ਅਰੋੜਾ ਨੇ 12 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਰੱਖਿਆ ਨੀਂਹ ਪੱਥਰ, ਦਰਜਨ ਦੇ ਕਰੀਬ ਪਿੰਡਾਂ ਨੂੰ ਹੋਵੇਗਾ ਫਾਇਦਾ

ਵਿਰੋਧੀ ਪੁੱਛਦੇ ਸਨ ਕਿ ਉਹ ਮੁਫਤ ਬਿਜਲੀ ਕਿਵੇਂ ਦੇਣਗੇ? ਪਰ ‘ਆਪ’ ਸਰਕਾਰ ਦੋ ਸਾਲਾਂ ਤੋਂ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ, ਕਿਸਾਨਾਂ ਨੂੰ ਵੀ ਬਿਨਾਂ ਕੱਟ ਤੋਂ ਬਿਜਲੀ ਮਿਲ ਰਹੀ ਹੈ

ਗਿੱਦੜਬਾਹਾ/ਚੰਡੀਗੜ੍ਹ, 6 ਸਤੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ੁੱਕਰਵਾਰ ਨੂੰ ਗਿੱਦੜਬਾਹਾ ਪਹੁੰਚੇ। ਉਨ੍ਹਾਂ ਨੇ ਇੱਥੇ 12 ਕਰੋੜ ਰੁਪਏ ਤੋਂ ਵੱਧ ਦੀਆਂ 30 ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਨੂੰ ਫਾਇਦਾ ਹੋਵੇਗਾ।

ਨੀਂਹ ਪੱਥਰ ਰੱਖਣ ਤੋਂ ਬਾਅਦ ਅਰੋੜਾ ਨੇ ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਲਈ ਅਹਿਮ ਸੀਟ ਰਹੀ ਹੈ। 2017 ਵਿੱਚ ਮਾਲਵੇ ਦੀਆਂ ਜਿਨ੍ਹਾਂ ਤਿੰਨ ਸੀਟਾਂ ਨੂੰ ਪਾਰਟੀ ਨੇ ਤਰਜੀਹ ਦਿੱਤੀ ਸੀ, ਗਿੱਦੜਬਾਹਾ ਉਨ੍ਹਾਂ ਵਿੱਚੋਂ ਇੱਕ ਸੀ।

ਅਮਨ ਅਰੋੜਾ ਦੇ ਨਾਲ ‘ਆਪ’ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਜਗਦੀਪ ਸਿੰਘ ਕਾਕਾ ਬਰਾੜ, ‘ਆਪ’ ਆਗੂ ਡਿੰਪੀ ਢਿੱਲੋਂ, ਪ੍ਰਿਤਪਾਲ ਸ਼ਰਮਾ ਅਤੇ ਸੁਖਜਿੰਦਰ ਕਾਉਂਣੀ ਵੀ ਇਸ ਜਨਸਭਾ ਵਿੱਚ ਹਾਜ਼ਰ ਸਨ।

ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਮਾਨਦਾਰ ਅਤੇ ਸਾਫ਼ ਸੁਥਰੀ ਰਾਜਨੀਤੀ ਸ਼ੁਰੂ ਕੀਤੀ ਹੈ। ਝੂਠੇ ਪਰਚਿਆਂ ਦੀ ਰਾਜਨੀਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਵੀ ਖਤਮ ਹੋ ਗਿਆ ਹੈ। ਹੁਣ ਕੰਮ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ 45 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲ ਰਹੀ ਹੈ।ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਖੇਤੀ ਲਈ ਨਿਰਵਿਘਨ ਬਿਜਲੀ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀ ਪੁੱਛਦੇ ਸਨ ਕਿ ਅਸੀਂ ਮੁਫ਼ਤ ਬਿਜਲੀ ਕਿਵੇਂ ਦੇਵਾਂਗੇ ਪਰ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਨੂੰ ਇੰਨੇ ਸਾਲ ਮੁਫ਼ਤ ਬਿਜਲੀ ਕਿਉਂ ਨਹੀਂ ਮਿਲੀ?

ਉਨ੍ਹਾਂ ਕਿਹਾ ਕਿ ਅਜੇ ਕੰਮ ਸ਼ੁਰੂ ਹੋਇਆ ਹੈ। ਆਉਣ ਵਾਲੇ ਢਾਈ ਸਾਲਾਂ ਵਿੱਚ ਹੋਰ ਵੀ ਬਹੁਤ ਸਾਰਾ ਕੰਮ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਵਿੱਚ ਸਰਕਾਰਾਂ ਨੇ ਜਿੰਨਾ ਕੰਮ ਕੀਤਾ, ਉਸ ਤੋਂ ਵੱਧ ਕੰਮ ‘ਆਪ’ ਸਰਕਾਰ ਇਨ੍ਹਾਂ ਪੰਜ ਸਾਲਾਂ ਵਿੱਚ ਕਰੇਗੀ। ਅਰੋੜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕਰਨ ਅਤੇ ਇਸ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਣ।