➖ ਭਾਜਪਾ ਨੇ 361 ਥਾਵਾਂ ਤੇ ਕੀਤਾ ਪ੍ਰਦਰਸ਼ਨ

➖ ਸੂਬਾ ਸਰਕਾਰ ਨੂੰ ਦੇਣਾ ਪਵੇਗਾ 12 ਹਜ਼ਾਰ ਕਰੋੜ ਰੁਪਏ ਦਾ ਸਹੀ ਹਿਸਾਬ – ਜਾਖੜ

➖ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਝੂਠੇ ਅੰਕੜਿਆਂ ਨਾਲ ਗੁੰਮਰਾਹ ਕਰ ਰਹੀ – ਅਸ਼ਵਨੀ ਸ਼ਰਮਾ

ਚੰਡੀਗੜ੍ਹ, 15 ਸਤੰਬਰ ( )

ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸੂਬੇ ਭਰ ਵਿੱਚ ਮਾਨ ਸਰਕਾਰ ਖ਼ਿਲਾਫ਼ ਵੱਡੇ ਪੱਧਰ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਕੇਂਦਰ ਵੱਲੋਂ ਆਫ਼ਤਾਂ ਰਾਹਤ ਪ੍ਰਬੰਧਨ ਫੰਡ ਤਹਿਤ ਜਾਰੀ ਕੀਤੇ ਗਏ 12 ਹਜ਼ਾਰ ਕਰੋੜ ਰੁਪਏ ਖੁਰਦ ਬੁਰਦ ਕਰਕੇ ਹੜ੍ਹ ਪੀੜਤਾਂ ਦਾ ਹੱਕ ਮਾਰਿਆ ਹੈ।

➖ 361 ਥਾਵਾਂ ‘ਤੇ ਪ੍ਰਦਰਸ਼ਨ, ਭਾਜਪਾ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ
ਸੂਬੇ ਭਰ ਦੇ 361 ਥਾਵਾਂ ‘ਤੇ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਭਾਜਪਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਗੂੰਜਦਾਰ ਨਾਅਰੇ ਲਗਾਏ।
ਪ੍ਰਦਰਸ਼ਨਾਂ ਵਿਚ “12 ਹਜ਼ਾਰ ਕਰੋੜ ਕਿੱਥੇ ਗਏ, ਕੌਣ ਖਾ ਗਿਆ?”,
“ਭਗਵੰਤ ਸਰਕਾਰ 12 ਹਜ਼ਾਰ ਕਰੋੜ ਖਾ ਗਈ!”,
“ਖ਼ਜ਼ਾਨਾ ਖਾਲੀ, ਪੈਸਾ ਗੁੰਮ – ਕਿੱਥੇ ਗਿਆ 12 ਹਜ਼ਾਰ ਕਰੋੜ?”,
“ਆਪ ਦਾ ਵਾਅਦਾ ਲਾਰਾ, ਖਾ ਗਏ ਲੋਕਾਂ ਦਾ ਪੈਸਾ ਸਾਰਾ!”,
“ਭਗਵੰਤ ਦਾ ਹਿਸਾਬ ਦਿਓ, 12 ਹਜ਼ਾਰ ਕਿੱਥੇ ਗਿਆ?”,
“ਕਿਸਾਨ ਰੋਣ, ਲੋਕ ਰੋਣ – ਭਗਵੰਤ ਮਾਨ ਸਰਕਾਰ ਹੈ ਪੈਸਾ ਚੋਰ!”,
“ਖਾਲੀ ਖ਼ਜ਼ਾਨਾ, ਸਰਕਾਰ ਨੇ 12 ਹਜ਼ਾਰ ਕਰੋੜ ਨਾਲ ਭਰੀਆਂ ਜੇਬਾਂ!”,
“ਹਿਸਾਬ ਦਿਓ, ਹਿਸਾਬ ਦਿਓ, 12 ਹਜ਼ਾਰ ਕਰੋੜ ਦਾ ਜਵਾਬ ਦਿਓ!”,
“ਭਗਵੰਤ ਦੀ ਸਰਕਾਰ – ਚੋਰਾਂ ਦਾ ਬਾਜ਼ਾਰ!”,
“ਪੰਜਾਬ ਮੰਗਦਾ ਹਿਸਾਬ, ਕਿੱਥੇ ਗਿਆ 12 ਹਜ਼ਾਰ ਕਰੋੜ?”,
“ਪੰਜਾਬ ਸਰਕਾਰ ਦੇਵੇ ਜਵਾਬ, ਕਿੱਥੇ ਹੈ ਗਰੀਬਾਂ ਦਾ 12 ਹਜ਼ਾਰ ਕਰੋੜ?”,
“ਭਾਜਪਾ ਨੂੰ ਦਰਦ ਪੰਜਾਬ ਦਾ, ਜਨਤਾ ਮੰਗੇਗੀ ਹਿਸਾਬ 12 ਹਜ਼ਾਰ ਕਰੋੜ ਦਾ!”,
“ਸਾਡਾ ਪੈਸਾ, ਸਾਡੀ ਮੰਗ… ਕਿੱਥੇ ਗਿਆ ਸਾਡਾ ਫੰਡ?”,
“ਆਮ ਆਦਮੀ ਪਾਰਟੀ ਨੇ ਕੀਤੀ ਪੰਜਾਬ ਦੀ ਲੁੱਟ ਆ, ਜਨਤਾ ਦੀ ਆਸ ਤੁਹਾਡੇ ਤੌਂ ਗਈ ਟੁੱਟ ਆ!”,
“ਕਿਸਾਨ ਮੰਗੇ ਕਰ ਲੰਬੇ ਹੱਥ, ਮਾਨ ਸਾਬ ਸਾਡਾ ਹੱਕ ਏਥੇ ਰੱਖ!”
ਵਰਗੇ ਨਾਅਰੇ ਗੂੰਜੇ।

➖ ਕੇਂਦਰ ਵੱਲੋਂ ਜਾਰੀ 12 ਹਜਾਰ ਕਰੋੜ ਰੁਪਏ ਦਾ ਸਹੀ ਹਿਸਾਬ ਦੇਣਾ ਹੀ ਪਵੇਗਾ – ਸੁਨੀਲ ਜਾਖੜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡੀ ਸਹਾਇਤਾ ਜਾਰੀ ਕੀਤੀ ਹੈ, ਪਰ ਮਾਨ ਸਰਕਾਰ ਨੇ ਉਸ ਪੈਸੇ ਨੂੰ ਖੁਰਦ ਬੁਰਦ ਕਰ ਹੜ ਪ੍ਰਭਾਵਿਤ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਰਕਮ ਦਾ ਪਾਰਦਰਸ਼ੀ ਹਿਸਾਬ ਦੇਣਾ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ। ਜਾਖੜ ਨੇ ਚੇਤਾਵਨੀ ਦਿੱਤੀ ਕਿ ਜੇ ਹੜ੍ਹ ਪੀੜਤਾਂ ਦੀ ਮਦਦ ਇਮਾਨਦਾਰੀ ਨਾਲ ਉਨ੍ਹਾਂ ਤੱਕ ਨਹੀਂ ਪਹੁੰਚਾਈ ਗਈ ਤਾਂ ਭਾਜਪਾ ਵੱਡਾ ਅੰਦੋਲਨ ਸ਼ੁਰੂ ਕਰੇਗੀ।

➖ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਝੂਠੇ ਅੰਕੜਿਆਂ ਨਾਲ ਗੁੰਮਰਾਹ ਕਰ ਰਹੀ – ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਮਾਨ ਸਰਕਾਰ ਲੋਕਾਂ ਨੂੰ ਝੂਠੇ ਅੰਕੜਿਆਂ ਨਾਲ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਹੜ੍ਹ ਪੀੜਤ ਲੋਕਾਂ ਦੀਆਂ ਅਸਲ ਮੁਸ਼ਕਲਾਂ ਸੁਣਨ ਦੀ ਬਜਾਏ ਮਾਨ ਸਰਕਾਰ ਸਿਰਫ਼ ਦਿਖਾਵੇਬਾਜ਼ੀ ਕਰ ਰਹੀ ਹੈ। ਕੇਂਦਰ ਵੱਲੋਂ ਜਾਰੀ ਕੀਤਾ ਪੈਸਾ ਕਿੱਥੇ ਗਿਆ, ਇਸਦਾ ਹਿਸਾਬ ਦੇਣਾ ਹੀ ਪਵੇਗਾ।”

➖ ਭਾਜਪਾ ਦੀ ਚੇਤਾਵਨੀ
ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਲੋਕਾਂ ਦੇ ਹੱਕ ਲਈ ਹਰ ਪੱਧਰ ‘ਤੇ ਸੰਘਰਸ਼ ਕਰੇਗੀ। ਮੋਦੀ ਸਰਕਾਰ ਨੇ ਜੋ ਹੜ੍ਹ ਪੀੜਤਾਂ ਲਈ ਮਦਦ ਜਾਰੀ ਕੀਤੀ ਹੈ, ਉਹ ਹੜ੍ਹ ਪੀੜਤਾਂ ਤੱਕ ਪਹੁੰਚੇ, ਇਹ ਭਾਜਪਾ ਯਕੀਨੀ ਬਣਾਏਗੀ। ਜੇ ਮਾਨ ਸਰਕਾਰ ਨੇ ਪਾਰਦਰਸ਼ਤਾ ਨਾਲ ਰਾਹਤ ਨਹੀਂ ਦਿੱਤੀ ਤਾਂ ਭਾਜਪਾ ਜਨਤਾ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਖੜ੍ਹਾ ਕਰੇਗੀ।