ਚੰਡੀਗੜ੍ਹ/ਅੰਮ੍ਰਿਤਸਰ, 22 ਅਕਤੂਬਰ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਕਿਹਾ ਕਿ ਪੰਜਾਬ ਭਰ ਦੇ ਸਾਰੇ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਮੈਗਾ ਮਾਪੇ-ਅਧਿਆਪਕ ਮੀਟਿੰਗਾਂ (ਪੀ.ਟੀ.ਐਮ.) ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਕਾਰ ਇੱਕ ਗੂੜਾ ਰਿਸ਼ਤਾ ਕਾਇਮ ਕਰਦਿਆਂ ਸੂਬੇ ਅੰਦਰ ਸਿੱਖਿਆ ਪ੍ਰਣਾਲੀ ਨੂੰ ਪ੍ਰੋਤਸਾਹਿਤ ਕਰਨ ਵਾਲਾ ਮਾਹੌਲ ਪੈਦਾ ਕੀਤਾ ਹੈ।
ਅੰਮ੍ਰਿਤਸਰ ਜਿਲ੍ਹੇ ਵਿੱਚ ਜੰਡਿਆਲਾ ਗੁਰੂ ਵਿਖੇ ਸਕੂਲ ਆਫ ਐਮੀਨੈਂਸ (ਲੜਕੀਆਂ), ਲੜਕਿਆਂ ਲਈ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਸਕੂਲ ਆਫ਼ ਐਮੀਨੈਂਸ, ਅਤੇ ਮਾਲ ਰੋਡ ਅੰਮ੍ਰਿਤਸਰ ਵਿਖੇ ਸਕੂਲ ਆਫ਼ ਐਮੀਨੈਂਸ, ਵਿੱਚ ਅੱਜ ਤੀਸਰੀ ਮੈਗਾ ਮਾਪੇ-ਅਧਿਆਪਕ ਮੀਟਿੰਗ ਵਿੱਚ ਸ਼ਾਮਿਲ ਹੋਣ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਗਾ ਮਾਪੇ-ਅਧਿਆਪਕ ਮੀਟਿੰਗਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ, 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ 100 ਫੀਸਦੀ ਨਤੀਜੇ ਪ੍ਰਾਪਤ ਕਰਨ ਸਮੇਤ ਵੱਖ-ਵੱਖ ਮੁੱਖ ਉਦੇਸ਼ਾਂ ‘ਤੇ ਕੇਂਦ੍ਰਿਤ ਹਨ।
ਬਿਜਲੀ ਮੰਤਰੀ ਨੇ ਦੱਸਿਆ ਕਿ ਇੰਨ੍ਹਾਂ ਮੀਟਿੰਗਾਂ ਦੌਰਾਨ ਬਿਜ਼ਨਸ ਬਲਾਸਟਰ ਪ੍ਰੋਗਰਾਮ, ਕਰੀਅਰ ਐਨਹਾਂਸਮੈਂਟ ਪ੍ਰੋਗਰਾਮ (ਸੀ.ਈ.ਪੀ), ਪ੍ਰੋਗਰਾਮ ਫਾਰ ਅਕਾਦਮਿਕ ਅਤੇ ਕਰੀਅਰ ਐਕਸੀਲੈਂਸ (ਪੀ.ਏ.ਸੀ.ਈ) ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕਰਵਾਏ ਗਏ ਦੌਰੇ ਵੀ ਚਰਚਾ ਦਾ ਵਿਸ਼ਾ ਰਹੇ।
ਕੈਬਨਿਟ ਮੰਤਰੀ ਈ.ਟੀ.ਓ ਕਿਹਾ ਕਿ ਮੈਗਾ ਮਾਪੇ-ਅਧਿਆਪਕ ਮੀਟਿੰਗਾਂ ਦੌਰਾਨ, ਅਧਿਆਪਕਾਂ ਨੇ ਸਤੰਬਰ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ‘ਤੇ ਵਿਅਕਤੀਗਤ ਫੀਡਬੈਕ ਦਿੱਤੀ ਅਤੇ ਪੜ੍ਹਾਈ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮਾਪਿਆਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਕੀਤਾ, ਚਿੰਤਾਵਾਂ ਪ੍ਰਗਟ ਕੀਤੀਆਂ, ਅਤੇ ਆਪਣੇ ਬੱਚਿਆਂ ਦੇ ਵਿਦਿਅਕ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੀਮਤੀ ਸੁਝਾਅ ਦਿੱਤੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਅਕ ਪ੍ਰਕਿਰਿਆ ਵਿੱਚ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਵਿੱਚ ਮਾਪਿਆਂ ਨੂੰ ਸ਼ਾਮਲ ਕਰਨ ਪਿੱਛੇ ਸਰਕਾਰ ਦਾ ਮੁੱਖ ਉਦੇਸ਼ ਵਿੱਦਿਆਰਥੀਆਂ ਲਈ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਤਿਆਰ ਕਰਕੇ ਉਹਨਾਂ ਦੇ ਸਮੁੱਚੇ ਵਿਕਾਸ ਅਤੇ ਸਫਲਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਨੇ ਸੂਬੇ ਵਿੱਚ ਸੰਪੂਰਨ ਵਿਦਿਅਕ ਮਾਹੌਲ ਸਿਰਜਣ ਲਈ ਪੰਜਾਬ ਸਰਕਾਰ ਦੇ ਸਮਰਪਣ ਨੂੰ ਵੀ ਉਜਾਗਰ ਕੀਤਾ ਹੈ।
ਸਕੂਲ ਆਫ਼ ਐਮੀਨੈਂਸ, ਮਾਲ ਰੋਡ ਦਾ ਦੌਰਾ ਕਰਦੇ ਹੋਏ ਕੈਬਨਿਟ ਮੰਤਰੀ ਸ: ਈ.ਟੀ.ਓ. ਨੇ ਸਕੂਲੀ ਬੱਚਿਆਂ ਵਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਵੀ ਕੀਤਾ। ਉਨਾਂ ਦੱਸਿਆ ਕਿ ਸਰਕਾਰ ਵਲੋਂ ਉਨਾਂ ਬੱਚਿਆਂ ਨੂੰ 2000/- ਰੁਪਏ ਪ੍ਰੋਤਸਾਹਨ ਰਾਸ਼ੀ ਵਜੋਂ ਦਿੱਤੀ ਜਾਂਦੇ ਹਨ ਜੋ ਬੱਚੇ ਨੂੰ ਕਿਸੇ ਕੰਮ ਨੂੰ ਕਰਨ ਲਈ ਨਵੇਂ ਆਈਡੀਆ ਲੈ ਕੇ ਆਉਂਦੇ ਹਨ। ਉਨਾਂ ਦੱਸਿਆ ਕਿ ਇਨਾਂ ਬੱਚਿਆਂ ਨੂੰ ਲਗਾਏ ਗਏ ਸਟਾਲ ਬਹੁਤ ਹੀ ਉੰਮਦਾ ਹਨ। ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਨੇ ਬੱਚਿਆਂ ਵਲੋਂ ਲਗਾਏ ਗਏ ਸਟਾਲਾਂ ਤੋਂ ਸਾਮਾਨ ਵੀ ਖਰੀਦਿਆ ਅਤੇ ਹਰੇਕ ਸਟਾਲ ਦੇ ਬੱਚਿਆਂ ਨੂੰ 500-500 ਰੁਪਏ ਨਕਦ ਇਨਾਮ ਵਜੋਂ ਵੀ ਦਿੱਤੇ।
ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਵੀ ਸਕੂਲ ਆਫ਼ ਐਮੀਨੈਂਸ, ਮਾਲ ਰੋਡ ਦਾ ਦੌਰਾ ਕਰਕੇ ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਕੋਲੋਂ ਬੱਚਿਆਂ ਲਈ ਫੀਡਬੈਕ ਲਈ। ਉਨਾਂ ਦੱਸਿਆ ਕਿ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਵਿੱਚ ਮਾਪੇ ਅਧਿਆਪਕਾਂ ਕੋਲੋਂ ਆਪਣੇ ਬੱਚੇ ਦੀ ਫੀਡਬੈਕ ਲੈਂਦੇ ਹਨ। ਉਨਾਂ ਕਿਹਾ ਕਿ ਸਰਕਾਰ ਵਲੋਂ ਸਿੱਖਿਆ ਸਹੂਲਤਾਂ ਵਿੱਚ ਕਾਫ਼ੀ ਸੁਧਾਰ ਲਿਆਂਦਾ ਗਿਆ ਹੈ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ: ਹਰਭਗਵੰਤ ਸਿੰਘ, ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ, ਮਾਲ ਰੋਡ ਸ਼੍ਰੀਮਤੀ ਮਨਦੀਪ ਕੋਰ, ਸਕੂਲ ਆਫ ਐਮੀਨੈਸ ਛੇਹਰਟਾ ਦੀ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮਾਪੇ ਹਾਜ਼ਰ ਸਨ।
ਕੈਪਸ਼ਨ : ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਸਕੂਲ ਆਫ਼ ਐਮੀਨੈਂਸ, ਮਾਲ ਰੋਡ ਵਿਖੇ ਸਕੂਲੀ ਬੱਚਿਆਂ ਵਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕਰਦੇ ਹੋਏ।
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਸਕੂਲ ਆਫ਼ ਐਮੀਨੈਂਸ ਛੇਹਰਟਾ ਵਿਖੇ ਪੀਟੀਮੀਟ ਦੌਰਾਨ ਬੱਚਿਆਂ ਨਾਲ ਅਤੇ ਉਨਾਂ ਦੇ ਮਾਪੇ ਨਾਲ ਗੱਲਬਾਤ ਕਰਦੇ ਹੋਏ
ਡਿਪਟੀ ਕਮਿਸ਼ਨਰ ਸਕੂਲੀ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।
ਵੱਖ-ਵੱਖ ਤਸਵੀਰਾਂ