ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੀ ਸਮਰਸਤਾ ਸੰਕਪਲ ਯਾਤਰਾ ਅੱਜ ਸਵੇਰੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਵਾਇਆ ਤਰਨ ਤਾਰਨ, ਜ਼ੀਰਾ, ਫਿਰੋਜ਼ਪੁਰ ਅਤੇ ਮੁਕਤਸਰ ਪਹੁੰਚੀ।

ਪੰਜਾਬ ਭਾਜਪਾ ਆਗੂ ਇਕਬਾਲ ਸਿੰਘ ਚੰਨੀ ਨੇ ਦੱਸਿਆ ਕਿ ‘ਸਮਰਸਤਾ ਸੰਕਪਲ ਯਾਤਰਾ’ ਦਾ ਅੱਜ ਤੀਜਾ ਦਿਨ ਸੀ, ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋਣ ਸਮੇਂ ਭਾਜਪਾ ਦੇ ਐੱਸ ਸੀ ਮੋਰਚੇ ਦੇ ਕੌਮੀ ਪ੍ਰਧਾਨ ਸ੍ਰੀ ਸਿਵੇਸ਼ ਕੁਮਾਰ ਰਾਮ ਤੇ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਲਾਲ ਸਿੰਘ ਆਰਿਆ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਅਤੇ ਰਜਨੀਸ਼ ਧੀਮਾਨ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਯਾਤਰਾ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਉੱਦਮ ਹੈ। ਇਹ ਕੋਈ ਸਿਆਸੀ ਯਾਤਰਾ ਨਹੀਂ ਬਲਕਿ ਗੁਰੂ ਰਵਿਦਾਸ ਜੀ ਦੇ ਦਿਖਾਏ ਮਾਰਗ ਉੱਤੇ ਤੁਰਨ ਦੀ ਕੋਸ਼ਿਸ਼ ਹੈ।

ਅੰਮ੍ਰਿਤਸਰ ਤੋਂ ਚੱਲ ਕੇ ਯਾਤਰਾ ਤਰਨ ਤਾਰਨ ਪਹੁੰਚੀ ਤਾਂ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਯਾਤਰਾ ਦਾ ਫੁੱਲਾਂ ਦੀ ਵਰਖਾਂ ਨਾਲ ਸਵਾਗਤ ਕੀਤਾ, ਨਾਲ ਹੀ ਪਾਲਕੀ ਸਾਹਿਬ ਵਿੱਚ ਸ਼ਸ਼ੋਬਿਤ ਗੁਰੂ ਰਵਿਦਾਸ ਜੀ ਦੀ ਮੂਰਤੀ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਅੱਗੇ ਚੱਲ ਕੇ ਇਹ ਯਾਤਰਾ ਜ਼ੀਰਾ ਰਸਤੇ ਫਿਰੋਜ਼ਪੁਰ ਪਹੁੰਚੀ, ਜਿੱਥੇ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਆਰ ਆਗੂ ਗੇਜਾ ਰਾਮ, ਚਰਨਜੀਤ ਸਿੰਘ ਅਟਵਾਲ,ਆਸ਼ੂ ਸਾਂਪਲਾ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਵਿੱਚ ਪੰਜ ਦਿਨਾਂ ਦੌਰਾਨ 17 ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ, ਇਹ ਯਾਤਰਾ ਜਿਸ ਵੀ ਸ਼ਹਿਰ ਅਤੇ ਕਸਬੇ ਵਿੱਚੋਂ ਲੰਘ ਰਹੀ ਹੈ, ਉੱਥੇ ਵੱਡੀ ਗਿਣਤੀ ਲੋਕ ਇਸ ਯਾਤਰਾ ਦਾ ਸਵਾਗਤ ਕਰ ਰਹੇ ਹਨ। ਜਿਵੇਂ ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਜਾਂਦੇ ਸਮੇਂ ਸਾਦਿਕ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਸਮਰਸਤਾ ਸੰਕਲਪ ਯਾਤਰਾ 18 ਨਵੰਬਰ ਨੂੰ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ ਸੀ। ਇਸ ਨੇ ਪੰਜਾਬ ਸਣੇ 7 ਸੂਬਿਆਂ ਵਿੱਚੋਂ ਹੁੰਦੇ ਹੋਏ 3 ਦਸੰਬਰ ਨੂੰ ਵਾਰਾਣਸੀ ਵਿੱਚ ਸੰਪੰਨ ਹੋਣਾ ਹੈ।