ਸਿੱਖਿਆ ਨਾਲ ਜੁੜੇ ਵਿਭਿੰਨ ਮੁੱਦਿਆਂ ‘ਤੇ ਚਰਚਾ ਲਈ ਪ੍ਰਸ਼ਾਸਕ ਦੀ ਸਲਾਹਕਾਰ ਪਰਿਸ਼ਦ ਦੀ ਸਿੱਖਿਆ ਸਬੰਧੀ ਸਥਾਈ ਕਮੇਟੀ ਦੀ ਮੀਟਿੰਗ ਅੱਜ ਯੂਟੀ ਗੈਸਟ ਹਾਊਸ, ਸੈਕਟਰ-6, ਚੰਡੀਗੜ੍ਹ ਵਿਖੇ ਸ਼੍ਰੀ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਸੁਸ਼੍ਰੀ ਹਰਪ੍ਰੀਤ ਕੌਰ ਬਬਲਾ, ਸਾਬਕਾ ਮੇਅਰ, ਚੰਡੀਗੜ੍ਹ; ਸ਼੍ਰੀ ਸੌਰਭ ਦੁੱਗਲ, ਪ੍ਰਧਾਨ, ਪ੍ਰੈੱਸ ਕਲੱਬ, ਚੰਡੀਗੜ੍ਹ; ਸ਼੍ਰੀ ਚਰਨਜੀਤ ਸਿੰਘ; ਸ਼੍ਰੀ ਅਵੀ ਭਸੀਨ, ਪ੍ਰਧਾਨ, ਲਘੂ ਉਦਯੋਗ ਭਾਰਤੀ; ਡਾ. ਪਾਲਿਕਾ ਅਰੋੜਾ, ਪੀਸੀਐੱਸ, ਡਾਇਰੈਕਟਰ ਉਚੇਰੀ ਸਿੱਖਿਆ ਅਤੇ ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਉਪਸਥਿਤ ਰਹੇ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਾਇਰੈਕਟਰ ਉਚੇਰੀ ਸਿੱਖਿਆ ਨੇ ਸਿੱਖਿਆ ਵਿਭਾਗ ਦੀਆਂ ਮੁੱਖ ਉਪਲਬਧੀਆਂ ‘ਤੇ ਸੰਖੇਪ ਪ੍ਰਸਤੁਤੀ ਦਿੱਤੀ।
ਕਮੇਟੀ ਨੇ ਪਦ-ਉੱਨਤੀ ਕੋਟੇ ਦੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਨਿਯਮਿਤ ਤੌਰ ‘ਤੇ ਭਰਨ ‘ਤੇ ਜ਼ੋਰ ਦਿੱਤਾ, ਤਾਕਿ ਕਰਮਚਾਰੀਆਂ ਦੇ ਕਰੀਅਰ ਵਿੱਚ ਗ਼ੈਰਜ਼ਰੂਰੀ ਰੁਕਾਵਟ ਨਾ ਆਵੇ। ਨਾਲ ਹੀ, ਸੀਨੀਆਰਤਾ ਸੂਚੀਆਂ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਵਿਦਿਆਰਥੀਆਂ ਨੂੰ ਉਚਿਤ ਕਰੀਅਰ ਅਤੇ ਲਕਸ਼ ਸਬੰਧੀ ਮਾਰਗਦਰਸ਼ਨ ਦੇਣ ‘ਤੇ ਵੀ ਜ਼ੋਰ ਦਿੱਤਾ ਗਿਆ।
ਕਮੇਟੀ ਨੇ ਸਰਕਾਰੀ ਸੰਸਾਧਨਾਂ ਦੇ ਬਿਹਤਰ ਉਪਯੋਗ ਅਤੇ ਗ਼ੈਰਜ਼ਰੂਰੀ ਖਰਚ ਨੂੰ ਘੱਟ ਕਰਨ ‘ਤੇ ਵੀ ਬਲ ਦਿੱਤਾ। ਕਿਉਂਕਿ ਸਰਕਾਰ ਵਿਦਿਆਰਥੀਆਂ ਨੂੰ ਮੁਫ਼ਤ ਪਾਠ-ਪੁਸਤਕਾਂ ਉਪਲਬਧ ਕਰਵਾਉਂਦੀ ਹੈ ਅਤੇ ਸਿਲੇਬਸ ਹਰ ਵਰ੍ਹੇ ਨਹੀਂ ਬਦਲਦਾ, ਇਸ ਲਈ ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ ਪੂਰਾ ਹੋਣ ਤੋਂ ਬਾਅਦ ਚੰਗੀ ਸਥਿਤੀ ਵਾਲੀਆਂ ਕਿਤਾਬਾਂ ਵਾਪਸ ਕਰਨ ਲਈ ਪ੍ਰੋਤਸਾਹਿਤ ਕਰਨ ਦਾ ਸੁਝਾਅ ਦਿੱਤਾ ਗਿਆ, ਤਾਕਿ ਅਗਲੇ ਬੈਚ ਦੇ ਵਿਦਿਆਰਥੀ ਉਨ੍ਹਾਂ ਦਾ ਦੁਬਾਰਾ ਉਪਯੋਗ ਕਰ ਸਕਣ ਅਤੇ ਸਰਕਾਰੀ ਖਰਚ ਘੱਟ ਹੋਵੇ।
ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਜਿੱਥੇ ਸੰਭਵ ਹੋਵੇ ਅਤੇ ਉਚਿਤ ਸੁਵਿਧਾ ਅਤੇ ਸੁਰੱਖਿਆ ਮਿਆਰਾਂ ਦਾ ਪਾਲਨ ਹੋਵੇ, ਉੱਥੇ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਨਿਰਧਾਰਿਤ ਸਮੇਂ ਵਿੱਚ ਆਸਪਾਸ ਦੇ ਬੱਚਿਆਂ ਲਈ ਵੀ ਉਪਲਬਧ ਕਰਵਾਇਆ ਜਾ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਲਈ ਪ੍ਰੋਤਸਾਹਨ ਮਿਲੇਗਾ, ਫਿਟਨੈੱਸ ਅਤੇ ਇੱਕ ਤੰਦਰੁਸਤ ਜੀਵਨਸ਼ੈਲੀ ਨੂੰ ਹੁਲਾਰਾ ਮਿਲੇਗਾ ਅਤੇ ਮੌਜੂਦਾ ਖੇਡ ਸੁਵਿਧਾਵਾਂ ਦਾ ਬਿਹਤਰ ਉਪਯੋਗ ਹੋ ਸਕੇਗਾ।
ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਬਿਹਤਰ ਤਾਲਮੇਲ ਅਤੇ ਸਮੇਂ ‘ਤੇ ਕੰਮ ਪੂਰਾ ਕਰਨ ਲਈ ਚੇਅਰਮੈਨ ਨੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਿਵਲ, ਪਬਲਿਕ ਹੈਲਥ ਅਤੇ ਇਲੈਕਟ੍ਰੀਕਲ ਵਿੰਗਾਂ ਦੇ ਪ੍ਰਤੀਨਿਧੀਆਂ ਦੀ ਇੱਕ ਤਾਲਮੇਲ ਕਮੇਟੀ ਦੇ ਗਠਿਤ ਕਰਨ ਦਾ ਸੁਝਾਅ ਦਿੱਤਾ। ਇਸ ਨੂੰ ਜੇਕਰ ਸੰਭਵ ਹੋਵੇ ਤਾਂ ਦੋ ਹਫ਼ਤਿਆਂ ਦੇ ਅੰਦਰ ਗਠਿਤ ਕਰਨ ਦੀ ਗੱਲ ਕਹੀ ਗਈ।
ਚੇਅਰਮੈਨ ਨੇ ਕਾਰਜਾਂ ਦੀ ਨਿਯਮਿਤ ਜਾਂਚ ਅਤੇ ਆਡਿਟ ‘ਤੇ ਵੀ ਜ਼ੋਰ ਦਿੱਤਾ, ਤਾਕਿ ਨਿਰਧਾਰਿਤ ਗੁਣਵੱਤਾ ਮਿਆਰਾਂ ਦਾ ਪਾਲਨ, ਸੰਸਾਧਨਾਂ ਦਾ ਉਚਿਤ ਉਪਯੋਗ ਅਤੇ ਕਾਰਜਾਂ ਨੂੰ ਸਮੇਂ ‘ਤੇ ਪੂਰਾ ਕਰਨਾ ਸੁਨਿਸ਼ਚਿਤ ਹੋ ਸਕੇ। ਜਿੱਥੇ ਵੀ ਕਮੀਆਂ ਪਾਈਆਂ ਜਾਣ, ਉੱਥੇ ਜ਼ਿੰਮੇਦਾਰੀ ਅਤੇ ਜਵਾਬਦੇਹੀ ਤੈਅ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਤੈਅ ਬਿੰਦੂਆਂ ‘ਤੇ ਹੋਈ ਕਾਰਵਾਈ ਦੀ ਸਮੀਖਿਆ ਲਈ ਅਗਲੀ ਮੀਟਿੰਗ 20 ਦਿਨਾਂ ਬਾਅਦ ਆਯੋਜਿਤ ਕੀਤੀ ਜਾਵੇਗੀ।
