ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦਿਓ ਤਾਂ ਜੋ ਪਰਾਲੀ ਦੀ ਸੰਭਾਲ ਕਰ ਸਕਣ ਨਾ ਕਿ ਉਹਨਾਂ ਖਿਲਾਫ ਪਰਚੇ ਦਰਜ ਕਰਵਾਓ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਅਤੇ ਉਹਨਾਂ ਦੇ ਆਕਾ ਹੁਣ ਉਹ ਕੈਮੀਕਲ ਕਿਸਾਨਾਂ ਨੂੰ ਵੰਡਣ ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਇਹ ਪਰਾਲੀ ਨੂੰ ਖੋਰ ਦਿੰਦਾ ਹੈ, ਤੇ ਕਿਸਾਨਾਂ ਖਿਲਾਫ ਪਰਚੇ ਦਰਜ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਤੁਸੀਂ ਜੋ ਬੋਲਦੇ ਹੋ, ਉਹੀ ਕਰਿਆ ਕਰੋ। ਤੁਸੀਂ ਉਹ ਕੈਮੀਕਲ ਕਿਸਾਨਾਂ ਨੂੰ ਵੰਡੋ ਜੋ ਪੰਜਾਬ ਦੇ ਕਿਸਾਨ ਪਰਾਲੀ ’ਤੇ ਛਿੜਕ ਸਕਣ।ਜੇਕਰ ਤੁਸੀਂ ਅਜਿਹਾ ਨਾਕੀਤਾ ਤਾਂ ਇਕ ਵਾਰ ਫਿਰ ਤੋਂ ਇਹ ਸਾਬਤ ਹੋ ਜਾਵੇਗਾ ਕਿ ਸਮਾਜ ਦੇ ਹੋਰ ਵਰਗਾਂ ਵਾਂਗ ਤੁਸੀਂ ਕਿਸਾਨਾਂ ਦੀਆਂ ਵੋਟਾਂ ਲੈਣ ਵਾਸਤੇ ਉਹਨਾਂ ਨਾਲ ਵੀ ਧੋਖਾ ਕੀਤਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਡੇ-ਵੱਡੇ ਐਲਾਨ ਕਰਨ ਪਰ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਮਸ਼ੀਨਾਂ ਨਾ ਦੇਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਜਦੋਂ ਐਮ ਪੀ ਸਨ ਤਾਂ ਉਹਨਾਂ ਆਖਿਆ ਸੀ ਕਿ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਦੇਣੀਆਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਹੁਣ ਸ੍ਰੀ ਮਾਨ ਸੱਤਾ ਵਿਚ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਤਾਂ ਜੋ ਉਹ ਪਰਾਲੀ ਦੀ ਸੰਭਾਲ ਕਰ ਸਕਣ ਨਾ ਕਿ ਕਿਸਾਨਾਂ ਖਿਲਾਫ ਪਰਚੇ ਦਰਜ ਕੀਤੇ ਜਾਣ।