ਦੇਸ਼ ਭਗਤ ਯਾਦਗਾਰ ਹਾਲ ਵਿਖੇ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿੱਚ ਕੀਤੀ ਸ਼ਿਰਕਤ, ਕਿਤਾਬਾਂ ਦੇ ਸਟਾਲਾਂ ਦਾ ਕੀਤਾ ਦੌਰਾ ਅਤੇ ਖਰੀਦੀਆਂ ਪੁਸਤਕਾਂ

ਗ਼ਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਭੇਟ ਕੀਤੀ ਸ਼ਰਧਾਂਜਲੀ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਮੇਲੇ ਵਿੱਚ ਪਹੁੰਚੇ ਲੋਕਾਂ ਨਾਲ ਕੀਤੀ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸਰਦਾਰ ਪਰਗਟ ਸਿੰਘ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਜਾ ਰਹੇ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿੱਚ ਸ਼ਿਰਕਤ ਕੀਤੀ ਅਤੇ ਗ਼ਦਰੀ ਬਾਬਿਆਂ ਸਮੇਤ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸਰਦਾਰ ਪਰਗਟ ਸਿੰਘ ਨੇ ਮੇਲੇ ਵਿੱਚ ਲੱਗੇ ਵੱਖ-ਵੱਖ ਪੁਸਤਕ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦੇਖੀਆਂ ਅਤੇ ਕੁਝ ਪੁਸਤਕਾਂ ਖਰੀਦ ਕੇ ਸਾਹਿਤ ਪ੍ਰਤੀ ਆਪਣੀ ਰੁਚੀ ਵੀ ਪ੍ਰਗਟਾਈ। ਪੁਸਤਕ ਸਟਾਲਾਂ ’ਤੇ ਖ਼ਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ਦੇਖ ਕੇ ਉਨ੍ਹਾਂ ਖੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਬੇਹੱਦ ਜ਼ਰੂਰੀ ਹਨ। ਪੁਸਤਕ ਸਟਾਲਾਂ ’ਤੇ ਲੋਕਾਂ ਦੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਲੋਕ ਚੰਗਾ ਸਾਹਿਤ ਪੜ੍ਹਨ, ਕਿਤਾਬਾਂ ਖਰੀਦਣ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਅਜਿਹੇ ਸਮਾਗਮਾਂ ਵਿੱਚ ਪਹੁੰਚਦੇ ਹਨ। ਨਵੀਂ ਪੀੜ੍ਹੀ ਦੇ ਬੱਚਿਆਂ ਅਤੇ ਨੌਜਵਾਨਾਂ ਦਾ ਕਿਤਾਬਾਂ ਪ੍ਰਤੀ ਵਧਦਾ ਰੁਝਾਨ ਵਿਸ਼ੇਸ਼ ਤੌਰ ’ਤੇ ਉਤਸ਼ਾਹਜਨਕ ਹੈ।

ਸਰਦਾਰ ਪਰਗਟ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਮੇਲੇ ਦੇ ਆਯੋਜਨ, ਗਤੀਵਿਧੀਆਂ ਅਤੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮੇਲੇ ਵਿੱਚ ਆਏ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਮੇਲੇ ਵਿੱਚ ਆਉਂਦੇ ਰਹੇ ਹਨ ਅਤੇ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਹਮੇਸ਼ਾ ਖੁਸ਼ੀ ਅਤੇ ਇੱਕ ਵਿਸ਼ੇਸ਼ ਅਹਿਸਾਸ ਹੁੰਦਾ ਹੈ। ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ, ਵਿਚਾਰਾਂ ਅਤੇ ਦੇਸ਼ ਭਗਤੀ ਦੀ ਵਿਰਾਸਤ ਨਾਲ ਜੁੜਨਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਭਵਿੱਖ ਵਿੱਚ ਵੀ ਇਸ ਮੇਲੇ ਦਾ ਹਿੱਸਾ ਬਣੇ ਰਹਿਣ ਦੀ ਇੱਛਾ ਪ੍ਰਗਟਾਈ।

ਇਸ ਦੌਰਾਨ ਮੇਲੇ ਵਿੱਚ ਪਹੁੰਚੇ ਲੋਕਾਂ ਨੇ ਸਰਦਾਰ ਪਰਗਟ ਸਿੰਘ ਨਾਲ ਤਸਵੀਰਾਂ ਅਤੇ ਸੈਲਫੀਆਂ ਵੀ ਖਿਚਵਾਈਆਂ। ਉਨ੍ਹਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਇਹ ਮੇਲਾ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਲੋਕਾਂ ਨੂੰ ਗ਼ਦਰੀ ਬਾਬਿਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਅਜਿਹੇ ਆਯੋਜਨ ਸਾਡੀ ਇਤਿਹਾਸਕ ਵਿਰਾਸਤ, ਦੇਸ਼ ਭਗਤੀ ਅਤੇ ਸਮਾਜਿਕ ਚੇਤਨਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।