ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਲੀ ਵਾਰ ਹਾਂਗ ਕਾਂਗ ਦਾ ਦੌਰਾ

by | Jul 14, 2026 | daily, religion | 0 comments

ਗੁਰਦੁਆਰੇ ਸਿੱਖ ਕੌਮ ਲਈ ਆਪਸੀ ਜਾਣ-ਪਛਾਣ ਕਰਨ ਤੇ ਸਮੱਸਿਆਵਾਂ ਦੇ ਹੱਲ ਲਈ ਜੁੜ ਬੈਠਣ ਦੇ ਵੀ ਕੇਂਦਰ ਹਨ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਹਾਂਗ ਕਾਂਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕੌਮੀ ਹਿੱਤਾਂ ਲਈ ਕਾਰਜ ਕਰਨ, ਪੰਥ ਤੇ ਪੰਜਾਬ ਨਾਲ ਜੁੜੇ ਰਹਿਣ, ਨਵੀਂ ਪੀੜ੍ਹੀ ਨੂੰ ਸਿੱਖੀ ਤੇ ਮਾਂ-ਬੋਲੀ ਗੁਰਮੁਖੀ ਪੰਜਾਬੀ ਨਾਲ ਜੋੜਣ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਤਕੜਾ ਰੱਖਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਵਿਸ਼ਵ ਪੱਧਰ ਉੱਤੇ ਵੱਸਦੇ ਹਨ ਇਹ ਹੋਰ ਵੀ ਜ਼ਰੂਰੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੇਂਦਰਿਤ ਤੇ ਜੁੜੇ ਰਹਿਣ।

ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਸੰਗਤ ਨੇ ਹਾਜ਼ਰੀ ਭਰੀ, ਭਾਈ ਰਣਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਅਜੀਤਪਾਲ ਸਿੰਘ ਸਫ਼ਰੀ ਦੇ ਢਾਡੀ ਜਥੇ ਨੇ ਵਾਰਾਂ ਨਾਲ ਸੰਗਤ ਨੂੰ ਸਿੱਖ ਤੇ ਗੁਰ ਇਤਿਹਾਸ ਨਾਲ ਜੋੜਿਆ। ਇਹ ਇਤਿਹਾਸ ਵਿੱਚ ਪਹਿਲਾ ਮੌਕਾ ਬਣਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਾਂਗ ਕਾਂਗ ਦੀ ਧਰਤੀ ਉੱਤੇ ਸਿੱਖੀ ਪ੍ਰਚਾਰ ਪ੍ਰਸਾਰ ਅਤੇ ਸੰਗਤ ਨਾਲ ਵਿਚਾਰ ਵਟਾਂਦਰੇ ਲਈ ਪੁੱਜੇ।

ਇਸ ਸਮਾਗਮ ਵਿੱਚ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗ ਕਾਂਗ ਦੇ ਗ੍ਰੰਥੀ ਸਿੰਘ ਰਹੇ ਗਿਆਨੀ ਨੰਦ ਸਿੰਘ ਜੋ ਕਿ ਵਿਸ਼ਵ ਯੁੱਧ ਸਮੇਂ ਗੁਰੂ ਘਰ ਵਿੱਚ ਸੇਵਾ ਕਰਦਿਆਂ ਸ਼ਹੀਦ ਹੋਏ ਸਨ ਉਨ੍ਹਾਂ ਨੂੰ ਵੀ ਯਾਦ ਕੀਤਾ ਗਿਆ। ਸਮਾਗਮ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਅਰਦਾਸ ਕੀਤੀ।

ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਜਿਸ ਕਰਕੇ ਅੱਜ ਸਿੱਖ ਦੁਨੀਆ ਦੇ ਬਹੁਤੇ ਦੇਸ਼ਾਂ ਅੰਦਰ ਵੱਸੇ ਹਨ ਅਤੇ ਔਖੇ ਤੋਂ ਔਖੇ ਪੈਂਡੇ ਤੈਅ ਕਰਕੇ ਵੀ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਵਿੱਚ ਖ਼ਾਲਸਾ ਦੀਵਾਨ ਹਾਂਗ ਕਾਂਗ ਦਾ ਮੁੱਢਲਾ ਯੋਗਦਾਨ ਹੈ। ਸਿੱਖਾਂ ਨੇ ਸੰਨ 1901 ਵਿੱਚ ਇੱਥੇ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੀ, ਇਸ ਧਰਤੀ ਉੱਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਵਾਲੇ ਬਾਬਾ ਗੁਰਦਿੱਤ ਸਿੰਘ ਅਤੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਹੇ ਗ਼ਦਰੀ ਬਾਬੇ ਕਾਰਜਸ਼ੀਲ ਰਹੇ ਅਤੇ ਸੰਨ 1903 ਵਿੱਚ 33ਵੀਂ ਬਰਮਾ ਇਨਫੈਨਟਰੀ ਦੇ ਸਿੱਖ ਫ਼ੌਜੀ ਵੀ ਇੱਥੇ ਆਏ ਜਿਨ੍ਹਾਂ ਨੇ ਗੁਰੂ ਘਰ ਵਾਲੀ ਥਾਂ ਉੱਤੇ ਮਿੱਠੇ ਜਲ ਦਾ ਖੂਹ ਤਿਆਰ ਕੀਤਾ ਜੋ ਅੱਜ ਵੀ ਚਾਲੂ ਤੇ ਮੌਜੂਦ ਹੈ। ਸਿੱਖ ਜਿੱਥੇ ਵੀ ਗਏ ਉੱਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਗਏ ਅਤੇ ਜਿੱਥੇ ਗੁਰੂ ਹੋਵੇ ਉੱਥੇ ਚੜ੍ਹਦੀ ਕਲਾ ਹੈ। ਉਨ੍ਹਾਂ ਹਾਂਗ ਕਾਂਗ ਦੀ ਸੰਗਤ ਨੂੰ ਆਪਣੀ ਸਿੱਖ ਵਿਰਾਸਤ ਤੇ ਇਤਿਹਾਸ ਸੰਭਾਲ ਕੇ ਰੱਖਣ ਨੂੰ ਕਿਹਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਆਪਣੇ ਬੱਚਿਆਂ ਨਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਜ਼ਰੂਰ ਜਾਣ ਨੂੰ ਆਖਿਆ। ਉਨ੍ਹਾਂ ਸੰਗਤ ਨਾਲ ਦਸ ਗੁਰੂ ਸਾਹਿਬਾਨ ਦਾ ਇਤਿਹਾਸ ਅਤੇ ਉਨ੍ਹਾਂ ਵੱਲੋਂ ਆਪੋ ਆਪਣੇ ਸਮੇਂ ਅੰਦਰ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਗਏ ਅਹਿਮ ਕਾਰਜਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਨੇ ਲਿਆਕਤ, ਮਿਹਨਤ, ਇਮਾਨਦਾਰੀ ਤੇ ਕਿਰਤੀ ਸੁਭਾਅ ਨਾਲ ਆਪਣੀ ਥਾਂ ਕਾਇਮ ਤੇ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੇ ਕਿਰਤ ਕਰਨ ਦੇ ਸਿਧਾਂਤ ਨੂੰ ਪਹਿਲ ਦਿੱਤੀ ਹੈ ਅਤੇ ਸਿੱਖ ਕਦੇ ਵੀ ਮੁਫ਼ਤਖੋਰ ਨਹੀਂ ਬਣੇ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਗ਼ਰੀਬ ਤੇ ਲੋੜਵੰਦ ਸਿੱਖਾਂ ਦੀ ਮਦਦ ਕਰਨੀ ਹੈ ਅਤੇ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਸਿੱਖ ਆਪ ਉੱਦਮੀ ਤੇ ਕਿਰਤੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਮੁਫ਼ਤਖੋਰ ਬਣਾਉਣ ਜਿਹੀਆਂ ਸਾਜ਼ਸ਼ਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ਨੀਤੀ ਸਾਡੀ ਹੋਂਦ ਖ਼ਤਮ ਕਰਨ, ਸਾਨੂੰ ਮਾਨਸਿਕ ਤੌਰ ਉੱਤੇ ਕਮਜ਼ੋਰ ਕਰਨ ਅਤੇ ਵਿਹਲੜ ਬਣਾਉਣ ਲਈ ਘੜੀ ਗਈ ਹੈ। ਇਸ ਲਈ ਸਿੱਖ ਆਪਣਾ ਕਿਰਤੀ ਸੁਭਾਅ ਨਾ ਤਿਆਗਣ ਤੇ ਮਿਹਨਤ ਨਾਲ ਆਪਣਾ ਰਿਜ਼ਕ ਕਮਾਉਣ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਸਿੱਖ ਆਪਣੇ ਪਿੰਡਾਂ ਵਿੱਚ ਵੱਸਦੇ ਲੋੜਵੰਦ ਸਿੱਖਾਂ ਦੀ ਸਿੱਧੀ ਮਦਦ ਜ਼ਰੂਰ ਕਰਨ, ਜੇਕਰ ਅਸੀਂ ਕੇਵਲ ਆਪਣੇ ਪਿੰਡਾਂ ਵੱਲ ਵੀ ਧਿਆਨ ਦੇ ਲਵਾਂਗੇ ਤਾਂ ਇਹ ਬਹੁਤ ਵੱਡਾ ਪਰਉਪਕਾਰ ਹੋਵੇਗਾ। ਉਨ੍ਹਾਂ ਸੰਗਤ ਨੂੰ ਪੰਜਾਬ ਅੰਦਰ ਆਪਣੀਆਂ ਮੂਲ ਜ਼ਮੀਨਾਂ ਨਾ ਵੇਚਣ ਦੀ ਵੀ ਤਾਕੀਦ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੈ ਇਸ ਲਈ ਹਮੇਸ਼ਾ ਆਪਣੇ ਇਸ ਮੂਲ ਨਾਲ ਜੁੜੇ ਰਹਿਣਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸ ਵਿੱਚ ਪਾੜਣ ਅਤੇ ਲੜਾਉਣ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਸ਼ਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਕੁਝ ਤਾਕਤਾਂ ਵੱਲੋਂ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੋੜਣ ਅਤੇ ਉਨ੍ਹਾਂ ਦੇ ਮਨਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋੜ ਹੈ ਕਿ ਅਸੀਂ ਆਪਣੀਆਂ ਕੇਂਦਰੀ ਸਿੱਖ ਸੰਸਥਾਵਾਂ ਉੱਤੇ ਭਰੋਸਾ ਰੱਖੀਏ ਅਤੇ ਇਨ੍ਹਾਂ ਨੂੰ ਤਕੜਾ ਕਰੀਏ ਤਾਂ ਜੋ ਸਿੱਖ ਸੰਗਠਤ ਤੇ ਇਕਜੁੱਟ ਰਹਿਣ। ਸਮੇਂ ਦੀਆਂ ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਸਦੀਵੀ ਹੈ, ਜਿੱਥੇ ਵਕਤ ਦੀਆਂ ਹਕੂਮਤਾਂ ਹਮੇਸ਼ਾ ਝੁਕਦੀਆਂ ਹਨ ਅਤੇ ਅੱਗੇ ਵੀ ਰਹਿਣਗੀਆਂ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਾਂਗ ਕਾਂਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪੰਜਾਬ ਸਰਕਾਰ ਦੇ ਨਵੇਂ ਕਾਨੂੰਨ ਦੇ ਡਰ ਤੋਂ ਉਨ੍ਹਾਂ ਨੂੰ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਸਸਕਾਰ ਲਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਭੇਜਣ ਵਿੱਚ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਰਾਗੀ ਸਿੰਘਾਂ ਦੇ ਜਥਿਆਂ ਰਾਹੀਂ ਸਸਕਾਰ ਲਈ ਬਿਰਧ ਗੁਟਕਾ ਸਾਹਿਬ ਤੇ ਪੋਥੀਆਂ ਭਾਰਤ ਭੇਜਦੇ ਸਨ ਪਰੰਤੂ ਹੁਣ ਸਰਕਾਰ ਦੇ ਕਾਨੂੰਨ ਦੇ ਕਾਰਨ ਰਾਗੀ ਜਥੇ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਾਨੂੰਨ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਬਣਾਇਆ ਅਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਸਿੱਖ ਸੰਗਤ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹਾਂਗ ਕਾਂਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਨਾਂ ਕਿਸੇ ਡਰ ਭੈਅ ਦੇ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਤੇ ਪੋਥੀਆਂ ਦਾ ਰਿਕਾਰਡ ਮੁਕੰਮਲ ਤਿਆਰ ਕਰਕੇ ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਭੇਜ ਕੇ ਇਹ ਕਾਰਜ ਕਰਨ ਦੀ ਹਿਦਾਇਤ ਕੀਤੀ।

ਉਨ੍ਹਾਂ ਸੰਗਤ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਆਉਣ ਅਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਣ ਲਈ ਆਖਿਆ। ਜਦੋਂ ਬੱਚੇ ਗੁਰੂ ਘਰ ਆਉਂਦੇ ਹਨ ਤਾਂ ਉਹ ਸੇਵਾ, ਸਿਮਰਨ, ਕੀਰਤਨ, ਗੱਤਕਾ ਅਤੇ ਗੁਰਮਤਿ ਦੇ ਹੋਰ ਕਾਰਜਾਂ ਨਾਲ ਜੁੜਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਜ਼ਰੂਰ ਸਿਖਾਈਏ ਤਾਂ ਜੋ ਉਹ ਗੁਰਬਾਣੀ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੁੜ ਸਕਣ।

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਸੰਸਥਾਵਾਂ ਆਪਣੀ ਖੁਦ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤਾਂ ਜੋ ਸਾਡੀ ਪੀੜ੍ਹੀ ਚੰਗੀ ਉਚੇਰੀ ਸਿੱਖਿਆ ਹਾਸਲ ਕਰਕੇ ਚੰਗੇ ਰੁਤਬਿਆਂ ਉੱਤੇ ਪਹੁੰਚੇ। ਉਨ੍ਹਾਂ ਹਾਂਗ ਕਾਂਗ ਗੁਰਦੁਆਰਾ ਖ਼ਾਲਸਾ ਦੀਵਾਨ ਨੂੰ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਗੁਰੂ ਘਰ ਵਿਖੇ ਵਿਸ਼ੇਸ਼ ਪੰਜਾਬੀ ਸਕੂਲ ਸ਼ੁਰੂ ਕਰਨ ਲਈ ਵੀ ਕਿਹਾ।

ਉਨ੍ਹਾਂ ਸੰਗਤ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਬਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਣਜੀਤ ਨਗਾਰੇ ਤੱਕ ਦੇ ਸਫ਼ਰ ਨੂੰ ਸਮਝਣਾ ਚਾਹੀਦਾ ਹੈ। ਰਬਾਬ ਵਿੱਚ ਗੁਰਬਾਣੀ ਅਤੇ ਨਗਾਰੇ ਵਿੱਚ ਸੂਰਬੀਰਤਾ ਸ਼ਾਮਲ ਹੈ, ਇਹ ਮੀਰੀ ਅਤੇ ਪੀਰੀ, ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਦੇ ਵੀ ਪ੍ਰਤੀਕ ਹਨ।

ਜਥੇਦਾਰ ਗੜਗੱਜ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਗਰੂਮਿੰਗ ਸਮੂਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ, ਅਜਿਹੀਆਂ ਤਾਕਤਾਂ ਨੂੰ ਪਛਾਣਨ ਅਤੇ ਆਪਣੀਆਂ ਧੀਆਂ ਦਾ ਵਿਸ਼ੇਸ਼ ਖਿਆਲ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿੱਖ ਬੱਚੀ ਦਾ ਵਿਆਹ ਸਿੱਖ ਦੇ ਘਰ ਹੀ ਹੋਣਾ ਚਾਹੀਦਾ ਹੈ। ਇਹ ਸਿੱਖ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘਰ ਅੰਦਰ ਸਿੱਖੀ ਦੀ ਵਾੜ ਵਾਲਾ ਮਾਹੌਲ ਸਿਰਜ ਕੇ ਰੱਖਣ ਤਾਂ ਜੋ ਬੱਚੇ ਸੁਰੱਖਿਅਤ ਰਹਿਣ।

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਆਪਸ ਵਿੱਚ ਪ੍ਰੇਮ ਭਾਵਨਾ ਨਾਲ ਮਿਲ ਜੁਲ ਕੇ ਬੈਠਣ ਅਤੇ ਹਰ ਮਸਲੇ ਉੱਤੇ ਆਪਸੀ ਵਿਚਾਰ ਦਾ ਰਾਹ ਖੁੱਲ੍ਹਾ ਰੱਖਣ ਨਾ ਕਿ ਇੱਕ ਦੂਜੇ ਦੀ ਬੁਰਿਆਈ ਜਾਂ ਨਿੰਦਿਆ ਕਰਨ। ਗੁਰਦੁਆਰੇ ਸਿੱਖ ਕੌਮ ਲਈ ਆਪਸੀ ਜਾਣ-ਪਛਾਣ ਕਰਨ ਤੇ ਸਮੱਸਿਆਵਾਂ ਦੇ ਹੱਲ ਲਈ ਜੁੜ ਬੈਠਣ ਦੇ ਵੀ ਕੇਂਦਰ ਹਨ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਨੌਜਵਾਨਾਂ ਨੂੰ ਵੀ ਸੇਵਾਵਾਂ ਵਿੱਚ ਵਾਜਬ ਮੌਕੇ ਦੇਣ ਲਈ ਆਖਿਆ ਅਤੇ ਨੌਜਵਾਨਾਂ ਨੂੰ ਵੀ ਬਜ਼ੁਰਗਾਂ ਦੇ ਤਜਰਬਿਆਂ ਤੋਂ ਸਿੱਖਿਆ ਲੈਣ ਦੀ ਸਲਾਹ ਦਿੱਤੀ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਦੇ ਕੋਲ ਵਿਦੇਸ਼ ਵਿੱਚ ਪਾਵਨ ਸਰੂਪ ਲਿਆਉਣ ਸਬੰਧੀ ਆਉਂਦੀਆਂ ਮੁਸ਼ਕਲਾਂ ਵੀ ਰੱਖੀਆਂ ਜਿਨ੍ਹਾਂ ਸਬੰਧੀ ਜਥੇਦਾਰ ਗੜਗੱਜ ਨੇ ਸੰਗਤ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਨਾਲ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਮਰਯਾਦਾ ਅਨੁਸਾਰ ਭੇਜਣ ਲਈ ਪ੍ਰਣਾਲੀ ਹੋਰ ਸੁਖਾਲੀ ਕਰਨ ਲਈ ਕਾਰਜ ਕੀਤਾ ਜਾਵੇਗਾ।

ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗ ਕਾਂਗ ਦੇ ਪ੍ਰਬੰਧਕਾਂ, ਅਕਾਲ ਕੀ ਸੇਵਾ ਗਰੁੱਪ, ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ, ਗੁਰੂ ਨਾਨਕ ਸੇਵਾ ਭਲਾਈ ਟਰੱਸਟ, ਸਿੱਖੀ ਵਿਰਸਾ ਹਾਂਗ ਕਾਂਗ, ਮੀਰੀ ਪੀਰੀ ਸੇਵਾ ਦਲ ਦੇ ਨੌਜਵਾਨ ਸੇਵਾਦਾਰਾਂ, ਬਾਬਾ ਘੋਲਾ ਸਿੰਘ ਜੀ ਕਾਰ ਸੇਵਾ ਸਮੂਹ ਹਾਂਗ ਕਾਂਗ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ. ਭਗਵਾਨ ਸਿੰਘ ਘਾਮਾ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਜਥੇਦਾਰ ਗੜਗੱਜ ਨੇ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗ ਕਾਂਗ ਦੀ ਪ੍ਰਬੰਧਕ ਕਮੇਟੀ ਅਤੇ ਬੋਰਡ ਦੇ ਨੁਮਾਇੰਦਿਆਂ ਨੂੰ ਇੱਥੇ ਸੱਦਣ ਲਈ ਧੰਨਵਾਦ ਕੀਤਾ।

ਇਸ ਫੇਰੀ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਂਗ ਕਾਂਗ ਦੇ ਸਿੱਖ ਨੌਜਵਾਨਾਂ, ਬੀਬੀਆਂ ਦੇ ਸਮੂਹ ਤੇ ਸੰਗਤ ਨਾਲ ਵੱਖ-ਵੱਖ ਮੁਲਾਕਾਤਾਂ ਕਰਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਪਾਸੋਂ ਸਮੱਸਿਆਵਾਂ ਤੇ ਹੋਰ ਮਸਲਿਆਂ ਬਾਰੇ ਵਿਚਾਰ ਤੇ ਸੁਝਾਅ ਪ੍ਰਾਪਤ ਕੀਤੇ।

ਜਥੇਦਾਰ ਗੜਗੱਜ ਨੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀਆਂ ਬੱਚਿਆਂ ਦੀ ਪੰਜਾਬੀ ਕਲਾਸ ਵਿੱਚ ਜਾ ਕੇ ਉਨ੍ਹਾਂ ਨਾਲ ਵਿਚਾਰ ਕੀਤੀ ਤੇ ਸਿੱਖੀ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਬਣਾਈ ਗਈ ਲਾਇਬਰੇਰੀ ਦਾ ਵੀ ਜਾਇਜ਼ਾ ਲਿਆ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ, ਪ੍ਰਧਾਨ ਸ. ਨਿਰਮਲ ਸਿੰਘ ਪਟਿਆਲਾ, ਸਕੱਤਰ ਸ. ਗੁਰਮਨਪ੍ਰੀਤ ਸਿੰਘ ਖਾਰਾ, ਮੀਤ ਪ੍ਰਧਾਨ ਸ. ਜੁਗਰਾਜ ਸਿੰਘ ਡੁਗਰੀ, ਖ਼ਜ਼ਾਨਚੀ ਸ. ਮਨਦੀਪ ਸਿੰਘ ਹੁੰਦਲ, ਮੈਂਬਰ ਸ. ਜੈਮਲ ਸਿੰਘ, ਸ. ਮਹਿੰਦਰ ਸਿੰਘ ਪੱਟੀ, ਸ. ਸੁਖਰੂਪ ਸਿੰਘ, ਬੋਰਡ ਚੇਅਰਮੈਨ ਸ. ਗੁਰਨਾਮ ਸਿੰਘ, ਸਾਬਕਾ ਪ੍ਰਧਾਨ ਸ. ਦਲਜੀਤ ਸਿੰਘ ਜੀਰਾ, ਸ. ਭਗਤ ਸਿੰਘ ਫੂਲ, ਸ. ਸੁਖਵਿੰਦਰ ਸਿੰਘ ਦਦੇਹਰ ਸਾਹਿਬ, ਸਾਬਕਾ ਬੋਰਡ ਚੇਅਰਮੈਨ ਸ. ਬਲਜਿੰਦਰ ਸਿੰਘ, ਸ. ਜੁਝਾਰ ਸਿੰਘ ਜੋਏਕੇ, ਸ. ਬਲਜੀਤ ਸਿੰਘ ਚੋਹਲਾ ਸਾਹਿਬ, ਗਿਆਨੀ ਜੀਵਨ ਸਿੰਘ, ਬਿਲਡਿੰਗ ਕਮੇਟੀ ਚੇਅਰਮੈਨ ਸ. ਗੁਰਦੇਵ ਸਿੰਘ ਗ਼ਾਲਿਬ, ਈਸੀ ਚੈਅਰਮੈਨ ਸ. ਹਰਿੰਦਰਪਾਲ ਸਿੰਘ ਬੰਗਾ, ਸਿੱਖੀ ਪ੍ਰਚਾਰ ਟੀਮ ਦੇ ਸ. ਸੁਖਚੈਨ ਸਿੰਘ ਮੀਆਂਵਿੰਡ, ਸ. ਗਗਨਪ੍ਰੀਤ ਸਿੰਘ, ਸ. ਹਰਜਸਦੀਪ ਸਿੰਘ, ਮੈਨੇਜਰ ਡਾ. ਜਸਵਿੰਦਰ ਸਿੰਘ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ, ਸ. ਨਵਪ੍ਰੀਤ ਸਿੰਘ, ਸ. ਮਨਦੀਪ ਸਿੰਘ, ਮੈਨੇਜਰ ਡਾ. ਜਸਵਿੰਦਰ ਸਿੰਘ, ਸ. ਲਖਵਿੰਦਰ ਸਿੰਘ ਦਦੇਹਰ ਸਾਹਿਬ, ਸ. ਗੁਰਲਾਲ ਸਿੰਘ ਬੋਪਾਰਾਏ, ਸਾਬਕਾ ਖਜ਼ਾਨਚੀ ਸ. ਦਿਲਬਾਗ ਸਿੰਘ ਕਾਲਾ ਅਫ਼ਗਾਨਾ ਆਦਿ ਹਾਜ਼ਰ ਸਨ।
***
ਜਸਕਰਨ ਸਿੰਘ, 9876689930

Share News
ਕਾਰੋਬਾਰ ਖ਼ਬਰਾਂ

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...

5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 4 ਮਈ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗਲਾਡਾ, ਲੁਧਿਆਣਾ ਦੇ ਦਫ਼ਤਰ ਵਿੱਚ ਤਾਇਨਾਤ ਸਕਿਉਰਿਟੀ ਗਾਰਡ ਜਸਵਿੰਦਰ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ...