ਫਾਜ਼ਿਲਕਾ, 7,ਮਾਰਚ: ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰ ਸੰਦੀਪ ਲਾਧੂਕਾ ਨੂੰ ਸ਼ਰੇਆਮ ਧਮਕੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਫਾਜ਼ਲਕਾ ਦੇ ਡੀਸੀ ਦਫਤਰ ਸਾਹਮਣੇ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਪਰਮਜੀਤ ਢਾਬਾਂ, ਜ਼ਿਲ੍ਹੇ ਦੇ ਆਗੂ ਸੁਖਵਿੰਦਰ ਥਿੰਦ ਬਲਵਿੰਦਰ ਜਲਾਲਾਬਾਦ ਨੇ ਕਿਹਾ ਕਿ ਪੱਤਰਕਾਰਾਂ ਤੇ ਸਿਆਸੀ ਦਬਾਅ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸੱਤਾਧਾਰੀ ਆਗੂਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਇਸ ਘਟਨਾ ਦਾ ਵਿਰੋਧ ਕਰਨ ਲਈ ਪਹੁੰਚੇ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਰਿੰਦਰ ਢੰਡੀਆਂ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਕੋਲੋਂ ਰਾਜਸੀ ਆਗੂਆਂ ਦਾ ਜਵਾਬ ਮੰਗਣ ਲਈ ਖੁਦ ਕਹਿੰਦੇ ਸੀ,ਪਰ ਜਦੋਂ ਲੋਕ ਅਤੇ ਪੱਤਰਕਾਰ ਉਹਨਾਂ ਦੇ ਗਲਤ ਕੰਮਾਂ ਦਾ ਜਵਾਬ ਮੰਗਦੇ ਹਨ ਜਾਂ ਸਵਾਲ ਉਠਾਉਂਦੇ ਹਨ ਤਾਂ ਉਹ ਤੈਸ਼ ਵਿੱਚ ਆ ਕੇ ਗੁੰਡਾਗਰਦੀ ਕਰਨ ਜਾਂ ਫਿਰ ਧਮਕੀਆਂ ਦੇਣ ਤੇ ਵੀ ਉੱਤਰ ਆਉਂਦੇ ਹਨ। ਆਗੂਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਦਾ ਵੀ ਦੂਸਰੀਆਂ ਮਾੜੀਆਂ ਰਾਜਸੀ ਪਾਰਟੀਆਂ ਵਾਂਗੂ ਅਸਲੀ ਚਿਹਰੇ ਤੋਂ ਨਕਾਬ ਉਤਰ ਚੁੱਕਿਆ ਹੈ।
ਪੱਤਰਕਾਰਾਂ ਦੇ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕਰਦਿਆਂ ਕਿਹਾ ਕਿ ਪ੍ਰੈਸ ਗੈਲਰੀ ਵਿੱਚ ਸ਼ਰੇਆਮ ਧਮਕੀ ਦੇਣ ਵਾਲੇ ਉਕਤ ਵਿਧਾਇਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।