ ਸਪੋਰਟਸ ਕਿੱਟਾਂ ਸਿਹਤ ਵਿਭਾਗ ਅਤੇ ਖੇਡ ਵਿਭਾਗ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਖਰੀਦੀਆਂ ਜਾਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਬਾਲ ਵਿਕਾਸ ਤੇ ਪੋਜੈਕਟ ਅਫਸਰ ਜਗਰੂਪ ਸਿੰਘ, ਅਤੇ ਮਨਜੀਤ ਸਿੰਘ ਕੋਚ ਦਫਤਰ ਜ਼ਿਲਾ ਖੇਡ ਅਫਸਰ ਵੀ ਹਾਜ਼ਰ ਸਨ।
