ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼
ਮੁੱਖ ਸਕੱਤਰ ਚੰਡੀਗੜ੍ਹ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਪੰਜਾਬ ਯੂਨੀਵਰਸਿਟੀ ਵਿਖੇ 17ਵੇਂ ਟ੍ਰਾਇਬਲ ਯੂਥ ਐਕਸਚੇਂਜ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਚੰਡੀਗੜ੍ਹ, 2 ਨਵੰਬਰ, 2025:
17ਵਾਂ ਟ੍ਰਾਇਬਲ ਯੂਥ ਐਕਸਚੇਂਜ ਪ੍ਰੋਗਰਾਮ ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ, ਜੋ ਏਕਤਾ, ਸੱਭਿਆਚਾਰ ਅਤੇ ਯੁਵਾ ਸਸ਼ਕਤੀਕਰਣ ਦੇ ਇੱਕ ਹਫ਼ਤੇ ਤੱਕ ਚਲਣ ਵਾਲੇ ਉਤਸਵ ਦਾ ਪ੍ਰਤੀਕ ਹੈ। ਇਸ ਸਮਾਗਮ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਨੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ “ਮੇਰਾ ਯੁਵਾ ਭਾਰਤ” ਪਹਿਲ ਦੇ ਤਹਿਤ ਗ੍ਰਹਿ ਮੰਤਰਾਲੇ ਅਤੇ ਯੁਵਾ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ @2047 ਲਈ ਇੱਕ ਗਤੀਸ਼ੀਲ, ਆਤਮਵਿਸ਼ਵਾਸੀ ਅਤੇ ਸਸ਼ਕਤ ਨੌਜਵਾਨ ਪੀੜ੍ਹੀ ਤਿਆਰ ਕਰਨ ਦੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦਿੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਹਾਕੇ ਨੌਜਵਾਨਾਂ ਦੇ ਹਨ, ਜਿਨ੍ਹਾਂ ਦਾ ਸਮੂਹਿਕ ਦ੍ਰਿੜ੍ਹ ਸੰਕਲਪ ਅਤੇ ਇਨੋਵੇਸ਼ਨ ਰਾਸ਼ਟਰੀ ਅਤੇ ਆਲਮੀ, ਦੋਹਾਂ ਮੋਰਚਿਆਂ ‘ਤੇ ਭਾਰਤ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ।
ਮੁੱਖ ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਐਕਸਚੇਂਜ ਪ੍ਰੋਗਰਾਮ ਗ੍ਰਾਮੀਣ ਅਤੇ ਸ਼ਹਿਰੀ ਅਵਸਰਾਂ ਦੇ ਦਰਮਿਆਨ ਦੀ ਖਾਈ ਨੂੰ ਪੂਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਅਤੇ ਆਦਿਵਾਸੀ ਨੌਜਵਾਨਾਂ ਨੂੰ ਵਿੱਦਿਅਕ ਅਤੇ ਸੱਭਿਆਚਾਰਕ ਅਨੁਭਵਾਂ ਤੋਂ ਜਾਣੂ ਕਰਵਾਉਂਦੇ ਹਨ ਜੋ ਉਨ੍ਹਾਂ ਦੇ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਨੂੰ ਵਧਾਉਂਦੇ ਹਨ।ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਕਿਹਾ, “ਸਿੱਖਿਆ ਸਸ਼ਕਤੀਕਰਣ ਵੱਲ ਪਹਿਲਾ ਕਦਮ ਹੈ। ਖ਼ੁਦ ‘ਤੇ ਵਿਸ਼ਵਾਸ ਰੱਖੋ, ਆਪਣੀ ਪਹਿਚਾਣ ‘ਤੇ ਮਾਣ ਕਰੋ ਅਤੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੋ।”
ਸਮਾਵੇਸ਼ੀ ਵਿਕਾਸ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਪ੍ਰਸਾਦ ਨੇ ਡਾ. ਬੀ. ਆਰ. ਅੰਬੇਡਕਰ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈਂਦੇ ਹੋਏ ਕਿਹਾ ਕਿ ਸੱਚੀ ਰਾਸ਼ਟਰੀ ਪ੍ਰਗਤੀ ਲਈ ਸਮਾਜ ਦੇ ਹਰ ਵਰਗ ਨੂੰ ਇਕੱਠਿਆਂ ਅੱਗੇ ਵਧਣਾ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ‘ਵਸੁਧੈਵ ਕੁਟੁੰਬਕਮ’- ਦੁਨੀਆ ਇੱਕ ਪਰਿਵਾਰ ਹੈ-ਦੀ ਭਾਵਨਾ ਨੂੰ ਬਣਾਈ ਰੱਖਣ ਅਤੇ ਏਕਤਾ, ਕਰੁਣਾ ਅਤੇ ਸਾਂਝੇ ਵਿਕਾਸ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ।
ਇਸ ਵਰ੍ਹੇ, ਇਸ ਪ੍ਰੋਗਰਾਮ ਵਿੱਚ ਛੱਤੀਸਗੜ੍ਹ, ਝਾਰਖੰਡ ਅਤੇ ਓਡੀਸ਼ਾ ਦੇ 200 ਆਦਿਵਾਸੀ ਨੌਜਵਾਨਾਂ ਦੇ ਨਾਲ-ਨਾਲ ਸੀਆਰਪੀਐੱਫ, ਆਈਟੀਬੀਪੀ ਅਤੇ ਬੀਐੱਸਐੱਫ ਦੇ 20 ਅਧਿਕਾਰੀ ਵੀ ਸ਼ਾਮਲ ਹੋਏ ਹਨ। ਹਫ਼ਤਾ ਭਰ, ਪ੍ਰਤੀਭਾਗੀ ਨਸ਼ਾ ਮੁਕਤ ਭਾਰਤ, ਆਤਮਨਿਰਭਰ ਭਾਰਤ, ਅਤੇ ਵਿਕਸਿਤ ਭਾਰਤ @2047 ਜਿਹੇ ਵਿਸ਼ਿਆਂ ‘ਤੇ ਵਰਕਸ਼ਾਪਾਂ, ਸੱਭਿਆਚਾਰਕ ਸਮਾਗਮਾਂ ਅਤੇ ਵਿੱਦਿਅਕ ਦੌਰਿਆਂ ਵਿੱਚ ਹਿੱਸਾ ਲੈਣਗੇ।
ਇਸ ਸਮਾਗਮ ਦਾ ਉਦੇਸ਼ ਆਦਿਵਾਸੀ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਦਿਅਕ ਅਤੇ ਤਕਨੀਕੀ ਵਾਤਾਵਰਣ ਤੋਂ ਜਾਣੂ ਕਰਵਾ ਕੇ ਰਾਸ਼ਟਰੀ ਏਕਤਾ, ਲੀਡਰਸ਼ਿਪ ਸਕਿੱਲ ਅਤੇ ਸੱਭਿਆਚਾਰਕ ਸਮਝ ਨੂੰ ਹੁਲਾਰਾ ਦੇਣਾ ਹੈ।
ਉਦਘਾਟਨੀ ਸਮਾਰੋਹ ਵਿੱਚ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਕੱਤਰ ਖੇਡਾਂ, ਚੰਡੀਗੜ੍ਹ ਪ੍ਰਸ਼ਾਸਨ, ਅਤੇ ਪ੍ਰੋਫੈਸਰ (ਡਾ.) ਰੇਣੂ ਵਿਗ, ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸ਼੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ, ਡਾਇਰੈਕਟਰ ਖੇਡਾਂ, ਚੰਡੀਗੜ੍ਹ ਪ੍ਰਸ਼ਾਸਨ; ਸ਼੍ਰੀ ਪਰਮਜੀਤ ਸਿੰਘ, ਸਟੇਟ ਡਾਇਰੈਕਟਰ, ਮੇਰਾ ਯੁਵਾ ਭਾਰਤ ਪੰਜਾਬ ਅਤੇ ਚੰਡੀਗੜ੍ਹ; ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ; ਅਤੇ ਡਾ. ਸੁਖਜਿੰਦਰ ਰਿਸ਼ੀ, ਡਾਇਰੈਕਟਰ, ਯੁਵਾ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ ਵੀ ਇਸ ਅਵਸਰ ‘ਤੇ ਮੌਜੂਦ ਸਨ।