ਚੰਡੀਗੜ੍ਹ : ਮੈਕਸ ਹੈਲਥਕੇਅਰ ਫਾਊਂਡੇਸ਼ਨ ਨੇ ਅੱਜ ਆਪਣੇ ਪ੍ਰਮੁੱਖ ਪ੍ਰੋਗਰਾਮ ‘ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ’ ਦੇ ਚੌਥੇ ਸੰਸਕਰਣ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਦੇ ਤਹਿਤ ਇਸ ਸਾਲ ਸਾਲਾਨਾ ਸੀਟਾਂ ਦੀ ਗਿਣਤੀ ਵਧਾ ਕੇ 250 ਨਵੇਂ ਵਿਦਿਆਰਥੀਆਂ ਤੱਕ ਕੀਤੀ ਜਾਵੇਗੀ, ਜਦੋਂ ਕਿ ਪਿਛਲੇ ਸਾਲਾਂ ਵਿੱਚ ਇਹ ਗਿਣਤੀ 100 ਵਿਦਿਆਰਥੀ ਸੀ। ਇਸ ਵਿਸਥਾਰ ਨਾਲ ਪ੍ਰੋਗਰਾਮ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵੱਧ ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਇਸ ਸਕਾਲਰਸ਼ਿਪ ਦੇ ਤਹਿਤ ਇਸ ਸਾਲ ਉਨ੍ਹਾਂ 250 ਨਵੇਂ ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਜਾਵੇਗਾ, ਜਿਨ੍ਹਾਂ ਨੇ ਨੀਟ ਕੁਆਲੀਫਾਈ ਕੀਤਾ ਹੈ ਅਤੇ ਵਿਦਿਅਕ ਵਰ੍ਹੇ 2026-27 ਲਈ ਮੋਹਾਲੀ, ਬਠਿੰਡਾ, ਦੇਹਰਾਦੂਨ, ਦਿੱਲੀ-ਐਨਸੀਆਰ, ਮੁੰਬਈ, ਨਾਗਪੁਰ, ਲਖਨਊ ਅਤੇ ਭੁਵਨੇਸ਼ਵਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਵਿੱਚ ਦਾਖਲਾ ਲਿਆ ਹੈ। ਨਵੇਂ ਵਿਦਿਆਰਥੀਆਂ ਲਈ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਪਿਛਲੇ ਸਾਲਾਂ ਵਿੱਚ ਚੁਣੇ ਗਏ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਵੀ ਜਾਰੀ ਰੱਖੇਗਾ। ਇਹ ਵਿਦਿਆਰਥੀ ਹੁਣ ਮੈਡੀਕਲ ਸਿੱਖਿਆ ਦੇ ਦੂਜੇ, ਤੀਜੇ ਅਤੇ ਚੌਥੇ ਸਾਲ ਵਿੱਚ ਹਨ, ਜਿਸ ਨਾਲ ਉਨ੍ਹਾਂ ਦੀ ਪੂਰੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਲਗਾਤਾਰ ਆਰਥਿਕ ਸਹਾਇਤਾ ਮਿਲਦੀ ਰਹੇਗੀ।

ਮੈਕਸ ਹੈਲਥਕੇਅਰ ਫਾਊਂਡੇਸ਼ਨ ਦੀ ਚੇਅਰਪਰਸਨ ਤਰੁਣਾ ਸੋਈ ਨੇ ਕਿਹਾ, “ਪਿਛਲੇ ਤਿੰਨ ਸਾਲਾਂ ਵਿੱਚ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਨੇ 245 ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਵਿੱਚ ਸਹਿਯੋਗ ਕੀਤਾ ਹੈ। ਇਸ ਸਾਲ, ਅਸੀਂ ਇਸ ਪ੍ਰੋਗਰਾਮ ਦਾ ਵਿਆਪਕ ਵਿਸਥਾਰ ਕਰ ਰਹੇ ਹਾਂ ਤਾਂ ਜੋ 250 ਨਵੇਂ ਵਿਦਿਆਰਥੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ, ਜਿਸ ਨਾਲ ਕਈ ਹੋਰ ਯੋਗ ਵਿਦਿਆਰਥੀ ਬਿਨਾ ਕਿਸੇ ਆਰਥਿਕ ਬੋਝ ਦੇ ਡਾਕਟਰ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕਣ।”

ਇਸ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ www.maxhealthcarefoundation.org ‘ਤੇ ਸ਼ੁਰੂ ਹੋ ਚੁੱਕੀ ਹੈ। ਇਸ ਸਕਾਲਰਸ਼ਿਪ ਦੇ ਤਹਿਤ ਟਿਊਸ਼ਨ ਫੀਸ, ਇੱਕ ਲੈਪਟਾਪ, ਪਾਠ-ਪੁਸਤਕਾਂ ਅਤੇ ਬੋਨ ਸੈੱਟ, ਡਿਸੈਕਸ਼ਨ ਕਿੱਟ, ਸਟੈਥੋਸਕੋਪ ਵਰਗੇ ਉਪਕਰਨ ਅਤੇ ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਹਰ ਮਹੀਨੇ ਦੇ ਖਰਚੇ ਲਈ ਆਰਥਿਕ ਮਦਦ ਅਤੇ ਪੜ੍ਹਾਈ ਵਿੱਚ ਮਾਰਗਦਰਸ਼ਨ ਵੀ ਦਿੱਤਾ ਜਾਵੇਗਾ। ਅਰਜ਼ੀਆਂ 4 ਅਕਤੂਬਰ, 2026 ਤੱਕ ਪ੍ਰਵਾਨ ਕੀਤੀਆਂ ਜਾਣਗੀਆਂ।