ਆਈਟੀਬੀਪੀ ਅਤੇ ਐੱਨਡੀਐੱਮਏ ਨੇ ਆਫ਼ਤ ਪ੍ਰਬੰਧਨ ‘ਤੇ ਦੋ ਦਿਨਾਂ ਦੇ ਏਕੀਕ੍ਰਿਤ ਸਿੰਪੋਜ਼ੀਅਮ ਦਾ ਆਯੋਜਨ ਕੀਤਾ
ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਆਫ਼ਤਾਂ ਦੌਰਾਨ ਜਾਨ-ਮਾਲ ਦੀ ਹਾਨੀ ਨੂੰ ਘੱਟ ਕਰਨ ਲਈ ਆਪਦਾ ਨਾਲ ਨਜਿੱਠਣ ਦੀ ਬਿਹਤਰ ਤਿਆਰੀ, ਵਿਭਿੰਨ ਏਜੰਸੀਆਂ ਦੇ ਦਰਮਿਆਨ ਬਿਹਤਰ ਤਾਲਮੇਲ ਅਤੇ ਜਨ ਭਾਗੀਦਾਰੀ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੰਡੋ-ਤਿੱਬਤਨ ਬਾਰਡਰ ਪੁਲਿਸ (ਆਈਟੀਬੀਪੀ), ਐੱਨਆਈਟੀਐੱਸਆਰਡੀਆਰ ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੁਆਰਾ ਆਯੋਜਿਤ ਦੋ ਦਿਨਾਂ ਦੇ “ਆਪਦਾ ਪ੍ਰਬੰਧਨ ‘ਤੇ ਏਕੀਕ੍ਰਿਤ ਸਿੰਪੋਜ਼ੀਅਮ” ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਵਿਚਾਰ-ਵਟਾਂਦਰਿਆਂ ਤੋਂ ਪ੍ਰਾਪਤ ਅਨੁਭਵਾਂ ਅਤੇ ਨਤੀਜਿਆਂ ਦਾ ਉਪਯੋਗ ਬਿਹਤਰ ਆਪਦਾ ਪ੍ਰਬੰਧਨ ਰਣਨੀਤੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨ ਵਿੱਚ ਕੀਤਾ ਜਾਣਾ ਚਾਹੀਦਾ ਹੈ।
ਆਫ਼ਤਾਂ ਦੇ ਬਦਲਦੇ ਅਤੇ ਵਧਦੇ ਸਰੂਪ ਦਾ ਉਲੇਖ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਪ੍ਰਭਾਵੀ ਆਪਦਾ ਪ੍ਰਬੰਧਨ ਲਈ ਪਹਿਲਾਂ ਤੋਂ ਤਿਆਰੀ, ਜੋਖਮ ਦਾ ਮੁੱਲਾਂਕਣ, ਜੋਖਮ ਘੱਟ ਕਰਨ ਦੇ ਉਪਾਅ, ਤਾਲਮੇਲ ਵਾਲੀ ਪ੍ਰਤੀਕਿਰਿਆ ਅਤੇ ਸਰਗਰਮ ਜਨਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਕਰਕੇ ਸੰਵੇਦਨਸ਼ੀਲ ਹਿਮਾਲੀਅਨ ਅਤੇ ਅਧਿਕ ਉਚਾਈ ਵਾਲੇ ਖੇਤਰਾਂ ਵਿੱਚ ਇਨ੍ਹਾਂ ਪ੍ਰਯਾਸਾਂ ਨੂੰ ਮਜ਼ਬੂਤ ਕਲਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਈਟੀਬੀਪੀ, ਐੱਨਆਈਟੀਐੱਸਆਰਡੀਆਰ, ਐੱਨਡੀਐੱਮਏ ਅਤੇ ਹੋਰ ਏਜੰਸੀਆਂ ਦੇ ਸਮੂਹਿਕ ਪ੍ਰਯਾਸਾਂ ਨਾਲ ਲੋਕਾਂ ਦੀ ਜਾਨ ਬਚਾਉਣ ਅਤੇ ਆਫ਼ਤ ਨਾਲ ਨਜਿੱਠਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਭਾਵੀ ਵਿਵਸਥਾ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।
ਇਸ ਸਿੰਪੋਜ਼ੀਅਮ ਦਾ ਉਦੇਸ਼ ਹਿਮਾਲੀਅਨ ਖੇਤਰਾਂ ਵਿੱਚ ਆਪਦਾ ਪ੍ਰਬੰਧਨ ਦੀਆਂ ਚੁਣੌਤੀਆਂ, ਆਪਦਾ ਨਾਲ ਨਜਿੱਠਣ ਦੀ ਤਿਆਰੀ, ਸ਼ੁਰੂਆਤੀ ਚੇਤਾਵਨੀ ਅਤੇ ਪੂਰਵ-ਅਨੁਮਾਨ ਪ੍ਰਣਾਲੀ, ਨਵੀਂ ਤਕਨੀਕ, ਵਿਗਿਆਨਿਕ ਸਹਿਯੋਗ ਅਤੇ ਪ੍ਰਭਾਵੀ ਪ੍ਰਤੀਕਿਰਿਆ ਤੰਤਰ ‘ਤੇ ਵਿਆਪਕ ਚਰਚਾ ਕਰਨਾ ਹੈ। ਇਹ ਸਿੰਪੋਜ਼ੀਅਮ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਭਿੰਨ ਏਜੰਸੀਆਂ ਅਤੇ ਮਾਹਰ ਸੰਸਥਾਵਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਆਪਦਾ ਦੇ ਸਮੇਂ ਬਿਹਤਰ ਤਾਲਮੇਲ ਵਿਕਸਿਤ ਕਰਨ ਦਾ ਮੰਚ ਵੀ ਪ੍ਰਦਾਨ ਕਰਦਾ ਹੈ।
ਇਸ ਅਵਸਰ ‘ਤੇ ਐੱਨਡੀਐੱਮਏ ਦੇ ਮੈਂਬਰ ਅਤੇ ਐੱਚਓਡੀ ਸ਼੍ਰੀ ਕ੍ਰਿਸ਼ਨ ਐੱਸ. ਵਤਸ ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਇਸ ਪ੍ਰੋਗਰਾਮ ਦਾ ਆਯੋਜਨ ਆਈਟੀਬੀਪੀ ਪੱਛਮੀ ਕਮਾਂਡ ਦੇ ਆਈਜੀ ਸ਼੍ਰੀ ਰਾਜੇਸ਼ ਕੁਮਾਰ, ਆਈਪੀਐੱਸ, ਦੀ ਅਗਵਾਈ ਵਿੱਚ ਕੀਤਾ ਗਿਆ। ਐੱਨਆਈਟੀਐੱਸਆਰਡੀਆਰ ਦੇ ਡੀਆਈਜੀ ਸ਼੍ਰੀ ਯੁੱਧਵੀਰ ਸਿੰਘ ਰਾਣਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ।
ਸਿੰਪੋਜ਼ੀਅਮ ਦੇ ਪਹਿਲੇ ਦਿਨ ਰਾਸ਼ਟਰੀ ਆਪਦਾ ਜੋਖਮ ਪ੍ਰੋਫਾਇਲ, ਆਪਦਾ ਪ੍ਰਬੰਧਨ ਨੀਤੀ ਅਤੇ ਆਪਦਾ ਜੋਖਮ ਨਿਊਨੀਕਰਣ (ਡੀਆਰਆਰ) ‘ਤੇ ਚਰਚਾ ਹੋਈ। ਮਾਹਰਾਂ ਨੇ ਦੱਸਿਆ ਕਿ ਭਾਰਤ ਵਿੱਚ ਆਪਦਾ ਪ੍ਰਬੰਧਨ ਦਾ ਦ੍ਰਿਸ਼ਟੀਕੋਣ ਕੇਵਲ ਰਾਹਤ ਅਤੇ ਪ੍ਰਤੀਕਿਰਿਆ ਤੱਕ ਸੀਮਿਤ ਨਾ ਰਹਿ ਕੇ ਹੁਣ ਪਹਿਲਾਂ ਤੋਂ ਤਿਆਰੀ, ਜੋਖਮ ਦੇ ਮੁੱਲਾਂਕਣ ਅਤੇ ਜੋਖਮ ਨੂੰ ਘੱਟ ਕਰਨ ‘ਤੇ ਅਧਿਕ ਕੇਂਦ੍ਰਿਤ ਹੋ ਰਿਹਾ ਹੈ।
ਸੰਗੋਸ਼ਠੀ ਵਿੱਚ ਆਪਦਾ ਜੋਖਮ ਘਟਾਉਣ ਲਈ ਸੇਂਡਾਈ ਫ੍ਰੇਮਵਰਕ ਦੇ ਤਹਿਤ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ਅਤੇ ਡੀਆਰਆਰ ਨੂੰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਨਾਲ ਜੋੜਨ ‘ਤੇ ਵੀ ਚਰਚਾ ਕੀਤੀ ਗਈ। ਭਾਰਤ ਵਿੱਚ ਆਪਦਾ ਪ੍ਰਬੰਧਨ ਦੀ ਸੰਸਥਾਗਤ ਵਿਵਸਥਾ ‘ਤੇ ਜਾਣਕਾਰੀ ਦਿੰਦੇ ਹੋਏ ਐੱਨਡੀਐੱਮਏ, ਐੱਨਡੀਆਰਐੱਫ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਗ੍ਰਹਿ ਮੰਤਰਾਲੇ, ਰਾਜ ਆਪਦਾ ਪ੍ਰਬੰਧਨ ਅਥਾਰਿਟੀਆਂ (ਐੱਸਡੀਐੱਮਏ) ਅਤੇ ਹੋਰ ਏਜੰਸੀਆਂ ਦੇ ਦਰਮਿਆਨ ਪ੍ਰਭਾਵੀ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।
ਆਪਦਾ ਦੇ ਸਮੇਂ ਤਾਲਮੇਲ ਵਾਲੀ ਕਾਰਵਾਈ ਵਿੱਚ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੀ ਭੂਮਿਕਾ ਅਤੇ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਦੇ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ‘ਤੇ ਵੀ ਚਰਚਾ ਹੋਈ।
ਮਾਹਰਾਂ ਨੇ ਐਮਰਜੈਂਸੀ ਰਿਸਪਾਂਸ ਲਈ ਏਕੀਕ੍ਰਿਤ ਕੰਟਰੋਲ ਰੂਮ (ਆਈਸੀਆਰ-ਈਆਰ) ਦੀ ਕਾਰਜਪ੍ਰਣਾਲੀ ਬਾਰੇ ਵੀ ਦੱਸਿਆ। ਇਸ ਦਾ ਉਦੇਸ਼ ਅਸਲ ਸਮੇਂ ਵਿੱਚ ਚੇਤਾਵਨੀ ਪ੍ਰਾਪਤ ਕਰਨਾ, ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨਾ ਅਤੇ ਘਟਨਾਵਾਂ ਦੀ ਰਿਪੋਰਟਿੰਗ ਨੂੰ ਪ੍ਰਭਾਵੀ ਬਣਾਉਣਾ ਹੈ। ਐੱਨਡੀਈਐੱਮ 5.0 ਪੋਰਟਲ ਦੇ ਜ਼ਰੀਏ ਆਪਦਾ ਦੀ ਵਰਤਮਾਨ ਸਥਿਤੀ, ਸ਼ੁਰੂਆਤੀ ਚੇਤਾਵਨੀ ਅਤੇ ਪੁਰਾਣੇ ਅੰਕੜਿਆਂ ਦੇ ਉਪਯੋਗ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਿੰਪੋਜ਼ੀਅਮ ਨੇ ਆਪਦਾ ਦੇ ਦੌਰਾਨ ਤੇਜ਼ੀ ਨਾਲ ਅਤੇ ਇੱਕ ਸਮਾਨ ਤਰੀਕੇ ਨਾਲ ਸੂਚਨਾ ਪਹੁੰਚਾਉਣ ਲਈ ਸਟੈਂਡਰਡ ਅਪ੍ਰੇਟਿੰਗ ਪ੍ਰਕਿਰਿਆਵਾਂ (ਐੱਸਓਪੀਜ਼), ਘਟਨਾ ਪ੍ਰਤੀਕਿਰਿਆ ਪ੍ਰਣਾਲੀ ਅਤੇ ਕੌਮਨ ਅਲਰਟਿੰਗ ਪ੍ਰੋਟੋਕੋਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਖੇਤਰੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਭੂ-ਟਾਰਗੇਟਡ ਅਲਰਟ ਭੇਜਣ ਲਈ ਤਕਨੀਕ ਦੇ ਉਪਯੋਗ ਨੂੰ ਪ੍ਰਭਾਵੀ ਚੇਤਾਵਨੀ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਦੱਸਿਆ ਗਿਆ।
ਮਾਹਰਾਂ ਨੇ ‘ਆਪਦਾ ਮਿੱਤਰ’ ਯੋਜਨਾ ਦੇ ਵਿਸਤਾਰ ਅਤੇ ਸਮੁਦਾਇ ਪੱਧਰ ‘ਤੇ ਆਪਦਾ ਨਾਲ ਨਜਿੱਠਣ ਦੀ ਤਿਆਰੀ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ। ਆਪਦਾ ਪ੍ਰਤੀਕਿਰਿਆ ਸਮਰੱਥਾ ਵਧਾਉਣ ਲਈ ਮੌਕ ਐਕਸਰਸਾਇਜ਼, ਮੈਗਾ ਮੌਕ ਐਕਸਰਸਾਇਜ਼ ਅਤੇ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਸੰਯੁਕਤ ਅਭਿਆਸਾਂ ਦੀ ਭੂਮਿਕਾ ‘ਤੇ ਵੀ ਚਰਚਾ ਕੀਤੀ ਗਈ।
ਸੈਸ਼ਨਾਂ ਵਿੱਚ ਬਹੁਤ ਜ਼ਿਆਦਾ ਭਾਰੀ ਵਰਖਾ, ਕੈਸਕੇਡਿੰਗ ਖ਼ਤਰੇ, ਹਾਈਵੇਅ ‘ਤੇ ਹਾਦਸੇ ਅਤੇ ਗਲੇਸ਼ੀਅਲ ਲੇਕ ਆਊਟਬਰਸਟ ਫਲੱਡ (ਜੀਐੱਲਐੱਫਓਜ਼) ਜਿਹੀਆਂ ਉੱਭਰਦੀਆਂ ਚੁਣੌਤੀਆਂ ‘ਤੇ ਵੀ ਚਰਚਾ ਹੋਈ। ਸਿੱਕਿਮ ਅਤੇ ਰਿਸ਼ੀਗੰਗਾ ਪਾਵਰ ਪ੍ਰੋਜੈਕਟ ਨਾਲ ਜੁੜੀਆਂ ਘਟਨਾਵਾਂ ਤੋਂ ਮਿਲੇ ਅਨੁਭਵਾਂ ਨਾਲ ਭਵਿੱਖ ਦੀ ਤਿਆਰੀ ਅਤੇ ਪ੍ਰਤੀਕਿਰਿਆ ਲਈ ਸਬਕ ਲੈਣ ‘ਤੇ ਵੀ ਵਿਚਾਰ ਕੀਤਾ ਗਿਆ।
ਆਪਦਾ ਪ੍ਰਬੰਧਨ ਵਿੱਚ ਵਿਭਿੰਨ ਪੱਧਰਾਂ ‘ਤੇ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਨ, ਸੀਮਾ-ਪਾਰ ਪ੍ਰਭਾਵਾਂ ਅਤੇ ਮਿਆਰੀ
ਆਪਦਾ ਪ੍ਰਬੰਧਨ ਵਿਵਸਥਾ ਦੀ ਕਮੀ ਜਿਹੀਆਂ ਚੁਣੌਤੀਆਂ ਨੂੰ ਵੀ ਰੇਖਾਂਕਿਤ ਕੀਤਾ ਗਿਆ। ਵਿਭਿੰਨ ਵਿਭਾਗਾਂ ਅਤੇ ਏਜੰਸੀਆਂ ਦੇ ਦਰਮਿਆਨ ਬਿਹਤਰ ਤਾਲਮੇਲ ਲਈ ‘ਹੋਲ-ਆਵ੍-ਗਵਰਨਮੈਂਟ ਅਪ੍ਰੋਚ’ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ।
ਸਿੰਪੋਜ਼ੀਅਮ ਵਿੱਚ ਆਈਐੱਮਡੀ, ਸੀਡਬਲਿਊਸੀ, ਡੀਆਰਡੀਓ/ਡੀਜੀਆਰਈ, ਐੱਨਸੀਐੱਸ, ਆਈਆਈਟੀ ਰੋਪੜ, ਡਬਲਿਊਆਈਐੱਚਜੀ, ਡੀਜੀਡੀਈ, ਬੀਬੀਐੱਮਬੀ ਅਤੇ ਆਈਟੀਬੀਪੀ, ਸਮੇਤ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਮਾਹਰਾਂ ਨੇ ਹਿੱਸਾ ਲਿਆ।
ਦੋ ਦਿਨਾਂ ਦੇ ਸਿੰਪੋਜ਼ੀਅਮ ਦੇ ਬਾਕੀ ਸੈਸ਼ਨ ਆਪਦਾ ਪ੍ਰਬੰਧਨ ਦੇ ਹੋਰ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕਰਨਗੇ, ਜਿਸ ਵਿੱਚ ਮਾਹਰ ਅਤੇ ਪ੍ਰਤੀਭਾਗੀ ਏਜੰਸੀਆਂ ਹਿਮਾਲੀਅਨ ਖੇਤਰ ਵਿੱਚ ਆਪਦਾ ਪ੍ਰਬੰਧਨ ਨੂੰ ਵਧੇਰੇ ਪ੍ਰਭਾਵੀ, ਤਾਲਮੇਲ ਅਤੇ ਲਚਕੀਲਾ ਬਣਾਉਣ ਦੇ ਉਦੇਸ਼ ਨਾਲ ਆਪਣੇ ਗਿਆਨ, ਤਜ਼ਰਬੇ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨਗੇ।
ਉਦਘਾਟਨੀ ਪ੍ਰੋਗਰਾਮ ਦੇ ਅੰਤ ਵਿੱਚ, ਸ਼੍ਰੀ ਮੋਹਿਤ ਚਾਵਲਾ, ਆਈਪੀਐੱਸ, ਡੀਆਈਜੀ, ਪੱਛਮੀ ਕਮਾਂਡ, ਆਈਟੀਬੀਪੀ ਨੇ ਸਿੰਪੋਜ਼ੀਅਮ ਦੇ ਸਫ਼ਲ ਆਯੋਜਨ ਵਿੱਚ ਯੋਗਦਾਨ ਦੇਣ ਲਈ ਰਾਜਪਾਲ, ਵਿਸ਼ਿਸ਼ਟ ਮਹਿਮਾਨ, ਮਾਹਰਾਂ, ਸੰਸਥਾਵਾਂ ਅਤੇ ਸਾਰੀਆਂ ਸਹਿਯੋਗੀ ਏਜੰਸੀਆਂ ਦਾ ਆਭਾਰ ਵਿਅਕਤ ਕੀਤਾ।


