ਵਾਤਾਵਰਣ ਸੰਭਾਲ਼ ਦੀ ਦਿਸ਼ਾ ਵਿੱਚ ਇੱਕ ਜ਼ਿਕਰਯੋਗ ਪਹਿਲ ਕਰਦੇ ਹੋਏ, ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂਟੀ, ਚੰਡੀਗੜ੍ਹ ਨੇ ਯੂਟੀ, ਚੰਡੀਗੜ੍ਹ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ “ਹਰੇਕ ਰੁੱਖ – ਇੱਕ ਨਵੀਂ ਸ਼ੁਰੂਆਤ” ਸਿਰਲੇਖ ਵਾਲੀ ਇੱਕ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਪਹਿਲ ਦੇ ਹਿੱਸੇ ਦੇ ਰੂਪ ਵਿੱਚ, ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ (ਐੱਸਐੱਲਐੱਸਏ-SLSA), ਯੂਟੀ, ਚੰਡੀਗੜ੍ਹ ਨੇ ਮਿਤੀ 05.06.2025 ਨੂੰ ਪੌਦੇ ਲਗਾਉਣ-ਸਹਿ-ਜਾਗਰੂਕਤਾ ਮੁਹਿੰਮ ਅਤੇ ਸਵੱਛਤਾ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਤਹਿਤ, ਇਸ ਅਥਾਰਿਟੀ ਦੇ ਪੈਨਲ ਐਡਵੋਕੇਟਾਂ ਅਤੇ ਪੈਰਾ ਲੀਗਲ ਵਲੰਟੀਅਰਾਂ (ਪੀਐੱਲਵੀਜ਼-PLVs) ਦੁਆਰਾ ਇੱਕ ਪੌਦੇ ਲਗਾਉਣ ਅਤੇ ਜਾਗਰੂਕਤਾ ਉਤਪੰਨ ਕਰਨ ਦੀ ਮੁਹਿੰਮ ਚਲਾਈ ਗਈ। ਅੱਜ 07.06.2025 ਨੂੰ, ਸਰਕਾਰੀ ਮਾਡਲ ਸਕੂਲ, ਬਾਪੂ ਧਾਮ ਕਾਲੋਨੀ, ਸੈਕਟਰ 26, ਚੰਡੀਗੜ੍ਹ, ਕਮਿਊਨਿਟੀ ਸੈਂਟਰ, ਬੁੜੈਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਡੱਡੂ ਮਾਜਰਾ ਕਾਲੋਨੀ, ਚੰਡੀਗੜ੍ਹ ਅਤੇ ਸਰਕਾਰੀ ਹਾਈ ਸਕੂਲ, ਰਾਮਦਰਬਾਰ, ਆਦਿ ਕਈ ਸਥਾਨਾਂ ‘ਤੇ 434 ਪੌਦੇ ਲਗਾਏ ਗਏ।
ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਉਦੇਸ਼ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਵਿਭਿੰਨ ਵਾਤਾਵਰਣਕ ਮੁੱਦਿਆਂ ਬਾਰੇ ਜਾਗਰੂਕ ਕਰਨਾ ਅਤੇ ਸਾਡੀਆਂ ਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਸਮ੍ਰਿੱਧ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਸੀ। ਉਪਸਥਿਤ ਸਾਰੇ ਵਿਅਕਤੀਆਂ ਨੂੰ ਸਾਡੇ ਵਾਤਾਵਰਣ ਦੀ ਰੱਖਿਆ ਕਰਨ ਦੀ ਜ਼ਰੂਰਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਅਵਸਰ ‘ਤੇ ਉਪਸਥਿਤ ਇਕੱਠ ਦੇ ਵਲੰਟੀਅਰਾਂ ਨੂੰ ਹਰੇਕ ਪੌਦੇ ਦੀ ਦੇਖਭਾਲ਼ ਕਰਨ ਦੀ ਜ਼ਿੰਮੇਦਾਰੀ ਵੀ ਸੌਂਪੀ ਗਈ ਅਤੇ ਇਸ ਤਰੀਕੇ ਨਾਲ, ਉਨ੍ਹਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਆਪਣੇ ਪ੍ਰਯਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਅਥਾਰਿਟੀ ਦੇ ਕੰਮਕਾਜ ਅਤੇ ਇਸ ਦੇ ਉਦੇਸ਼ਾਂ ਬਾਰੇ ਵੀ ਦੱਸਿਆ ਗਿਆ। ਇਹ ਮੁਹਿੰਮ ਜੁਲਾਈ, 2025 ਦੇ ਚੌਥੇ ਹਫ਼ਤੇ ਤੱਕ ਜਾਰੀ ਰਹੇਗੀ।
