ਚੰਡੀਗੜ੍ਹ, 3 ਅਕਤੂਬਰ, 2025: ਦੇਸ਼ ਭਰ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਵਣਜੀਵ ਹਫ਼ਤਾ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਵਣਜੀਵ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ਼ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਵਣਜੀਵ ਹਫ਼ਤੇ ਦਾ ਵਿਸ਼ਾ “ਮਨੁੱਖ-ਪ੍ਰਾਣੀ ਸਹਿਹੋਂਦ” ਹੈ।

ਵਣ ਅਤੇ ਵਣਜੀਵ ਵਿਭਾਗ, ਚੰਡੀਗੜ੍ਹ 3 ਤੋਂ 8 ਅਕਤੂਬਰ ਤੱਕ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ, ਤਾਕਿ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਵਣਜੀਵ, ਕੁਦਰਤ ਅਤੇ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਅਤੇ ਸੰਭਾਲ਼ ਨੂੰ ਹੁਲਾਰਾ ਦਿੱਤਾ ਜਾ ਸਕੇ।

ਇਸ ਕ੍ਰਮ ਵਿੱਚ, ਵਿਭਾਗ ਦੁਆਰਾ ਸਲਾਨਾ ਟ੍ਰੈਕਿੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਨੇ ਕੀਤੀ। ਇਸ ਅਵਸਰ ‘ਤੇ ਸ਼੍ਰੀ ਸੌਰਭ ਕੁਮਾਰ, ਆਈਐੱਫਐੱਸ, ਮੁੱਖ ਵਣਪਾਲ, ਸ਼੍ਰੀ ਅਨੂਪ ਕੁਮਾਰ ਸੋਨੀ, ਆਈਐੱਫਐੱਸ, ਵਣਪਾਲ ਅਤੇ ਸ਼੍ਰੀ ਨਵਨੀਤ ਕੁਮਾਰ ਸ਼੍ਰੀਵਾਸਤਵ, ਆਈਐੱਫਐੱਸ, ਡਿਪਟੀ ਵਣਪਾਲ (ਹੈੱਡਕੁਆਰਟਰ/ ਵਣਜੀਵ), ਯੂਟੀ ਚੰਡੀਗੜ੍ਹ ਵੀ ਹਾਜ਼ਰ ਰਹੇ।

ਇਸ ਸਮਾਗਮ ਦੇ ਨਾਲ ਸੁਖਨਾ ਵਾਇਲਡਲਾਇਫ ਸੈਂਚੁਰੀ ਨੂੰ ਨਾਗਰਿਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ,ਜੋ ਕਿ ਮੌਨਸੂਨ ਦੇ ਦੌਰਾਨ 4 ਮਹੀਨੇ ਤੱਕ ਬੰਦ ਰਹਿੰਦੀ ਹੈ। ਇਹ ਟ੍ਰੈਕਿੰਗ ਨੇਪਲੀ ਤੋਂ ਸ਼ੁਰੂ ਹੋ ਕੇ ਅਤੇ ਕਾਂਸਲ ਲੌਗ ਹੱਟ ਤੱਕ ਸੰਪੰਨ ਹੋਈ, ਜਿਸ ਦੀ ਲੰਬਾਈ ਲਗਭਗ 10 ਕਿਲੋਮੀਟਰ ਸੀ ਅਤੇ ਇਸ ਵਿੱਚ ਪ੍ਰਤੀਭਾਗੀਆਂ ਨੇ ਤਿੰਨ ਪਹਾੜੀਆਂ ਨੂੰ ਪਾਰ ਕੀਤਾ, ਜੋ ਵੱਧ ਤੋਂ ਵੱਧ 1500 ਫੁੱਟ ਦੀ ਉਚਾਈ ਤੱਕ ਪਹੁੰਚਦੀਆਂ ਹਨ। ਇਸ ਟ੍ਰੈਕ ਵਿੱਚ ਲਗਭਗ 209 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸਕੂਲੀ ਬੱਚੇ, ਆਮ ਲੋਕ ਅਤੇ ਸੀਨੀਅਰ ਸਿਟੀਜ਼ਨ ਸ਼ਾਮਲ ਰਹੇ।
ਕਾਂਸਲ ਲੌਗ ਹੱਟ ‘ਤੇ ਟ੍ਰੈਕਿੰਗ ਦੇ ਅੰਤ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਇੰਟਰ ਸਕੂਲ ਕੁਇਜ਼ ਮੁਕਾਬਲੇ ਸਮੇਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਨਾਗਰਿਕਾਂ ਦੀ ਮੰਗ ‘ਤੇ, ਬਟਰਫਲਾਈ ਪਾਰਕ, ​​ਸੈਕਟਰ-26, ਚੰਡੀਗੜ੍ਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਹੁਣ ਸਵੇਰੇ 6:00 ਵਜੇ ਤੋਂ ਸ਼ਾਮ 6:00 ਵਜੇ ਤੱਕ ਖੁੱਲ੍ਹਾ ਰਹੇਗਾ, ਵਿਚਕਾਰ ਇੱਕ ਛੋਟਾ ਜਿਹਾ ਬ੍ਰੇਕ ਹੋਵੇਗਾ।

ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਕ੍ਰੈਸਟ (CREST) ਨੇ ਵੀ ਨਾਗਰਿਕਾਂ ਨੂੰ “ਪਲਾਸਟਿਕ ਦੀ ਵਰਤੋਂ ਨਾ ਕਰੋ” ਮੁਹਿੰਮ ਅਤੇ ਇਲੈਕਟ੍ਰਿਕ ਵਾਹਨਾਂ (ਈਵੀਜ਼/EVs) ਦੇ ਪ੍ਰਚਾਰ-ਪ੍ਰਸਾਰ ਦੇ ਜ਼ਰੀਏ ਜਾਗਰੂਕ ਕੀਤਾ।

ਇਸ ਅਵਸਰ ‘ਤੇ, ਮੁੱਖ ਮਹਿਮਾਨ, ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਆਮ ਲੋਕਾਂ ਨੂੰ ਵਣਜੀਵ ਸੰਭਾਲ਼ ਦੇ ਪ੍ਰਤੀ ਜਾਗਰੂਕ ਕਰਦੀਆਂ ਹਨ।

ਇਸ ਅਵਸਰ ‘ਤੇ ਸ਼੍ਰੀ ਸੌਰਭ ਕੁਮਾਰ, ਆਈਐੱਫਐੱਸ, ਮੁੱਖ ਵਣਪਾਲ, ਯੂਟੀ ਚੰਡੀਗੜ੍ਹ ਨੇ 05, 25 ਅਤੇ 26 ਅਕਤੂਬਰ 2025 ਨੂੰ (ਨੇਪਲੀ ਤੋਂ ਕਾਂਸਲ ਲੌਗ ਹੱਟ ਤੱਕ) ਹੋਣ ਵਾਲੇ ਆਗਾਮੀ ਟ੍ਰੈਕਿੰਗ ਸਮਾਗਮਾਂ ਬਾਰੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਵਣਜੀਵ ਹਫ਼ਤੇ ਦੌਰਾਨ ਹੋਰ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਵਿਦਿਆਰਥੀਆਂ ਲਈ ਵਿੱਦਿਅਕ ਟੂਰ, ਸਕੂਲਾਂ ਵਿੱਚ ਲੈਕਚਰ ਸੀਰੀਜ਼, ਲੇਖ ਅਤੇ ਸਲੋਗਨ ਲਿਖਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਸ਼ਾਮਲ ਹਨ।

ਪ੍ਰਤੀਭਾਗੀਆਂ ਦੀ ਸੁਰੱਖਿਆ ਹਿਤ ਵਣ ਵਿਭਾਗ ਦੇ ਫੀਲਡ ਸਟਾਫ਼ ਅਤੇ ਰੂਟ ‘ਤੇ ਡਾਕਟਰੀ ਸੁਵਿਧਾਵਾਂ ਪੂਰੇ ਮਾਰਗ ‘ਤੇ ਉਪਲਬਧ ਕਰਵਾਈਆਂ ਗਈਆਂ।

×