ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸਰਕਾਰ ਵੱਲੋਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਨੀਤੀ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਇਸ ਤਰਾਂ ਦੀਆਂ ਚਾਲਾਂ ਚਲਣ ਨਾਲ ਉਨ੍ਹਾਂ ਦੇ ਪਾਪ ਨਹੀਂ ਧੋਤੇ ਜਾਣੇ।
ਇਸ ਸਬੰਧੀ ਇਕ ਸੋਸ਼ਲ ਮੀਡੀਆ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ,
“ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕਿਸੇ ਗੰਭੀਰ ਮੁੱਦੇ ਤੇ ਘਿਰ ਜਾਂਦੀ ਹੈ ਤਾਂ, ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਚਾਲ ਚੱਲਦੀ ਹੈ,
ਜਦ ਡੀਐਮ ਰੰਧਾਵਾਂ ਦੀ ਮੌਤ ਤੇ ਇਸਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਿਚ ਘਿਰੀ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਹਲੀ ਵਿਚ, ਬਿਨ੍ਹਾਂ ਕਿਸੇ ਚਰਚਾ ਅਤੇ ਇੱਥੋਂ ਤੱਕ ਕਿ ਇਸਦੇ ਆਪਣੇ ਵਿਧਾਇਕਾਂ ਨੇ ਵੀ ਬਿਨ੍ਹਾਂ ਪੜ੍ਹੇ ਅਜਿਹਾ ਕਾਨੂੰਨ ਬਣਾ ਦਿੱਤਾ ਜੋ ਪੰਥ ਨੂੰ ਪ੍ਰਵਾਨ ਹੀ ਨਹੀਂ ਸੀ।
ਤੇ ਹੁਣ ਫਿਰ ਜਦ ਇਸੇ ਕਾਨੂੰਨ ਦੇ ਮੁੱਦੇ ਅਤੇ ਮੁੱਖ ਮੰਤਰੀ ਦੀਆਂ ਕਥਿਤ ਵੀਡੀਓ ਦੇ ਮੁੱਦੇ ਤੇ ਸਰਕਾਰ ਹਰ ਪਾਸੇ ਤੋਂ ਘਿਰ ਗਈ ਤਾਂ ਮੁੜ ਉਹੀ ਚਾਲ ਚੱਲਣ ਜਾ ਰਹੀ ਹੈ। ਤੇ ਇਹ ਚਾਲ ਹੈ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਤੁਰੰਤ ਲਾਗੂ ਕਰਨਾ ਹੈ ਜਿਸ ਨੂੰ ਪਹਿਲਾਂ ਇਹ ਚੋਣਾਂ ਦੇ ਬਿੱਲਕੁਲ ਨੇੜੇ ਜਾ ਕੇ ਕਰਨ ਵਾਲੇ ਸਨ।
ਪਰ ਪੰਜਾਬੀਓ,
ਹੁਣ ਮਾਵਾਂ ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ਪਿੱਛੇ ਇੰਨ੍ਹਾਂ ਦਾ ਮਕਸਦ ਸਿਰਫ ਅਪਣੀ ਬੇਅਦਬੀ ਵਾਲੀ ਕਰਤੂਤ ਤੋਂ ਅਤੇ
ਬਿੱਲ ਲਿਆਉਣ ਲਈ ਵਰਤੀ ਲਾਪਰਵਾਹੀ ਤੋਂ ਧਿਆਨ ਭਟਕਾਉਣ ਹੀ ਹੈ ।
ਪਰ ਮੁੱਖ ਮੰਤਰੀ ਯਾਦ ਰੱਖਣ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਜਪੁਜੀ ਸਾਹਿਬ ਵਿੱਚ ਫ਼ਰਮਾਇਆ ਹੈ…
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਸਰੀਰ ਅਤੇ ਕੱਪੜਿਆਂ ਉੱਪਰ ਲੱਗੀ ਮੈਲ ਪਾਣੀ ਅਤੇ ਸਾਬਣ ਨਾਲ ਉਤਰ ਜਾਂਦੀ ਹੈ ਪਰ ਪਾਪ ਦੀ ਮੈਲ ਉਸ ਪਰਮਾਤਮਾ ਦੀ ਉਸਤਤ ਅਤੇ ਉਸ ਅੱਗੇ ਸਮਰਪਣ ਨਾਲ ਹੀ ਉਤਰਦੀ ਹੈ। ਪਰ ਗੁਰੂ ਅੱਗੇ ਸਮਰਪਣ ਵਾਲੀ ਗੱਲ ਤਾਂ ਮੁੱਖ ਮੰਤਰੀ ਆਪਣੇ ਹੰਕਾਰ ਵਿੱਚ ਭੁੱਲ ਹੀ ਚੁੱਕੇ ਹਨ।
ਮੁੱਖ ਮੰਤਰੀ ਜੀ, ਮਾਫੀ ਗੁਰੂ ਦੇ ਅੱਗੇ ਝੁਕਣ ਨਾਲ ਮਿਲਣੀ ਹੈ, ਗੁਰੂ ਨਾਲ ਮੱਥਾ ਲਗਾ ਕੇ ਨਹੀਂ ।
ਤੁਸੀਂ ਆਪਣੇ ਪਾਪ 3000 ਰੁਪਏ ਦੀ ਕਿਸ਼ਤ ਨਾਲ ਨਹੀਂ ਧੋ ਸਕਦੇ ।
ਮਾਵਾਂ ਭੈਣਾਂ ਨੂੰ ਅਪੀਲ ਹੈ, ਪੈਸਾ ਤੁਹਾਡਾ ਹੀ ਹੈ, ਨਾ ਕਿ ਮਹਾਰਾਜਾ ਸਤੌਜ ਦਾ।
ਕਿਸ਼ਤ ਲਵੋ, ਪਰ ਗੁਰੂ ਦੋਖੀ ਨੂੰ ਸਜ਼ਾ ਮਿਲੇ, ਗੁਰੂ ਨੂੰ ਮੰਨਣ ਵਾਲਿਆਂ ਦੀ ਇਹੀ ਪਹਿਲੀ ਜਿੰਮੇਵਾਰੀ ਹੈ ।
ਵਾਹਿਗੁਰੂ ਜੀ ਦਾ ਖ਼ਾਲਸਾ
ਵਾਹਿਗੁਰੂ ਜੀ ਦੀ ਫ਼ਤਿਹ।। “

×