ਇਸ ਸਾਲ ਦੀ ਸ਼ੁਰੂਆਤ ‘ਚ ਜਦੋਂ ‘ਆਪ’ ਇਨਵੈਸਟ ਪੰਜਾਬ ਸੰਮੇਲਨ ਕਰ ਰਹੀ ਸੀ ਤਾਂ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਸਮਝੌਤਾ ਕੀਤਾ ਸੀ: ਵਿਰੋਧੀ ਧਿਰ ਦੇ ਆਗੂ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਉਦਯੋਗਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਸਤਾਵਿਤ ਪ੍ਰੋਗਰਾਮ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਇੱਕ ਹੋਰ ਡਰਾਮਾ ਕਰਾਰ ਦਿੱਤਾ ਹੈ।
ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਉਦਯੋਗਾਂ ਨੂੰ ਲੁਭਾਉਣ ਲਈ ‘ਆਪ’ ਸਰਕਾਰ ‘ਇੰਡਸਟਰੀ ਟਾਊਨਹਾਲ’ ਨਾਂ ਦਾ ਪ੍ਰੋਗਰਾਮ ਆਯੋਜਿਤ ਕਰੇਗੀ। ਇਸ ਨਾਟਕੀ ਸਮਾਗਮ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਉਦਯੋਗਪਤੀਆਂ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈ) ਨੂੰ ਮਜ਼ਬੂਤ ਕਰਨ ਅਤੇ ਮੁੜ ਸੁਰਜੀਤ ਕਰਨ ਅਤੇ ਨਵੇਂ ਉਦਯੋਗਿਕ ਪ੍ਰੋਜੈਕਟਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ‘ਚ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਕੁਝ ਨਹੀਂ ਕੀਤਾ, ਸਿਵਾਏ ਇਸ ਦੇ ਜਾਅਲੀ ਪ੍ਰਚਾਰ ਲਈ ਹੋਰਡਿੰਗ ਅਤੇ ਬਿਲਬੋਰਡ ਲਗਾਉਣ ਤੋਂ ਇਲਾਵਾ। ਬਾਜਵਾ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਉਦਯੋਗਪਤੀਆਂ ਦੇ ਹੱਕ ‘ਚ ਨੀਤੀ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਹੁੰਦਾ ਤਾਂ ਮੌਜੂਦਾ ਉਦਯੋਗਪਤੀ ਅਤੇ ਸਨਅਤਕਾਰ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ‘ਚ ਨਾ ਜਾਂਦੇ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ‘ਆਪ’ ਸਰਕਾਰ ਇਨਵੈਸਟ ਪੰਜਾਬ ਸੰਮੇਲਨ ਕਰ ਰਹੀ ਸੀ ਤਾਂ ਪੰਜਾਬ ਦੇ 29 ਪ੍ਰਮੁੱਖ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਨਿਆਂ ਨੇ ਯੂ ਪੀ ਸਰਕਾਰ ਨਾਲ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਅੰਦਰੂਨੀ ਸਨਅਤਕਾਰਾਂ ਨੂੰ ਨਜ਼ਰਅੰਦਾਜ਼ ਕਰਦਿਆਂ ਨਿਵੇਸ਼ ਦੀ ਭਾਲ ਲਈ ਕਈ ਦੱਖਣੀ ਸੂਬਿਆਂ ਦਾ ਦੌਰਾ ਵੀ ਕੀਤਾ।
ਬਾਜਵਾ ਨੇ ਕਿਹਾ ਕਿ ਅਜਿਹੇ ਸਮਾਗਮਾਂ ‘ਤੇ ਪੰਜਾਬ ਦਾ ਖ਼ਜ਼ਾਨਾ ਬਰਬਾਦ ਕਰਨ ਦੀ ਬਜਾਏ ‘ਆਪ’ ਸਰਕਾਰ ਨੂੰ ਅਜਿਹੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਸਨਅਤਕਾਰ ਅਤੇ ਉਦਯੋਗਪਤੀ ਤਰੱਕੀ ਕਰ ਸਕਣ।
ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ‘ਆਪ’ ਸਰਕਾਰ ਕੋਲ 2024 ਦੀਆਂ ਆਮ ਚੋਣਾਂ ਵਿੱਚ ਵੋਟਾਂ ਮੰਗਣ ਲਈ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਲਈ ਕੋਈ ਪ੍ਰਾਪਤੀ ਨਹੀਂ ਹੈ। ਹੁਣ ਉਹ ਬੇਸਬਰੀ ਨਾਲ ਕੁਝ ਵਾਪਰਨ ਦੀ ਤਲਾਸ਼ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੰਭੀਰ ਸੰਕਟ ਨਾਲ ਜੂਝ ਰਹੇ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਚਾਰੂ ਬਣਾਉਣ ਲਈ ਕੁਝ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਵਿਸਥਾਰ ਲਈ ਜਹਾਜ਼ ਰਾਹੀਂ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।