ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ

ਪ੍ਰੈੱਸ ਨੋਟ

ਬਲਰਾਮਜੀ ਦਾਸ ਟੰਡਨ ਮੈਮੋਰੀਅਲ ਅੰਡਰ-16 ਮਲਟੀ-ਡੇ ਕ੍ਰਿਕਟ ਟੂਰਨਾਮੈਂਟ ਦੇ ਪੰਜਵੇਂ ਐਡੀਸ਼ਨ ਦਾ ਉਦਘਾਟਨ ਪ੍ਰੇਰਣਾ ਪੁਰੀ (ਆਈਏਐੱਸ), ਸਕੱਤਰ, ਖੇਡਾਂ, ਯੂਟੀ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਕ੍ਰਿਕਟ ਸਟੇਡੀਅਮ, ਸੈਕਟਰ 16, ਚੰਡੀਗੜ੍ਹ ਵਿਖੇ ਕੀਤਾ। ਇਸ ਸਮਾਰੋਹ ਵਿੱਚ ਸੰਜੈ ਟੰਡਨ, ਮੈਂਬਰ, ਗਵਰਨਿੰਗ ਕੌਂਸਲ, ਡਬਲਿਊਪੀਐੱਲ (ਬੀਸੀਸੀਆਈ); ਸਰਾਂਸ਼ ਟੰਡਨ, ਪ੍ਰਧਾਨ, ਯੂਟੀ ਕ੍ਰਿਕਟ ਐਸੋਸੀਏਸ਼ਨ; ਮਹਿੰਦਰ ਸਿੰਘ, ਡਿਪਟੀ ਡਾਇਰੈਕਟਰ, ਖੇਡ ਵਿਭਾਗ, ਯੂਟੀ; ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਉਪਸਥਿਤ ਰਹੇ। ਪ੍ਰੇਰਣਾ ਪੁਰੀ ਨੇ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਖੇਡੇ ਗਏ ਉਦਘਾਟਨੀ ਮੈਚ ਲਈ ਟਾਸ ਵੀ ਸਪਿਨ ਕੀਤਾ।

ਆਪਣੇ ਸੰਬੋਧਨ ਵਿੱਚ, ਪ੍ਰੇਰਣਾ ਪੁਰੀ ਨੇ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਕਿ ਇਹ ਇੱਕ ਵੱਕਾਰੀ ਅਤੇ ਪ੍ਰਤੀਯੋਗੀ ਪਲੈਟਫਾਰਮ ਪ੍ਰਦਾਨ ਕਰਦਾ ਹੈ ਜੋ ਦੇਸ਼ ਭਰ ਦੇ ਉੱਭਰਦੇ ਕ੍ਰਿਕਟਰਾਂ ਨੂੰ ਇਕੱਠਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਖੇਡ ਦੇ ਲੰਬੇ ਫਾਰਮੈਟਾਂ ਦਾ ਸਾਹਮਣਾ ਕਰਵਾ ਕੇ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਯੂਟੀਸੀਏ ਦੀ ਪਹਿਲ, ‘ਗਲੀ ਕ੍ਰਿਕਟ’ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਜ਼ਮੀਨੀ ਪੱਧਰ ‘ਤੇ ਕ੍ਰਿਕਟ ਪ੍ਰਤਿਭਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਿਖਾਰਨ ਵਿੱਚ ਲਗਾਤਾਰ ਬਿਹਤਰੀਨ ਕਾਰਜ ਕੀਤਾ ਹੈ।

ਇਸ ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ, ਦਿੱਲੀ, ਤ੍ਰਿਪੁਰਾ, ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਮੇਜ਼ਬਾਨ ਚੰਡੀਗੜ੍ਹ ਲੀਗ ਫਾਰਮੈਟ ਵਿੱਚ ਵਿਭਿੰਨ ਮੈਦਾਨਾਂ ‘ਤੇ ਹਿੱਸਾ ਲੈ ਰਹੀਆਂ ਹਨ। ਫਾਈਨਲ ਮੁਕਾਬਲਾ 16-17 ਨਵੰਬਰ ਨੂੰ ਖੇਡਿਆ ਜਾਵੇਗਾ।

ਇਸ ਅਵਸਰ ‘ਤੇ ਸਰਾਂਸ਼ ਟੰਡਨ ਨੇ ਕਿਹਾ ਕਿ ਇਸ ਟੂਰਨਾਮੈਂਟ ਦੇ ਜ਼ਰੀਏ ਸਾਡਾ ਉਦੇਸ਼ ਜੂਨੀਅਰ ਅਤੇ ਸੀਨੀਅਰ ਡੋਮੈਸਟਿਕ ਕ੍ਰਿਕਟ ਦੇ ਦਰਮਿਆਨ ਦੀ ਦੂਰੀ ਨੂੰ ਘੱਟ ਕਰਨਾ ਹੈ, ਤਾਕਿ ਉੱਭਰਦੇ ਖਿਡਾਰੀ ਆਪਣੀ ਪ੍ਰਤਿਭਾ ਨੂੰ ਬਿਹਤਰ ਪਲੈਟਫਾਰਮ ‘ਤੇ ਪ੍ਰਦਰਸ਼ਿਤ ਕਰ ਸਕਣ।

×