ਆਪ ਸਰਕਾਰ ਨੇ ਅਧਿਕਾਰ ਤੌਰ ’ਤੇ ਸੁਪਰੀਮ ਕੋਰਟ ਵਿਚ ਪ੍ਰਵਾਨ ਕੀਤਾ ਕਿ ਇਹ ਐਸ ਵਾਈ ਐਲ ਦੀ ਉਸਾਰੀ ਲਈ ਤਿਆਰ ਹੈ ਪਰ ਵਿਰੋਧੀ ਪਾਰਟੀਆਂ ਦੇ ਵਿਰੋਧ ਤੇ ਕਿਸਾਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜ਼ਮੀਨ ਵਾਪਸ ਦੇਣ ਮਗਰੋਂ ਜ਼ਮੀਨ ਮੁੜ ਐਕਵਾਇਰ ਕਰਨ ਵਿਚ ਮੁਸ਼ਕਿਲਾਂ ਹਨ: ਐਡਵੋਕੇਟ ਅਰਸ਼ਦੀਪ ਸਿੰਘ ਕਲੇਰ

ਭਗਵੰਤ ਮਾਨ 1 ਨਵੰਬਰ ਤੱਕ ਉਡੀਕ ਕਰਨ ਦੀ ਥਾਂ 10 ਅਕਤੂਬਰ ਨੂੰ ਆਪਣੀ ਰਿਹਾਇਸ਼ ਦੇ ਬਾਹਰ ਬਹਿਸ ਲਈ ਤਿਆਰ ਰਹਿਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਉਹਨਾਂ ਦੀ ਰਿਹਾਇਸ਼ ’ਤੇ ਪੁੱਜਣਗੇ

ਅਕਾਲੀ ਦਲ ਆਪ ਦੇ ਅਧਿਕਾਰਤ ਬੁਲਾਰੇ ਵੱਲੋਂ ਵਾਰ-ਵਾਰ ਝੂਠ ਬੋਲਣ ’ਤੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜੇਗਾ

ਚੰਡੀਗੜ੍ਹ, 8 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਐਸ ਵਾਈ ਐਲ ਦੇ ਮਾਮਲੇ ’ਤੇ ਪੰਜਾਬ ਨੂੰ ਚਾਰ ਦਹਾਕਿਆਂ ਪਹਿਲਾਂ ਵਾਲੀ ਥਾਂ ਭੇਜ ਦਿੱਤਾ ਹੈ ਜਿਥੋਂ ਪੰਜਾਬ ਕਾਲੇ ਦੌਰ ਵਿਚ ਧੱਕਿਆ ਗਿਆ ਸੀ ਤੇ ਇਸਨੇ ਕਾਫੀ ਨੁਕਸਾਨ ਝੱਲਿਆ ਤੇ ਪਾਰਟੀ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ 1 ਨਵੰਬਰ ਤੱਕ ਉਡੀਕ ਕਰਨ ਦੀ ਥਾਂ 10 ਅਕਤੂਬਰ ਨੂੰ ਆਪਣੀ ਰਿਹਾਇਸ਼ ਦੇ ਬਾਹਰ ਹੀ ਬਹਿਸ ਵਾਸਤੇ ਤਿਆਰ ਰਹਿਣ ਕਿਉਂਕਿ ਅਕਾਲੀ ਆਗੂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਹਨਾਂ ਦੀ ਰਿਹਾਇਸ਼ ’ਤੇ ਪੁੱਜਣਗੇ।

ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਅਤੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੈਰਾਨੀ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਟੇਜ ਤੋਂ ਸਟੇਟ ’ਤੇ ਪਹੁੰਚਣ ਮਗਰੋਂ ਹੁਣ ਫਿਰ ਤੋਂ ਸਟੇਟ ਤੋਂ ਸਟੇਜ ’ਤੇ ਪੁੱਜਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਸੂਬੇ ਦੇ ਲੋਕ ਸਮਝ ਗਏ ਹਨ ਕਿ ਉਹਨਾਂ ਕਿਵੇਂ ਪੰਜਾਬ ਨਾਲ ਧੋਖਾ ਕੀਤਾ ਹੈ ਤੇ ਪੰਜਾਬ ਨੂੰ ਦਿੱਲੀ ਦੀ ਲੀਡਰਸ਼ਿਪ ਸਮੇਤ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪੰਜਾਬ ਦੇ ਖ਼ਜ਼ਾਨੇ ਦੀ ਕੀਮਤ ’ਤੇ ਹੋਰ ਰਾਜਾਂ ਵਿਚ ਪੰਜਾਬ ਦਾ ਵਿਸਥਾਰ ਕਰ ਸਕਣ।

ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਐਸ ਵਾਈ ਐਲ ਦੇ ਮਾਮਲੇ ’ਤੇ ਲਿਆ ਸਟੈਂਡ ਸੁਪਰੀਮ ਕੋਰਟ ਦੇ ਰਿਕਾਰਡ ਦਾ ਹਿੱਸਾ ਹੈ ਜਿਸ ਵਿਚ ਪੰਜਾਬ ਦੇ ਵਕੀਲ ਨੇ ਮੰਨਿਆ ਹੈ ਕਿ ਸਰਕਾਰ ਐਸ ਵਾਈ ਐਲ ਨਹਿਰ ਦੀ ਉਸਾਰੀ ਵਾਸਤੇ ਤਿਆਰ ਹੈ ਪਰ ਵਿਰੋਧੀ ਪਾਰਟੀਆਂ ਦੇ ਵਿਰੋਧ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਮਗਰੋਂ ਇਸਨੂੰ ਮੁੜ ਐਕਵਾਇਰ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ ਤੇ ਇਸ ਮਗਰੋਂ ਸੁਪਰੀਮ ਕੋਰਟ ਨੇ ਸਰਵੇਖਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਜਿਸਦਾ ਪੰਜਾਬ ਦੇ ਆਪ ਬੁਲਾਰਿਆਂ ਨੇ ਸਵਾਗਤ ਕੀਤਾ ਤੇ ਕੇਂਦਰ ਦੇ ਸਰਵੇਖਣ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਤਾਂ ਫਿਰ ਮੁੱਖ ਮੰਤਰੀ ਵਿਰੋਧੀ ਧਿਰਾਂ ਨੂੰ ਚੁਣੌਤੀ ਦਿੰਦਾ ਟਵੀਟ ਕਰ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।
ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ 1 ਨਵੰਬਰ ਤੱਕ ਉਡੀਕ ਕਿਉਂ ਕਰਨੀ ਹੈ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਲੀਡਰਸ਼ਿਪ 10 ਅਕਤੂਬਰ ਨੂੰ ਉਹਨਾਂ ਦੀ ਰਿਹਾਇਸ਼ ’ਤੇ ਪੁੱਜ ਰਹੀ ਹੈ ਜਿਥੇ ਉਹ ਪੰਜਾਬ ਦੇ ਮਾਮਲਿਆਂ ’ਤੇ ਬਹਿਸ ਕਰ ਸਕਦੇ ਹਨ।

ਐਡਵੋਕੇਟ ਕਲੇਰ ਨੇ ਹੋਰ ਕਿਹਾ ਕਿ ਆਪ ਦੇ ਅਧਿਕਾਰਤ ਬੁਲਾਰੇ ਨੇ ਮੀਡੀਆ ਕੋਲ ਬਾਦਲ ਪਰਿਵਾਰ ਦੇ ਬਾਲਾਸਰ ਫਾਰਮ ਹਾਊਸ ਅਤੇ ਗੁਰੂਗ੍ਰਾਮ ਦੇ ਹੋਟਲ ਬਾਰੇ ਝੂਠ ਬੋਲਿਆ ਹੈ ਕਿ ਉਹ ਐਸ ਵਾਈ ਐਲ ਨਹਿਰ ਬਦਲੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬਾਲਾਸਰ ਫਾਰਮ ਹਾਊ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਨਾ ਜੀ ਦੀ ਜਾਇਦਾਦ ਹੈ ਜਦੋਂ ਕਿ ਗੁਰੂਗ੍ਰਾਮ ਦਾ ਪਲਾਟ ਜੋ ਖਰੀਦਣ ਮਗਰੋਂ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਰੱਦ ਕਰ ਦਿੱਤਾ ਸੀ। ਫਿਰ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਤੇ ਅਖੀਰ ਸੁਪਰੀਮ ਕੋਰਟ ਨੇ ਪਲਾਟ ਮੁੜ ਅਲਾਟ ਕੀਤਾ ਸੀ। ਉਹਨਾਂ ਕਿਹਾ ਕਿ ਤੱਥਾਂ ਦੀ ਪੜਚੋਲ ਕੀਤੇ ਬਗੈਰ ਆਪ ਦੇ ਬੁਲਾਰੇ ਨੇ ਸਿਰਫ ਆਪਣੀ ਗੱਲ ਨੂੰ ਸੱਚਾ ਸਾਬਤ ਕਰਨ ਵਾਸਤੇ ਝੂਠ ਬੋਲਿਆ। ਉਹਨਾਂ ਕਿਹਾ ਕਿ ਹੁਣ ਅਸੀਂ ਇਸ ਮਾਮਲੇ ’ਤੇ ਝੂਠ ਬੋਲਣ ਵਾਸਤੇ ਕਾਨੂੰਨੀ ਨੋਟਿਸ ਭੇਜ ਰਹੇ ਹਾਂ।

ਹਰਿਆਣਾ ਸਰਕਾਰ ਤੋਂ ਐਸ ਵਾਈ ਐਲ ਨਹਿਰ ਦੀ ਉਸਾਰੀ ਵਾਸਤੇ ਮਿਲੇ ਪੈਸੇ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਦਾਦਾ ਜੀ ਗਿਆਨੀ ਜ਼ੈਲ ਸਿੰਘ ਨੇ ਇਹ ਪੈਸਾ ਪ੍ਰਾਪਤ ਕੀਤਾ ਸੀ ਤੇ ਉਹਨਾਂ ਨੇ ਮੌਕੇ ’ਤੇ ਇਸਦਾ ਚੈਕ ਨੰਬਰ ਵੀ ਦੱਸਿਆ ਤੇ ਕਿਹਾ ਕਿ ਇਹ ਪੈਸਾ ਮਿਲਣ ਮਗਰੋਂ ਐਸ ਵਾਈ ਐਲ ਦੀ ਉਸਾਰੀ ਸ਼ੁਰੂ ਹੋਈ। ਉਹਨਾਂ ਕਿਹਾ ਕਿ ਤੱਥਾਂ ਬਾਰੇ ਸਪੀਕਰ ਸਾਹਿਬ ਨੂੰ ਪੁੱਛਿਆ ਜਾ ਸਕਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਬਜਾਏ ਝੂਠ ਬੋਲਣ ਤੇ ਫਿਰ ਤੋਂ ਸਟੇਜ ਵਾਲੇ ਪਾਸੇ ਹੋਣ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ 10 ਅਕਤੂਬਰ ਵਾਸਤੇ ਆਪ ਵੀ ਤਿਆਰ ਰਹਿਣਾ ਚਾਹੀਦਾ ਹੈ ਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਵੀ ਸੱਦ ਲੈਣਾ ਚਾਹੀਦਾਹੈ ਤਾਂ ਜੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਨਾਲ ਪੰਜਾਬ ਦੇ ਮਾਮਲਿਆਂ ’ਤੇ ਬਹਿਸ ਕੀਤੀ ਜਾ ਸਕੇ।

×