ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਮਲਾਵਰ ਤੇ ਕੱਟੜ ਅਤਿਵਾਦੀ ਨਰਾਇਣ ਚੌੜਾ ਨੂੰ ਸੁਰੱਖਿਆ ਪ੍ਰਦਾਨ ਕੀਤੀ: ਪਰਮਬੰਸ ਸਿੰਘ ਰੋਮਾਣਾ

ਹਮਲਾਵਰ ਖਿਲਾਫ ਕੇਸ ਨੂੰ ਕਮਜ਼ੋਰ ਕਰਨ ਲਈ ਦਾਇਰ ਕੀਤੀ ਐਫ ਆਈ ਆਰ ਕੀਤੀ ਰੱਦ, ਘਟਨਾ ਦੀ ਨਿਰਪੱਖ ਜਾਂਚ ਮੰਗੀ

ਬਠਿੰਡਾ, 9 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹਮਲਾਵਰ ਤੇ ਕੱਟੜ ਅਤਿਵਾਦੀ ਨਰਾਇਣ ਸਿੰਘ ਚੌੜਾ ਨਾਲ ਰਲੇ ਹੋਏ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹੀ ਕਾਰਣ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਜਾਣ ਬੁੱਝ ਕੇ ਹਮਲਾਵਰ ਖਿਲਾਫ ਇਕ ਢਿੱਲੀ ਮੱਠੀ ਐਫ ਆਈ ਆਰ ਦਰਜ ਕੀਤੀ ਹੈ ਜਿਸ ਵਿਚ ਕਿਹਾ ਹੈ ਕਿ ਨਰਾਇਣ ਚੌੜਾ ’ਸੰਗਤ’ ਦਾ ਮੈਂਬਰ ਹੈ ਜਿਸਨੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ ਅਤੇ ਧੱਕਾ ਮੁੱਕੀ ਦੇ ਵਿਚਾਲੇ ਹਵਾਈ ਫਾਇਰ ਹੋ ਗਿਆ।

ਸਰਦਾਰ ਰੋਮਾਣਾ ਨੇ ਕਿਹਾ ਕਿ ਜਿਸ ਤਰੀਕੇ ਇਕ ਆਈ ਐਸ ਆਈ ਏਜੰਟ ਨਰਾਇਣ ਚੌੜਾ ਦਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਬਚਾਅ ਕਰ ਰਹੇ ਹਨ, ਉਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਗੁਰਪ੍ਰੀਤ ਭੁੱਲਰ ਦਾ ’ਕੈਟ’ ਹੈ। ਅੰਮ੍ਰਿਤਸਰ ਪੁਲਿਸ ਨੇ ਹਮਲੇ ਤੋਂ ਛੇ ਘੰਟਿਆਂ ਬਾਅਦ ਐਫ ਆਈ ਆਰ ਦਰਜ ਕੀਤੀ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ (ਪੀ ਐਸ ਓ) ਏ ਐਸ ਆਈ ਜਸਬੀਰ ਸਿੰਘ ਜਿਸਨੇ ਹਮਲੇ ਨੂੰ ਅਸਫਲ ਬਣਾਇਆ, ਉਸਦੇ ਬਿਆਨ ’ਤੇ ਨਹੀਂ ਬਲਕਿ ਜੋ ਅਫਸਰ ਮੌਕੇ ’ਤੇ ਹੀ ਹਾਜ਼ਰ ਨਹੀਂ ਸੀ, ਉਸਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੀ। ਇਹ ਕੇਸ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਦੋ ਦਿਨਾਂ ਦੀ ਰੇਕੀ ਮਗਰੋਂ ਮਿੱਥ ਕੇ ਕੀਤੇ ਗਏ ਕਾਤਲਾਨਾ ਹਮਲੇ ਦੀ ਥਾਂ ’ਤੇ ਇਸਨੂੰ ’ਹਵਾਈ ਫਾਇਰ’ ਦੱਸਣ ਦਾ ਮਕਸਦ ਹਮਲਾਵਰ ਨੂੰ ਕਲੀਨ ਚਿੱਟ ਦੇਣਾ ਹੈ।

ਸਰਦਾਰ ਰੋਮਾਣਾ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਜਾਣ ਬੁੱਝ ਕੇ ਇਹ ਬਿਆਨ ਦਿੱਤਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਣ ਬੁੱਝ ਕੇ ਹਮਦਰਦੀ ਲੈਣ ਵਾਸਤੇ ਆਪਣੇ ’ਤੇ ਹਮਲਾ ਕਰਵਾਇਆ ਤੇ ਇਸ ਬਿਆਨ ਦਾ ਮਕਸਦ ਕੇਸ ਦੀ ਜਾਂਚ ਨੂੰ ਹੋਰ ਪਾਸੇ ਤੋਰਨਾ ਤੇ ਕਮਜ਼ੋਰ ਕਰਨਾ ਸੀ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਅੰਮ੍ਰਿਤਸਰ ਪੁਲਿਸ ਨੇ ਨਰਾਇਣ ਚੌੜਾ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਐਨ ਨੇੜਿਓਂ ਗੋਲੀ ਮਾਰਨ ਦਾ ਯਤਨ ਕਰਨ ਵਿਚ ਮਦਦ ਕੀਤੀ।

ਸਰਦਾਰ ਰੋਮਾਣਾ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ, ਐਸ ਪੀ ਹਰਪਾਲ ਰੰਧਾਵਾ ਤੇ ਈ ਡਵੀਜ਼ਨ ਪੁਲਿਸ ਥਾਣੇ ਦੇ ਐਸ ਐਚ ਓ ਦੇ ਫੋਨ ਤੁਰੰਤ ਜ਼ਬਤ ਕੀਤੇ ਜਾਣ ਤਾਂ ਜੋ ਇਸ ਕਾਤਲਾਨਾ ਹਮਲੇ ਪਿੱਛੇ ਸਾਜ਼ਿਸ਼ ਅਤੇ ਇਸ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਕੀਤੇ ਜਾ ਰਹੇ ਯਤਨ ਬੇਨਕਾਬ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲ ਜਾਵੇਗਾ ਕਿ ਐਸ ਪੀ ਹਰਪਾਲ ਰੰਧਾਵਾ ਨੇ ਨਰਾਇਣ ਚੌੜਾ ਨੂੰ ਵੀ ਆਈ ਪੀ ਟ੍ਰੀਟਮੈਂਟ ਕਿਉਂ ਦਿੱਤਾ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਰੇਕੀ ਕਰ ਰਿਹਾ ਸੀ ਤੇ ਇਹ ਵੀ ਬੇਨਕਾਬ ਹੋ ਜਾਵੇਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਆਮ ਆਦਮੀ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਵੱਲੋਂ ਰਚੀ ਗਈ ਹੈ।

ਐਫ ਆਈ ਆਰ ਰੱਦ ਕਰਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਕਿਉਂਕਿ ਪੰਜਾਬ ਪੁਲਿਸ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੈ, ਇਸ ਲਈ ਉਹ ਨਿਰਪੱਖ ਜਾਂਚ ਨਹੀਂ ਕਰ ਸਕਦੀ। ਅਕਾਲੀ ਦਲ ਨੇ ਮੰਗ ਕੀਤੀਕਿ ਸਾਰੇ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਐਨ ਆਈ ਏ ਕਰੇ ਤੇ ਇਸਦੀ ਨਿਗਰਾਨੀ ਹਾਈ ਕੋਰਟ ਕਰੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਰਾਜਪਾਲ ਕੋਲ ਪਹੁੰਚ ਕਰੇਗੀ ਅਤੇ ਉਹਨਾਂ ਨੂੰ ਸਭ ਕੁਝ ਦੱਸੇਗੀ ਕਿ ਕਿਵੇਂ ਸਰਦਾਰ ਬਾਦਲ ਦੀ ਸੁਰੱਖਿਆ ਵਿਚ ਕੁਤਾਹੀ ਵਰਤੀ ਗਈ ਤੇ ਕਿਵੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਰੇਕੀ ਕਰ ਰਹੇ ਚੌੜਾ ਨੂੰ ਫੜਿਆ ਨਹੀਂ ਗਿਆ ਹਾਲਾਂਕਿ ਇਸ ਅਤਿਵਾਦੀ ਨੇ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਅਕਾਲੀ ਆਗੂ ਉਸਦੀ ਹਿਟਲਿਸਟ ’ਤੇ ਹਨ।

×