ਲੁਧਿਆਣਾ, 26 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਤਾਂ ਜੋ ਗੈਂਗਸਟਰ ਸਭਿਆਚਾਰ ਨਸ਼ਿਆਂ ਅਤੇ ਅਤਿਵਾਦ ਦੀ ਬੁਰਾਈ ਦਾ ਖ਼ਾਤਮਾ ਕੀਤਾ ਜਾ ਸਕੇ।
ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਤੇ ਆਪ ਦੋਵਾਂ ਨਾਲ ਤਜ਼ਰਬਾ ਕਰ ਕੇ ਵੇਖ ਲਿਆ ਹੈ। ਪੰਜਾਬ ਨੇ ਵੇਖ ਲਿਆ ਹੈ ਕਿ ਇਹ ਸਾਰੇ ਪੈਮਾਨਿਆਂ ’ਤੇ ਹੇਠਾਂ ਗਿਆ ਹੈ ਤੇ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਆਮ ਆਦਮੀ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਨੂੰ ਇਕ ਫੈਸਲਾਕੁੰਨ ਸਰਕਾਰ ਦੀ ਜ਼ਰੂਰਤ ਹੈ ਜੋ ਅਕਾਲੀ ਦਲ ਵਾਂਗੂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦਾ ਖ਼ਾਤਮਾ ਕਰੇ ਅਤੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਹਾਲ ਕਰੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲਣ ’ਤੇ ਆਪ ਦੀ ਦਿੱਲੀ ਲੀਡਰਸ਼ਿਪ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਵੇਲੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਸਮੇਤ ਉਹਨਾਂ ਦੀ ਟੀਮ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਆਪ ਸੰਭਾਲ ਲਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਦਫਤਰ ਤੋਂ ਲੈ ਕੇ ਸੂਬਾ ਸਕੱਤਰੇਤ ਤੱਕ ਸਾਰੀਆਂ ਫਾਈਲਾਂ ਇਹਨਾਂ ਰਾਹੀਂ ਜਾ ਰਹੀਆਂ ਹਨ। ਇਹ ਨਾ ਸਿਰਫ ਫਾਈਲਾਂ ਵੇਖ ਰਹੇ ਹਨ ਬਲਕਿ ਉਹਨਾਂ ਬਾਰੇ ਸਾਰੇ ਫੈਸਲੇ ਲੈ ਰਹੇ ਹਨ ਜੋਕਿ ਸਾਰੇ ਹੀ ਗੈਰ ਕਾਨੂੰਨੀ ਹਨ ਅਤੇ ਸਾਰੇ ਹੀ ਸਰਕਾਰੀ ਭੇਦ ਗੁਪਤ ਰੱਖਣ ਦੇ ਐਕਟ ਦੀ ਉਲੰਘਣਾ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਇਹਨਾਂ ਸਾਰਿਆਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ ਪੰਜਾਬੀਆਂ ਦੇ ਹੱਕਾ ਦੀ ਰਾਖੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸੂਬੇ ਦੇ ਅਸਲੀ ਵਾਰਸ ਹਾਂ ਤੇ ਹੋਰ ਪਾਰਟੀਆਂ ਵਾਂਗੂ ਘੁੱਪ ਹਨੇਰੇ ਵਿਚ ਘੁੰਮਣ ਵਾਲੇ ਨਹੀਂ ਹਾਂ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਸਾਡਾ ਨੁਕਸਾਨ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਉਂਦੀ ਜ਼ਿਮਨੀ ਚੋਣ ਵਿਚ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਜੋ 2027 ਦੀਆਂ ਚੋਣਾਂ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇ। ਉਹਨਾਂ ਕਿਹਾ ਕਿ ਆਉਂਦੀ ਜ਼ਿਮਨੀ ਚੋਣ ਵਿਚ ਪਾਰਟੀ ਆਪਣੇ ਬੀਤੇ ਇਤਿਹਾਸ ਤੇਜ਼ ਰਫਤਾਰ ਵਿਕਾਸ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਵਪਾਰ ਤੇ ਉਦਯੋਗ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਵਾਸਤੇ ਕੀਤੇ ਕੰਮਾਂ ਲਈ ਜਨਮਤ ਮੰਗੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਗਰੀਬ ਤਬਕੇ ਦੀ ਭਲਾਈ ਵਾਸਤੇ ਵਿਲੱਖਣ ਸਮਾਜ ਭਲਾਈ ਸਕੀਮਾਂ ਲਿਆਉਣ ਲਈ ਜਾਣਿਆ ਜਾਂਦਾ ਹੈ ਤੇ ਇਸਨੇ ਸੂਬੇ ਵਿਚ ਨਿਵੇਸ਼ ਕਰਵਾ ਕੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
ਜਦੋਂ ਉਹਨਾਂ ਤੋਂ ਪੰਜਾਬ ਵਿਜੀਲੈਂਸ ਦੇ ਮੁਖੀ ਐਸ ਪੀ ਐਸ ਪਰਮਾਰ ਨੂੰ ਮੁਅੱਤਲ ਕਰਨ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਇਹ ਆਦਤ ਹੀ ਬਣਾ ਲਈ ਹੈ ਕਿ ਉਹ ਅਫਸਰਾਂ ਖਿਲਾਫ ਕੇਸ ਦਰਜ ਕਰਦੀ ਹੈ ਜਦੋਂ ਕਿ ਜਿਹੜੇ ਅਫਸਰ ਉਸਦੀ ਹੁਕਮ ਅਦੂਲੀ ਕਰਦੇ ਹਨ, ਉਹਨਾਂ ਦੀ ਤਾਇਨਾਤੀ ਆਪਣੀ ਮਨਮਰਜ਼ੀ ਮੁਤਾਬਕ ਕਰਦੀ ਹੈ। ਉਹਨਾਂ ਕਿਹਾ ਕਿ ਅਜਿਹਾ ਪਹਿਲਾਂ ਵੀ ਹੋਇਆ ਹੈ ਤੇ ਅਸੀਂ ਪਹਿਲਾਂ ਵੀ ਵੇਖਿਆ ਹੈ ਕਿ ਸਿਖ਼ਰਲੇ ਅਫਸਰਾਂ ਦੀ ਬਦਲੀ ਇਸ ਕਰ ਕੇ ਕੀਤੀ ਗਈ ਕਿਉਂਕਿ ਉਹਨਾਂ ਨੇ ਆਪ ਸਰਕਾਰ ਦੇ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਵੱਡੀ ਗਿਣਤੀ ਵਿਚ ਅਫਸਰਾਂ ਨੇ ਪੰਜਾਬ ਤੋਂ ਬਾਹਰ ਦੀ ਪੋਸਟਿੰਗ ਲੈ ਲਈ ਹੈ।
ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲ ਭ੍ਰਿਸ਼ਟਾਚਾਰ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਵਰਗੇ ਦਿੱਲੀ ਦੇ ਆਪ ਆਗੂ ਕਰ ਰਹੇ ਹਨ ਜਿਹਨਾਂ ਨੇ ਪੰਜਾਬ ਦਾ ਖ਼ਜ਼ਾਨਾ ਲੁੱਟ ਕੇ ਦਿੱਲੀ ਦਾ ਘਰ ਭਰਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਇਹ ਸਾਰੇ ਮਸਲੇ ਜ਼ਿਮਨੀ ਚੋਣ ਵਿਚ ਲੋਕਾਂ ਕੋਲ ਲੈ ਕੇ ਜਾਣਗੇ।
ਅਕਾਲੀ ਦਲ ਦੇ ਬਾਗੀਆਂ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਉਹ ਵਾਪਸ ਆਉਣਾ ਚਾਹੁੰਦੇ ਹਨ ਤਾਂ ਸਾਫ ਦਿਲ ਨਾਲ ਵਾਪਸ ਆਉਣ ਅਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਇਸਦੇ ਸਿਧਾਂਤਾਂ ਮੁਤਾਬਕ ਕੰਮ ਕਰਨ।
ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਆਪ ਦੇ ਮਹਿਲਾ ਵਿੰਗ ਤੇ ਯੂਥ ਵਿੰਗ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ ਤੇ ਨਾਲ ਹੀ ਅਕਾਲੀ ਦਲ ਦੇ ਪਾਰਟੀ ਤੋਂ ਰੁੱਸੇ ਵਰਕਰ ਵੀ ਵਾਪਸ ਪਾਰਟੀ ਵਿਚ ਸ਼ਾਮਲ ਹੋਏ।
ਵਾਰਿਸ ਪੰਜਾਬ ਦੇ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੀਲਮ ਕੋਹਲੀ ਆਪਣੇ ਦਰਜਨਾਂ ਸਮਰਥਕਾਂ ਸਮੇਤ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸਚਿਨ ਅਰੋੜਾ ਵੀ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਉਹਨਾਂ ਦੇ ਨਾਲ ਹੀ ਭਾਜਪਾ ਦੇ ਸਰਕਲ ਪ੍ਰਧਾਨ ਕਮਲਜੀਤ ਸਿੰਘ ਸੇਠੀ ਵੀ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਪਾਰਟੀ ਦੇ ਸੀਨੀਅਰ ਆਗੂ ਸਰਦਾਰ ਹੀਰਾ ਸਿੰਘ ਗਾਬੜੀਆ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਹਰੀਸ਼ ਰਾਏ ਢਾਂਡਾ, ਸਰਦਾਰ ਰਣਜੀਤ ਸਿੰਘ ਢਿਲੋਂ, ਸ੍ਰੀ ਆਰ ਡੀ ਸ਼ਰਮਾ, ਸਰਦਾਰ ਭੁਪਿੰਦਰ ਸਿੰਘ ਭਿੰਦਾ, ਸ੍ਰੀ ਕਮਲ ਚੇਤਲੀ ਤੇ ਸ੍ਰੀ ਬੋਬੀ ਗਰਚਾ ਵੀ ਇਸ ਮੌਕੇ ਹਾਜ਼ਰ ਸਨ।
ਬਾਅਦ ਵਿਚ ਪਾਰਟੀ ਪ੍ਰਧਾਨ ਨੇ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੇ ਘਰ ਜਾ ਕੇ ਉਹਨਾਂ ਦੇ ਪਿਤਾ ਸਰਦਾਰ ਹਰਦਿਆਲ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਸ ਉਹ ਸਰਦਾਰ ਪ੍ਰਿਤਪਾਲ ਸਿੰਘ ਪਾਲੀ ਦੀ ਰਿਹਾਇਸ਼ ’ਤੇ ਵੀ ਪੁੱਜੇ।