ਸ਼੍ਰੀ ਅਕਾਲ ਤਖਤ ਸਾਹਿਬ ਨੂੰ ਐਕਸਪੰਜ ਨਹੀਂ ਕੀਤਾ ਜਾ ਸਕਦਾ, ਸਦਨ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਜਵਾਬ ਦੇਣਾ ਹੀ ਪਵੇਗਾ: ਗਨੀਵ ਕੌਰ ਮਜੀਠੀਆ
ਮਹਿਲਾ ਵਿਧਾਇਕ ਦਾ ਅਪਮਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਨੂੰ ਐਕਸਪੰਜ ਕਰਨ ਦੀ ਕਾਹਲੀ—ਸਪੀਕਰ ਦੀ ਭੂਮਿਕਾ ‘ਤੇ ਵੀ ਉੱਠੇ ਸਵਾਲ
“ਸਦਨ ਵਿੱਚ ਝੂਠ ਬੋਲਣਾ ਸਿਰਫ਼ ਵਿਰੋਧੀ ਧਿਰ ਦਾ ਨਹੀਂ, ਮਹਿਲਾ ਵਿਧਾਇਕ ਸਮੇਤ ਲੋਕਤੰਤਰ ਅਤੇ ਸੱਚ ਦਾ ਅਪਮਾਨ ਹੈ।” ਗਨੀਵ ਕੌਰ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਮਾਨਯੋਗ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ (Privilege Motion) ਦਾ ਨੋਟਿਸ ਦਾਇਰ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਨੇ 5 ਅਗਸਤ 2026 ਨੂੰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਜੁਗੋ-ਜੁਗ ਅਟੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਿਖਤੀ ਆਦੇਸ਼ਾਂ ਬਾਰੇ ਤੱਥਾਂ ਦੇ ਉਲਟ ਬਿਆਨ ਦੇ ਕੇ ਸਦਨ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਅਤੇ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕੀਤੀ।
ਬੀਬੀ ਮਜੀਠੀਆ ਨੇ ਆਪਣੇ ਨੋਟਿਸ ਵਿੱਚ ਕਿਹਾ ਕਿ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ” ਸਬੰਧੀ ਵਿਧਾਨ ਸਭਾ ਅੰਦਰ ਚਰਚਾ ਨਾ ਕਰਨ ਲਈ ਕਿਹਾ ਸੀ ਅਤੇ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ 31 ਜੁਲਾਈ 2026 ਨੂੰ ਜਾਰੀ ਕੀਤੇ ਗਏ ਲਿਖਤੀ ਪੱਤਰ ਦੇ ਬਿਲਕੁਲ ਉਲਟ ਹੈ। ਉਸ ਪੱਤਰ ਵਿੱਚ ਸਮੂਹ ਵਿਧਾਇਕਾਂ ਨੂੰ ਸਪੱਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਉਹ “ਬਤੌਰ ਸਿੱਖ ਆਪਣਾ ਫ਼ਰਜ਼ ਪਛਾਣੋ ਅਤੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਰਜ ਕਰਵਾਈਆਂ ਸਿੱਖ ਭਾਵਨਾਵਾਂ ਅਨੁਸਾਰ ਕਾਨੂੰਨ ਵਿੱਚ ਸੋਧ ਕਰਨ ਲਈ ਆਖੋ।” ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਮਤੀ ਨਹੀਂ ਬਣਦੀ, ਉਦੋਂ ਤੱਕ ਕਿਸੇ ਹੋਰ ਸੋਧ ਨੂੰ ਸਹਿਮਤੀ ਨਾ ਦਿੱਤੀ ਜਾਵੇ ਅਤੇ ਵਿਧਾਨ ਸਭਾ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਾਵਨਾ ਅਨੁਸਾਰ ਪੱਖ ਰੱਖਣਾ ਹਰ ਸਿੱਖ ਵਿਧਾਇਕ ਦੀ ਧਾਰਮਿਕ ਜ਼ਿੰਮੇਵਾਰੀ ਹੈ।
ਬੀਬੀ ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਿਖਤੀ ਨਿਰਦੇਸ਼ਾਂ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵਿਧਾਨ ਸਭਾ ਵਿੱਚ ਇਸ ਮੁੱਦੇ ‘ਤੇ ਚਰਚਾ ਨਾ ਕੀਤੀ ਜਾਵੇ। ਇਸ ਦੇ ਬਾਵਜੂਦ ਖ਼ਜ਼ਾਨਾ ਮੰਤਰੀ ਵੱਲੋਂ ਜਾਣਬੁੱਝ ਕੇ ਗਲਤ ਵਿਆਖਿਆ ਕਰਕੇ ਸਦਨ ਨੂੰ ਗੁੰਮਰਾਹ ਕੀਤਾ ਗਿਆ, ਜੋ ਵਿਧਾਨ ਸਭਾ ਦੀ ਮਰਿਆਦਾ ਅਤੇ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ।
ਬੀਬੀ ਮਜੀਠੀਆ ਨੇ ਆਪਣੇ ਨੋਟਿਸ ਵਿੱਚ ਇਹ ਵੀ ਉਜਾਗਰ ਕੀਤਾ ਕਿ ਜਦੋਂ ਵੀ ਉਹ ਸਦਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਜਾਗਤ ਜੋਤ ਬਿੱਲ ਬਾਰੇ ਬੋਲਣ ਲਈ ਖੜ੍ਹਦੇ ਹਨ ਤਾਂ ਸੱਤਾਧਾਰੀ ਧਿਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਅਪਮਾਨਜਨਕ ਟਿੱਪਣੀਆਂ ਅਤੇ ਨਿੱਜੀ ਕਟਾਕਸ਼ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਮਹਿਲਾ ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਥਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸਪੀਕਰ ਵੱਲੋਂ ਕਦੇ ਵੀ ਅਜਿਹੇ ਵਿਵਹਾਰ ਨੂੰ ਰੋਕਣ ਲਈ ਦਖ਼ਲ ਨਹੀਂ ਦਿੱਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ 5 ਅਗਸਤ ਨੂੰ ਵੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਹਵਾਲਾ ਦੇ ਰਹੇ ਸਨ ਤਾਂ ਉਨ੍ਹਾਂ ਉੱਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ, ਪਰ ਸਪੀਕਰ ਨੇ ਨਾ ਤਾਂ ਉਨ੍ਹਾਂ ਟਿੱਪਣੀਆਂ ਨੂੰ ਰਿਕਾਰਡ ਵਿੱਚੋਂ ਹਟਾਉਣ ਦੀ ਲੋੜ ਸਮਝੀ ਅਤੇ ਨਾ ਹੀ ਕਿਸੇ ਮੈਂਬਰ ਨੂੰ ਰੋਕਿਆ। ਇਸ ਦੇ ਉਲਟ ਸੱਤਾਧਾਰੀ ਧਿਰ ਦੇ ਕਹਿਣ ‘ਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਵਰਗੇ ਪਵਿੱਤਰ ਸ਼ਬਦਾਂ ਨੂੰ ਹੀ ਕਾਰਵਾਈ ਵਿੱਚੋਂ ਐਕਸਪੰਜ ਕਰਨ ਦੀ ਕਾਹਲੀ ਦਿਖਾਈ ਗਈ।
ਬੀਬੀ ਮਜੀਠੀਆ ਨੇ ਕਿਹਾ, “ਮੇਰੇ ਭਾਸ਼ਣ ਨੂੰ ਭਾਵੇਂ ਹਰ ਵਾਰ ਐਕਸਪੰਜ ਕੀਤਾ ਜਾਵੇ, ਪਰ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਮਨ ਅਤੇ ਆਤਮਾ ‘ਤੇ ਉੱਕਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦਬ, ਮਾਣ ਅਤੇ ਸਤਿਕਾਰ ਨੂੰ ਕੋਈ ਵੀ ਕਦੇ ਮਿਟਾ ਨਹੀਂ ਸਕਦਾ। ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਚੁਣੌਤੀ ਦੇਣ ਵਾਲਿਆਂ ਦਾ ਹੰਕਾਰ ਹਮੇਸ਼ਾ ਮਿੱਟੀ ਵਿੱਚ ਮਿਲਿਆ ਹੈ।”
ਉਨ੍ਹਾਂ ਸਪੀਕਰ ਨੂੰ ਇਹ ਵੀ ਯਾਦ ਕਰਵਾਇਆ ਕਿ ਪੰਜਾਬ ਦੀ ਪਰੰਪਰਾ ਹਮੇਸ਼ਾ ਮਹਿਲਾਵਾਂ ਦੇ ਸਨਮਾਨ ਦੀ ਰਹੀ ਹੈ, ਪਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਇੱਕ ਮਹਿਲਾ ਵਿਧਾਇਕ ਦੇ ਸਨਮਾਨ ਦੀ ਰੱਖਿਆ ਲਈ ਕਦੇ ਵੀ ਦ੍ਰਿੜ੍ਹ ਰੁਖ ਨਹੀਂ ਅਪਣਾਇਆ ਗਿਆ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੀਆਂ ਟਿੱਪਣੀਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਬਦ ਬਾਰੇ ਕਾਹਲੀ ਵਿਚ ਕੀਤੀ ਕਾਰਵਾਈ ਤੋਂ ਗੁਰੇਜ਼ ਕਰਨ।
ਬੀਬੀ ਗਨੀਵ ਕੌਰ ਮਜੀਠੀਆ ਨੇ ਮੰਗ ਕੀਤੀ ਕਿ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਦਨ ਨੂੰ ਗੁੰਮਰਾਹ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਿਖਤੀ ਆਦੇਸ਼ਾਂ ਦੀ ਗਲਤ ਵਿਆਖਿਆ ਕਰਨ ਅਤੇ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਸ ਗੰਭੀਰ ਮਾਮਲੇ ਨੂੰ ਤੁਰੰਤ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵਿਧਾਨ ਸਭਾ ਦੀ ਮਰਿਆਦਾ ਅਤੇ ਲੋਕਤੰਤਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ।
