ਕਿਹਾ: ਲੋਕਾਂ ਦੇ ਮੂਡ ਨੂੰ ਨਹੀਂ ਦਰਸਾਉਂਦੇ ਹਨ ਨਤੀਜ਼ੇ
ਚੰਡੀਗੜ੍ਹ, 18 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਚੋਰੀ ਦੀ ਜਿੱਤ ਉਪਰ ਖੁਸ਼ੀਆਂ ਮਨਾ ਰਹੀ ਹੈ, ਕਿਉਂਕਿ ਇਸਨੇ ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਆਪ ਲੀਡਰਸ਼ਿਪ ਵੀ ਜਾਣਦੀ ਹੈ ਅਤੇ ਸਮਝਦੀ ਹੈ ਕਿ ਇਹ ਇੱਕ ਚੋਰੀ ਹੋਈ ਜਿੱਤ ਹੈ।
ਵੜਿੰਗ ਨੇ ਨਤੀਜਿਆਂ ਅਤੇ ‘ਆਪ’ ਦੇ ਜਿੱਤ ਸਬੰਧੀ ਦਾਅਵਿਆਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ, ਕਿਹਾ ਕਿ ਆਪ ਆਗੁਆਂ ਸਣੇ ਹਰ ਕੋਈ ਜਾਣਦਾ ਹੈ ਕਿ ਇਹ ਚੋਣਾਂ ਕਿਵੇਂ ਲੜੀਆਂ ਗਈਆਂ ਸਨ ਅਤੇ ਪਿਛਲੀਆਂ ਜਿਮਨੀ ਚੋਣਾਂ ਵਾਂਗ ਇਨ੍ਹਾਂ ਚੋਣਾਂ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਦੁਰਵਰਤੋਂ ਕਿਵੇਂ ਕੀਤੀ ਗਈ ਸੀ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਜੂਨੀਅਰ ਸਟਾਫ ਨੂੰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਬਾਰੇ ਨਿਰਦੇਸ਼ ਦੇਣ ਦੇ ਦੋਸ਼ਾਂ ਦੀ ਵੀ ਜਾਂਚ ਚੱਲ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਧੱਕੇਸ਼ਾਹੀ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਕਾਫ਼ੀ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਇੰਨੀ ਪ੍ਰਭਾਵਸ਼ਾਲੀ ਮੁਕਾਬਲਾ ਦੇ ਸਕਦੀ ਹੈ, ਜਦੋਂ ਸਾਡੇ ਵਿਰੁੱਧ ਔਕੜਾਂ ਬਹੁਤ ਜ਼ਿਆਦਾ ਸਨ, ਤਾਂ ਕਲਪਨਾ ਕਰੋ ਕਿ ਅਸੀਂ 2027 ਦੌਰਾਨ ਬਰਾਬਰੀ ਦਾ ਮੈਦਾਨ ਹੋਣ ‘ਤੇ ਕੀ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਨਿਸ਼ਚਿਤ ਤੌਰ ਤੇ ਵਾਪਸੀ ਕਰੇਗੀ।
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਚੋਣਾਂ ਸੱਤਾਧਾਰੀ ‘ਆਪ’ ਲਈ ਅੰਤ ਦੀ ਸ਼ੁਰੂਆਤ ਹਨ ਅਤੇ ਇਸਦੀ ਉਲਟੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਥੋਂ ਤੱਕ ਕਿ “ਆਪ’ ਦੇ ਆਗੂ ਵੀ ਇਨ੍ਹਾਂ ਚੋਣਾਂ ਦੀ ਅਸਲੀਅਤ ਨੂੰ ਜਾਣਦੇ ਹਨ, ਹਾਲਾਂਕਿ ਉਹ ਇਸਨੂੰ ਜਨਤਕ ਤੌਰ ‘ਤੇ ਸਵੀਕਾਰ ਨਹੀਂ ਕਰ ਸਕਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਲੱਖਾਂ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ, ਜਿਹੜੇ ‘ਆਪ’ ਦੇ ਕੰਮ ਕਰਨ ਦੇ ਤਾਨਾਸ਼ਾਹੀ ਤਰੀਕਿਆਂ ਅਤੇ ਸੱਤਾ ਦੀ ਦੁਰਵਰਤੋਂ ਦੇ ਵਿਰੁੱਧ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਹਰੇਕ ਵਰਕਰ ਨੂੰ ਸਮੇਂ ਦੇ ਨਾਲ-ਨਾਲ ਬਣਦਾ ਸਨਮਾਨ ਦਿੱਤਾ ਜਾਵੇਗਾ। ਵੜਿੰਗ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ।