ਮੋਹਾਲੀ (7 ਮਾਰਚ 2024) ਅੱਜ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਇੱਕ ਮੀਟਿੰਗ ਸੂਬਾ ਜਨਰਲ ਸਕੱਤਰ ਸ਼੍ਰੀ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋ ਏ.ਬੀ.ਸੀ. ਪੰਜਾਬ ਯੂ. ਟਿਊਬ (ਪੰਜਾਬੀ ਚੈਨਲ) ਦੇ ਪੱਤਰਕਾਰਾਂ ਸ਼੍ਰੀ ਸੰਦੀਪ ਲਾਧੂਕੇ ਅਤੇ ਮਨਦੀਪ ਸਿੰਘ ਨੂੰ ਵਿਧਾਨ ਸਭਾ ਵਿੱਚ ਜਾਨੋ ਮਾਰਨ ਦੀਆਂ ਧਮਕੀਆਂ ਦੀ ਨਿਖੇਦੀ ਕੀਤੀ ਹੈ ਅਤੇ ਵਿਧਾਨ ਸਭਾ ਸਪੀਕਰ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਨੂੰ ਉਕਤ ਵਿਧਾਇਕ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਬੋਲਦਿਆਂ ਸ਼੍ਰੀ ਦੱਪਰ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੱਲੋਂ ਜੋ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਹੈ ਉਹ ਸਹਿਣਯੋਗ ਨਹੀਂ ਹੈ ਅਤੇ ਵਕੀਲ ਭਾਈਚਾਰਾ ਸੂਬੇ ਵਿੱਚ ਪ੍ਰੈੱਸ ਨੂੰ ਦੇਸ਼ ਦੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਉਲੰਘਣਾ ਕਰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪ੍ਰੈੱਸ ਦੀ ਅਜ਼ਾਦੀ ਲੋਕਤੰਤਰ ਦਾ ਅਹਿਮ ਹਿੱਸਾ ਹੈ ਅਤੇ ਪੱਤਰਕਾਰਾਂ ਨੂੰ ਸਰਕਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਵਾਲ ਕਰਨ ਦਾ ਸੰਵਿਧਾਨਿਕ ਹੱਕ ਹੈ।

ਇਸ ਮੌਕੇ ਬੋਲਦਿਆਂ ਸੂਬੇ ਦੇ ਕਾਰਜਕਾਰਨੀ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੱਤਰਕਾਰ ਸੰਦੀਪ ਸਿੰਘ ਲਾਧੂਕਾ ਜੋ ਵਿਧਾਨ ਸਭਾ ਦਾ ਪ੍ਰੈੱਸ ਗੈਲਰੀ ਦਾ ਮੈਂਬਰ ਹੈ ਨੇ ਮਾਨਯੋਗ ਸਪੀਕਰ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਸ਼੍ਰੀ ਪਠਾਣ ਮਾਜਰਾ ਵੱਲੋਂ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਗਾਲਾਂ ਵੀ ਕੱਢੀਆਂ ਸਨ।

ਉਸਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਕਤ ਵਿਧਾਇਕ ਵੱਲੋਂ ਉਸਦੀ ਬਾਂਹ ਫੜ ਕੇ ਪ੍ਰੈੱਸ ਗੈਲਰੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਇਸਦਾ ਹਿਸਾਬ ਬਾਹਰ ਜਾ ਕੇ ਕਰੇਗਾ। ਸ਼੍ਰੀ ਸੰਦੀਪ ਨੇ ਮੰਗ ਕੀਤੀ ਹੈ ਕਿ ਉਸਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਇਸ ਵਿਧਾਇਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੀ ਧਾਲੀਵਾਲ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਪੱਤਰਕਾਰ ਭਾਈਚਾਰੇ ਦੀ ਹਰ ਪੱਖ ਤੇ ਕਾਨੂੰਨੀ ਮਦਦ ਕੀਤੀ ਜਾਵੇਗੀ ਅਤੇ ਪੱਤਰਕਾਰਾਂ ਵੱਲੋਂ ਇਸ ਸਬੰਧੀ ਜੋ ਵੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਵਕੀਲ ਭਾਈਚਾਰਾ ਉਸ ਵਿੱਚ ਸ਼ਾਮਲ ਹੋਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਨਟਰਾਜਨ ਕੋਸ਼ਲ, ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ ਮੋਹਾਲੀ), ਮਨਦੀਪ ਸਿੰਘ, ਬਿਲਾਵਲ ਸਿੰਘ, ਗੁਰਜਿੰਦਰ ਸਿੰਘ, ਐਚ.ਐਸ. ਰੱਕੜ, ਯਸ਼ਜੋਤ ਧਾਲੀਵਾਲ, ਅਮਰਜੀਤ ਸਿੰਘ ਲੋਂਗੀਆਂ, ਹਰਸਿਮਰਨ ਸਿੰਘ, ਕਾਰਤਿਕ ਬੈਕਟਰ, ਅਜੇ ਸ਼ੰਕਰ, ਮਹੇਸ਼ ਰਾਣਾ ਅਤੇ ਸਲਮਾਨ ਖਾਨ ਵੀ ਹਾਜ਼ਰ ਸਨ।

ਜਾਰੀਕਰਤਾ/-

ਦਰਸ਼ਨ ਸਿੰਘ ਧਾਲੀਵਾਲ
98154-75975

×