ਅੰਮ੍ਰਿਤਸਰ, 22 ਮਾਰਚ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹ ਅੰਦਰ ਨਜ਼ਰਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਸ. ਤੇਜਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੌਮੀ ਯੋਧੇ ਭਾਈ ਦਵਿੰਦਰਪਾਲ ਸਿੰਘ ਦਾ ਸਿੱਖ ਪੰਥ ਅੰਦਰ ਵੱਡਾ ਸਤਿਕਾਰ ਹੈ ਅਤੇ ਉਨ੍ਹਾਂ ਦੇ ਭਰਾ ਸ. ਤੇਜਿੰਦਰ ਸਿੰਘ ਭੁੱਲਰ ਦੇ ਅਮਰੀਕਾ ਅੰਦਰ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੌਮੀ ਸੰਘਰਸ਼ ਨੂੰ ਸਮਰਪਿਤ ਇਸ ਪਰਿਵਾਰ ਦੇ ਜੀਅ ਦਾ ਤੁਰ ਜਾਣਾ ਪੰਥ ਲਈ ਵੀ ਉਨ੍ਹਾਂ ਹੀ ਦੁਖਦਾਈ ਹੈ ਜਿਨ੍ਹਾਂ ਕਿ ਉਨ੍ਹਾਂ ਦੇ ਪਰਿਵਾਰ ਲਈ। ਉਨ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ
ਪਬਲੀਸਿਟੀ ਸਹਾਇਕ (ਸ਼੍ਰੋਮਣੀ ਕਮੇਟੀ)
81968-00236