ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ , 26 ਦਸੰਬਰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵੀਰ ਬਾਲ ਦਿਵਸ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਈ ਭਾਜਪਾ ਆਗੂਆਂ ਨਾਲ ਸ਼ਹੀਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਧਰਮ ਦੇ ਤੱਤ ਨੂੰ ਸਮਝਣ ਵਾਲੇ ਅਤੇ ਜ਼ਾਲਮ ਅੱਗੇ ਝੁਕਣ ਦੀ ਬਜਾਏ ਆਪਣੀ ਜਾਨ ਦੇਣ ਦੀ ਉੱਚ ਭਾਵਨਾ ਰੱਖਣ ਵਾਲੇ ਬਹਾਦਰ ਬੱਚਿਆਂ ਦੀ ਮਿਸਾਲ ਜੇ ਦੁਨੀਆਂ ਵਿੱਚ ਮਿਲ ਸਕਦੀ ਹੈ ਤਾੰ ਉਹ ਸਥਾਨ ਭਾਰਤ ਦੇ ਪੰਜਾਬ ਸੂਬੇ ਵਿੱਚ ਪਵਿੱਤਰ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ ਹੈ। ਜਿੱਥੇ ਅੱਜ ਅਸੀਂ ਉਹਨਾਂ ਨੇਕ ਰੂਹਾਂ ਅੱਗੇ ਸਿਰ ਝੁਕਾਉਣ ਲਈ ਖੜੇ ਹਾਂ।
ਕੇਂਦਰ ਸਰਕਾਰ ਨੇ ਅੱਜ ਦੇ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਇਹ ਫੈਸਲਾ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੀਤੇ ਦੌਰ ਵਿੱਚ ਘਟੀ ਇਸ ਘਟਨਾ ਨਾਲ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੀ ਮਾਨਸਿਕਤਾ ਨੂੰ ਵੱਜੀ ਚੋਟ ‘ਤੇ ਮਲ੍ਹਮ ਲਗਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਵੀਰ ਬੱਚਿਆਂ ਦੀ ਇਹ ਵਡਮੁੱਲੀ ਕੁਰਬਾਨੀ ਦੇਸ਼ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੀ ਪ੍ਰੇਰਨਾ ਸਦਾ ਦਿੰਦੀ ਰਹੇਗੀ।
ਇਸ ਮੌਕੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਸੰਗਠਨ ਦੇ ਜਨਰਲ ਸਕੱਤਰ ਮੰਤਰੀ ਸ੍ਰੀਨਿਵਾਸਲੂ, ਜਨਰਲ ਸਕੱਤਰ ਪਰਮਿੰਦਰ ਬਰਾੜ, ਜਗਮੋਹਨ ਸਿੰਘ ਰਾਜੂ, ਰਾਕੇਸ਼ ਰਾਠੌਰ, ਮਹਿਲਾ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ, ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ, ਪ੍ਰਦੇਸ਼ ਉੱਪ ਪ੍ਰਧਾਨ ਫਤਹਿ ਸਿੰਘ ਬਾਜਵਾ, ਪ੍ਰਦੇਸ਼ ਸਕੱਤਰ ਕੰਵਲਵੀਰ ਟੌਹੜਾ ਮੁਕੇਰੀਆਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਤੇ ਹੋਰ ਆਗੂ ਹਾਜ਼ਰ ਸਨ।