ਮੋਦੀ ਮਜ਼ਦੂਰਾਂ ਦੇ ਪੈਸੇ ਕਾਰਪੋਰੇਟ ਦੋਸਤਾਂ ਵੱਲ ਮੋੜਨਾ ਚਾਹੁੰਦਾ ਹੈ: ਬਘੇਲ

ਨੌਕਰੀਆਂ ਦੇਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਆਪ ਘੜਿਆਲੀ ਅੱਥਰੂ ਵਹਾ ਰਹੀ ਹੈ: ਵੜਿੰਗ

ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ-ਖਸੁਟਿਆ ਗਿਆ ਹੈ: ਬਾਜਵਾ
ਬਠਿੰਡਾ, 11 ਜਨਵਰੀ: ਪੰਜਾਬ ਕਾਂਗਰਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਰਵਾਈਆਂ ਗਈਆਂ ‘ਮਨਰੇਗਾ ਬਚਾਓ ਸੰਗਰਾਮ’ ਰੈਲੀਆਂ ਵਿੱਚ ਹੁਣ ਤੱਕ ਕਈ ਹਜ਼ਾਰ ਲੋਕ ਸ਼ਾਮਲ ਹੋਏ। ਇਹ ਰੈਲੀਆਂ ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਦੇ ਭੁੱਚੋ ਮੰਡੀ ਅਤੇ ਬਾਘਾ ਪੁਰਾਣਾ ਵਿੱਚ ਆਯੋਜਿਤ ਕੀਤੀਆਂ ਗਈਆਂ।

ਇਸ ਮੌਕੇ ਸੰਬੋਧਨ ਕਰਦਿਆਂ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਨੇ ਦੇਸ਼ ਭਰ ਵਿੱਚ ‘ਮਨਰੇਗਾ ਬਚਾਓ ਸੰਗਰਾਮ’ ਦੀ ਲਹਿਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਰੈਲੀਆਂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ ਅਤੇ ਇਹ ਪ੍ਰੋਗਰਾਮ ਬਹੁਤ ਸਫਲ ਰਹੇ ਹਨ।

ਬਘੇਲ ਨੇ ਅਨੁਮਾਨ ਜਤਾਇਆ ਕਿ ਵੀਬੀ ਜੀਰਾਮਜੀ ਕਾਨੂੰਨ ਦਾ ਹਸ਼ਰ ਵੀ ਤਿੰਨ ਖੇਤੀ ਕਾਨੂੰਨਾਂ ਵਰਗਾ ਹੀ ਹੋਵੇਗਾ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਕੋਲੋਂ ਮੁਆਫ਼ੀ ਮੰਗਦਿਆਂ ਵਾਪਸ ਲੈਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਵਿਰੁੱਧ ਸਨ, ਠੀਕ ਉਸੇ ਤਰ੍ਹਾਂ ਨਾਲ ਨਵਾਂ ਵੀਬੀ ਜੀਰਾਮਜੀ ਕਾਨੂੰਨ ਮਜ਼ਦੂਰਾਂ ਦੇ ਵਿਰੁੱਧ ਹੈ।

ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਕਿਸਾਨ ਇੱਕ ਸੰਗਠਿਤ ਤਾਕਤ ਹਨ ਅਤੇ ਉਨ੍ਹਾਂ ਨੇ ਮਜ਼ਬੂਤ ਅੰਦੋਲਨ ਕੀਤਾ, ਜਿਸਨੂੰ ਕਾਂਗਰਸ ਦਾ ਪੂਰਾ ਸਮਰਥਨ ਮਿਲਿਆ ਅਤੇ ਇਸ ਕਾਰਨ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪਏ। ਲੇਕਿਨ ਮਨਰੇਗਾ ਮਜ਼ਦੂਰ ਸੰਗਠਿਤ ਨਹੀਂ ਹਨ। ਇਸ ਲਈ ਕਾਂਗਰਸ ਪਾਰਟੀ ਨੇ ਇਨ੍ਹਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਅਤੇ ਭਾਜਪਾ ਸਰਕਾਰ ਨੂੰ ਨਵਾਂ ਕਾਨੂੰਨ ਵਾਪਸ ਲੈਣ ਤੇ ਮਨਰੇਗਾ ਬਹਾਲ ਕਰਨ ਲਈ ਮਜਬੂਰ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਰਹਿੰਦੇ ਕਰੋੜਾਂ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਪਿੰਡਾਂ ਦੇ ਗਰੀਬਾਂ ਨੂੰ ਆਪਣੇ ਪਿੰਡਾਂ ਦੇ ਨੇੜੇ ਹੀ ਇੱਜ਼ਤਦਾਰ ਰੋਜ਼ਗਾਰ ਦੀ ਗਾਰੰਟੀ ਦਿੰਦਾ ਸੀ।

ਉਨ੍ਹਾਂ ਕਿਹਾ ਕਿ ਹੁਣ ਤਾਂ ਮਨਰੇਗਾ ਹੇਠ ਹਾਜ਼ਰੀ ਲਗਾਉਣਾ ਹੀ ਮਜ਼ਦੂਰਾਂ ਲਈ ਬਹੁਤ ਔਖਾ ਹੋ ਗਿਆ ਹੈ, ਜਦਕਿ ਕੰਮ ਮਿਲਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਨੀਅਤ ਸਾਫ਼ ਦਿਖਾਈ ਦੇ ਰਹੀ ਹੈ ਕਿ ਉਹ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਨੂੰ ਇੱਜ਼ਤਦਾਰ ਜੀਵਨ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਨਹੀਂ ਤਾਂ ਦੁਨੀਆ ਭਰ ਵਿੱਚ ਗਰੀਬ-ਪੱਖੀ ਮੰਨੇ ਜਾਂਦੇ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੀ ਕੀ ਲੋੜ ਸੀ।

ਵੜਿੰਗ ਨੇ ਪੰਜਾਬ ਦੀ ਆਪ ਸਰਕਾਰ ਵੱਲੋਂ ਮਨਰੇਗਾ ਖਤਮ ਕਰਨ ‘ਤੇ ਘੜਿਆਲੀ ਅੱਥਰੂ ਵਹਾਉਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਮਨਰੇਗਾ ਹੇਠ ਬਹੁਤ ਸਾਰੇ ਲੋਕਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ ਸੀ, ਕਿਉਂਕਿ ਸਰਕਾਰ ਕੋਲ ਸਕੀਮ ਲਈ ਲੋੜੀਂਦੀ 10 ਫੀਸਦੀ ਮੈਚਿੰਗ ਗ੍ਰਾਂਟ ਵੀ ਨਹੀਂ ਸੀ।

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਵਾਰ-ਵਾਰ ਆਪਣਾ ਲੋਕ-ਵਿਰੋਧੀ ਚਿਹਰਾ ਦਿਖਾਇਆ ਹੈ। ਉਨ੍ਹਾਂ ਨੇ ਆਪ ਦੀ ਭਾਜਪਾ ਨਾਲ ਅੰਦਰੂਨੀ ਸਾਂਝ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਿਰਫ਼ ਨਾਂ-ਮਾਤਰ ਵਿਰੋਧ ਤੋਂ ਇਲਾਵਾ, ਆਪ ਜਾਂ ਇਸਦੀ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਲਈ ਕੁਝ ਵੀ ਨਹੀਂ ਕੀਤਾ।

ਬਾਜਵਾ ਨੇ ਯਾਦ ਕਰਵਾਇਆ ਕਿ ਕਿਵੇਂ ਕਾਂਗਰਸ ਅਗਵਾਈ, ਸ਼੍ਰੀਮਤੀ ਸੋਨੀਆ ਗਾਂਧੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਿੰਡਾਂ ਵਿੱਚ ਰਹਿੰਦੇ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਲਈ ਗਾਰੰਟੀਸ਼ੁਦਾ ਰੋਜ਼ਗਾਰ ਦੇਣ ਵਾਸਤੇ ਖ਼ਾਸ ਕਾਨੂੰਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਮਨਰੇਗਾ ਪਿੰਡਾਂ ਦੇ ਗਰੀਬਾਂ ਦੀ ਜੀਵਨ-ਰੇਖਾ ਹੈ ਅਤੇ ਇਸਨੂੰ ਬੇਪਰਵਾਹ ਤੇ ਸੰਵੇਦਨਹੀਨ ਭਾਜਪਾ ਸਰਕਾਰ ਘੁੱਟ ਰਹੀ ਹੈ, ਜਿਸਨੂੰ ਗਰੀਬਾਂ ਦੀ ਕੋਈ ਪਰਵਾਹ ਨਹੀਂ ਹੈ।

ਬਾਜਵਾ ਨੇ ਭਰੋਸਾ ਦਿਵਾਇਆ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ ਮਨਰੇਗਾ ਦੇ ਅਨੁਸਾਰ ਪਿੰਡਾਂ ਦੇ ਗਰੀਬਾਂ ਨੂੰ ਗਾਰੰਟੀਸ਼ੁਦਾ ਰੋਜ਼ਗਾਰ ਦੇਣ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਆਪ ਸਰਕਾਰ ਨੂੰ ਹੁਣੇ ਕਰਨਾ ਚਾਹੀਦਾ ਸੀ, ਲੇਕਿਨ ਉਸਦੀ ਕੋਈ ਨੀਅਤ ਨਹੀਂ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਵਿੰਦਰ ਦਲਵੀ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ, ਪਰਗਟ ਸਿੰਘ, ਹਰਦੇਵ ਸਿੰਘ ਲਾਡੀ, ਪ੍ਰੀਤਮ ਸਿੰਘ ਕੋਟਭਾਈ, ਰਾਜਨ ਗਰਗ, ਗੁਰਪ੍ਰੀਤ ਕਾਂਗੜ ਸਾਬਕਾ ਵਿਧਾਇਕ, ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ, ਜੀਤ ਮੋਹਿੰਦਰ ਸਿੱਧੂ ਸਾਬਕਾ ਵਿਧਾਇਕ, ਖੁਸ਼ਬਾਜ਼ ਸਿੰਘ ਜਟਾਨਾ, ਜਸ਼ਨ ਚਾਹਲ, ਬਿਕਰਮ ਸਿੰਘ ਮੋਫ਼ਰ, ਪ੍ਰਕਾਸ਼ ਸਿੰਘ ਭੱਟੀ, ਨਵਦੀਪ ਬੱਬੂ ਬਰਾੜ, ਸ਼ੁਭਦੀਪ ਬਿੱਟੂ, ਅਰਸ਼ਦੀਪ ਸਿੰਘ ਗਗੋਵਾਲ, ਹਰਚਰਨ ਸਿੰਘ ਸੋਥਾ, ਰੁਪਿੰਦਰ ਕੌਰ ਰੂਬੀ, ਜਗਦੇਵ ਸਿੰਘ ਕਮਾਲੂ, ਗੁਰਾ ਸਿੰਘ ਤੁੰਗ, ਅਵਤਾਰ ਸਿੰਘ ਗੋਨਿਆਣਾ, ਕਿਰਨਜੀਤ ਕੌਰ, ਨਰਿੰਦਰ ਸਿੰਘ ਕੌਣੀ, ਮਾਸਟਰ ਬਲਦੇਵ ਸਿੰਘ ਜੈਤੂ, ਕੇ.ਕੇ. ਅਗਰਵਾਲ, ਅਰੁਣ ਵਾਧਵਾਨ, ਕਿਰਨਜੀਤ ਸਿੰਘ ਗਹਿਰੀ, ਬਲਵੰਤ ਰਾਏ ਨਾਥ, ਟਹਿਲ ਸਿੰਘ ਸੰਧੂ, ਮਲਕੀਤ ਸਿੰਘ ਦਾਖਾ, ਜਗਤਾਰ ਸਿੰਘ ਹਿੱਸੋਵਾਲ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਜਗਸੀਰ ਸਿੰਘ ਬਾਘਾ ਪੁਰਾਣਾ, ਮੇਜਰ ਸਿੰਘ ਮੁੱਲਾਂਪੁਰ, ਹਰੀ ਸਿੰਘ ਖਾਈ ਆਦਿ ਹਾਜ਼ਰ ਸਨ।