ਸਾਫ਼ ਹਵਾ ਅਤੇ ਬਿਹਤਰ ਵਾਤਾਵਰਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ
ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੇ ਸਵੱਛ ਵਾਯੂ ਸਰਵੇਖਣ 2026 ਵਿੱਚ ਆਪਣੀ ਰੈਂਕਿੰਗ ਵਿੱਚ 15 ਸਥਾਨਾਂ ਦਾ ਸੁਧਾਰ ਦਰਜ ਕਰਕੇ ਸਾਫ਼ ਹਵਾ ਅਤੇ ਬਿਹਤਰ ਵਾਤਾਵਰਣ ਵੱਲ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ।
ਇਸ ਉਪਲਬਧੀ ’ਤੇ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਲਈ ਇਹ ਸਿਰਫ਼ ਰੈਂਕਿੰਗ ਵਿੱਚ ਸੁਧਾਰ ਨਹੀਂ, ਬਲਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਇੱਕ ਉਤਸ਼ਾਹਜਨਕ ਨਤੀਜਾ ਹੈ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਸੁਧਾਰ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਖਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਇਸ ਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ਨਾਲ ਹੈ।
ਗੈਰੀ ਬੜਿੰਗ ਨੇ ਕਿਹਾ, “ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਮੰਡੀ ਗੋਬਿੰਦਗੜ੍ਹ ਨੇ ਸਵੱਛ ਵਾਯੂ ਸਰਵੇਖਣ ਵਿੱਚ 15 ਸਥਾਨਾਂ ਦਾ ਸੁਧਾਰ ਕੀਤਾ ਹੈ। ਪਰ ਅਸੀਂ ਇਸ ਨੂੰ ਮੰਜ਼ਿਲ ਨਹੀਂ, ਸਗੋਂ ਅੱਗੇ ਵਧਣ ਲਈ ਇੱਕ ਪ੍ਰੇਰਣਾ ਵਜੋਂ ਦੇਖਦੇ ਹਾਂ। ਅਸੀਂ ਇਸ ਦਿਸ਼ਾ ਵਿੱਚ ਹੋਰ ਮਿਹਨਤ ਕਰਦੇ ਰਹਾਂਗੇ, ਤਾਂ ਜੋ ਮੰਡੀ ਗੋਬਿੰਦਗੜ੍ਹ ਸਿਰਫ਼ ਉਦਯੋਗਿਕ ਤਰੱਕੀ ਲਈ ਹੀ ਨਹੀਂ, ਸਗੋਂ ਇੱਕ ਸਾਫ਼ ਤੇ ਸਿਹਤਮੰਦ ਸ਼ਹਿਰ ਵਜੋਂ ਵੀ ਜਾਣਿਆ ਜਾਵੇ।”
ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਸਰਕਾਰ, ਸਥਾਨਕ ਪ੍ਰਸ਼ਾਸਨ, ਉਦਯੋਗਿਕ ਇਕਾਈਆਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਮੰਡੀ ਗੋਬਿੰਦਗੜ੍ਹ ਨੂੰ ਹੋਰ ਸਾਫ਼ ਅਤੇ ਹਰਾ-ਭਰਾ ਬਣਾਇਆ ਜਾ ਸਕਦਾ ਹੈ।
ਵਿਧਾਇਕ ਨੇ ਕਿਹਾ ਕਿ ਸਾਫ਼ ਹਵਾ, ਸਾਫ਼ ਵਾਤਾਵਰਣ ਅਤੇ ਟਿਕਾਊ ਵਿਕਾਸ ਨੂੰ ਲੈ ਕੇ ਸਰਕਾਰ ਦੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਮੰਡੀ ਗੋਬਿੰਦਗੜ੍ਹ ਨੂੰ ਵਾਤਾਵਰਣ ਪੱਖੋਂ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।


