ਭਾਜਪਾ ਦੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸੂਬੇ ਭਰ ਵਿੱਚ ਕਾਲੇ ਝੰਡੇ ਦਿਖਾ ਕੇ ਕੀਤਾ ਜਾਵੇਗਾ ਵਿਰੋਧ
ਸਾਰੇ ਪੰਜਾਬ ਦੇ ਆੜਤੀਏ ਮੰਡੀਆਂ ਵਿੱਚ ਆਪਣੀਆਂ ਦੁਕਾਨਾਂ ਤੇ ਲਾਉਣਗੇ ਕਾਲੇ ਝੰਡੇ।
ਚੰਡੀਗੜ੍ਹ 14 ਅਕਤੂਬਰ – ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ, ਆੜਤੀ ਐਸੋਸੀਏਸ਼ਨਾਂ, ਸੈਲਰ ਮਾਲਕ ਐਸੋਸੀਏਸ਼ਨ, ਮਜ਼ਦੂਰਾਂ ਦੀਆਂ ਜਥੇਬੰਦੀਆਂ ਅਤੇ ਵਪਾਰ ਮੰਡਲ ਦੀ ਸਾਂਝੀ ਮੀਟਿੰਗ ਮੰਡੀਆਂ ਵਿੱਚ ਝੋਨੇ ਦੇ ਰੁਲਣ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਸਰਦਾਰ ਬਲਬੀਰ ਸਿੰਘ ਰਾਜੇਵਾਲ, ਹਰਪਾਲ ਸਿੰਘ ਢਿੱਲੋਂ,ਰਾਜੇਸ਼ ਤੁਲੀ ਨੇ ਕੀਤੀ। ਮੀਟਿੰਗ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦਾ 45 ਹਜਾਰ ਕਰੋੜ ਦਾ ਝੋਨਾ ਮੰਡੀਆਂ ਅਤੇ ਖੇਤਾਂ ਵਿੱਚ ਰੁਲ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲੀ ਭੁਗਤ ਨਾਲ ਪੰਜਾਬ ਦੇ ਖੇਤੀ ਖੇਤਰ ਨੂੰ ਤਬਾਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਸਾਜਿਸ਼ ਨੂੰ ਅੰਜਾਮ ਦੇਣਾ ਚਾਹੁੰਦੀਆਂ ਹਨ। ਇਕੱਤਰ ਹੋਈਆਂ ਸਾਰੀਆਂ ਜਥੇਬੰਦੀਆਂ ਨੇ ਅਹਿਦ ਕੀਤਾ ਕਿ ਸਰਕਾਰਾਂ ਦੇ ਇਹਨਾਂ ਘਨਾਉਣੇ ਮਨਸੂਬਿਆਂ ਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ 18 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਘੱਟੋ ਘੱਟ ਇੱਕ ਹਜ਼ਾਰ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਧਰਨੇ ਵਿੱਚ ਆੜਤੀਏ, ਵਪਾਰ ਮੰਡਲ, ਸੈਲਰ ਮਾਲਕ ਅਤੇ ਮਜ਼ਦੂਰਾਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਧਰਨਾ ਝੋਨੇ ਦੀ ਮੁਕੰਮਲ ਖਰੀਦ ਤੱਕ ਜਾਰੀ ਰਹੇਗਾ।
ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੰਜਾਬ ਵਿੱਚ ਹਰ ਥਾਂ ਕਾਲੇ ਝੰਡੇ ਦਿਖਾਏ ਜਾਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਮੰਡੀਆਂ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਅਤੇ ਘਿਰਾਓ ਕੀਤਾ ਜਾਵੇਗਾ। ਸਾਰੇ ਪੰਜਾਬ ਦੇ ਆੜਤੀਏ ਆਪਣੀਆਂ ਦੁਕਾਨਾਂ ਤੇ ਕਾਲੇ ਝੰਡੇ ਲਾਉਣਗੇ।
ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ, ਜੰਗਵੀਰ ਸਿੰਘ ਚੌਹਾਨ, ਰਵਿੰਦਰ ਸਿੰਘ ਚੀਮਾ ਪ੍ਰਧਾਨ ਅਹਿਰਤੀ ਯੂਨੀਅਨ ਪੰਜਾਬ,ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ, ਡਾਕਟਰ ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਿੰਦਰ ਸਿੰਘ, ਪ੍ਰੇਮ ਸਿੰਘ ਭੰਗੂ, ਬੋਘ ਸਿੰਘ ਮਾਨਸਾ, ਬਿੰਦਰ ਸਿੰਘ ਗੋਲੇਵਾਲਾ, ਕੁਲਦੀਪ ਸਿੰਘ ਵਜੀਦਪੁਰ, ਬਲਦੇਵ ਸਿੰਘ ਨਿਹਾਲਗੜ੍ਹ, ਵੀਰ ਸਿੰਘ ਬੜਵਾ, ਗੁਰਵਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਸ਼ਾਦੀਪੁਰ, ਅੰਗਰੇਜ਼ ਸਿੰਘ ਭਦੌੜ, ਗੁਰਨਾਮ ਸਿੰਘ ਭਿੱਖੀ ਤੋਂ ਇਲਾਵਾ ਆੜਤੀਆ ਐਸੋਸੀਏਸ਼ਨਾਂ ਦੇ ਜਤਿੰਦਰ ਮੋਹਨ ਗਰਗ ਅਤੇ ਸੰਨੀ ਖਟਕ ਲੇਬਰ ਯੂਨੀਅਨ ਅਨਾਜ ਮੰਡੀ ਪੰਜਾਬ , ਵਪਾਰ ਮੰਡਲ ਦੇ ਰਵੀ ਆਹੂਜਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ ,ਦਪਿੰਦਰ ਸਿੰਘ ਬਰਾੜ,ਰਵੀ ਆਹੂਜਾ ਵਿਉਪਾਰ ਮੰਡਲ,ਗੁਰਵਿੰਦਰ ਸਿੰਘ ਬੋਹਰਾ ਕਲਾ,ਅਤੇ ਮੰਡੀਆਂ ਦੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਜਾਰੀ ਕਰਤਾ
ਸ ਬਲਬੀਰ ਸਿੰਘ ਰਾਜੇਵਾਲ