ਕਾਂਗਰਸ ਨੇ ਅੱਜ ਫਿਰ ਭਾਜਪਾ ਦਾ ਖੁੱਲ੍ਹਾ ਅਤੇ ਪੁਰਜ਼ੋਰ ਸਾਥ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਦਫ਼ਤਰ ਸੈਕਟਰ-39, ਚੰਡੀਗੜ੍ਹ ਵਿੱਚ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਅਤੇ ਪ੍ਰਧਾਨ ਸਨੀ ਸਿੰਘ ਅਹਲੂਵਾਲੀਆ ਦੀ ਅਗਵਾਈ ਹੇਠ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਮੇਅਰ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਗਿਆ।

ਪ੍ਰੈਸ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਫਿਰ ਮੇਅਰ ਚੋਣਾਂ ਹੋਈਆਂ ਅਤੇ ਭਾਜਪਾ ਨੇ ਸਾਜ਼ਿਸ਼ ਰਚ ਕੇ, ਕਾਂਗਰਸ ਦੇ ਖੁੱਲ੍ਹੇ ਸਹਿਯੋਗ ਨਾਲ ਆਪਣਾ ਮੇਅਰ ਬਣਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਦਾ ਇੰਨਾ ਲਾਲਚ ਹੈ ਕਿ ਉਹ ਆਪਣੇ ਆਪ ਨੂੰ ਵਿਰੋਧੀ ਕਹਿਣ ਵਾਲੀਆਂ ਪਾਰਟੀਆਂ ਨਾਲ ਵੀ ਮਿਲ ਕੇ ਸੱਤਾ ਹਾਸਲ ਕਰਨ ਤੋਂ ਨਹੀਂ ਹਿਚਕਿਚਾਉਂਦੀ।

ਦੇਸ਼ ਭਰ ਦੇ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਅੰਬਰਨਾਥ ਕਾਰਪੋਰੇਸ਼ਨ ਵਿੱਚ ਵੀ ਭਾਜਪਾ ਅਤੇ ਕਾਂਗਰਸ ਨੇ ਖੁੱਲ੍ਹਾ ਗਠਜੋੜ ਕਰ ਕੇ ਸ਼ਿਵ ਸੈਨਾ ਨੂੰ ਹਰਾਇਆ ਸੀ। ਚੰਡੀਗੜ੍ਹ ਵਾਸੀਆਂ ਨੂੰ ਯਾਦ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ 2021 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਸੀ, ਪਰ ਭਾਜਪਾ ਨੇ ਵਾਰ-ਵਾਰ ਸਾਜ਼ਿਸ਼ਾਂ ਰਚ ਕੇ ਲੋਕਾਂ ਦੇ ਫ਼ੈਸਲੇ ਅਤੇ ਜਨਾਦੇਸ਼ ਦਾ ਅਪਮਾਨ ਕੀਤਾ। ਉਨ੍ਹਾਂ ਕਾਂਗਰਸ ‘ਤੇ ਦੋਖੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਵੀ ਭਾਜਪਾ ਨੂੰ ਸਹਿਯੋਗ ਦੀ ਲੋੜ ਪੈਂਦੀ ਹੈ, ਕਾਂਗਰਸ ਖੁੱਲ੍ਹ ਕੇ ਨਾਲ ਖੜੀ ਹੋ ਜਾਂਦੀ ਹੈ।

ਜਰਨੈਲ ਸਿੰਘ ਨੇ ਸਵਾਲ ਉਠਾਇਆ ਕਿ ਸਾਜ਼ਿਸ਼ਾਂ ਰਾਹੀਂ ਬਣਾਏ ਗਏ ਭਾਜਪਾ ਦੇ ਮੇਅਰ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਕੀ ਲਾਭ ਮਿਲਿਆ ਹੈ। ਉਨ੍ਹਾਂ ਭਾਜਪਾ ਦੇ 24×7 ਪਾਣੀ, ਸਫ਼ਾਈ, ਕੂੜਾ ਪ੍ਰਬੰਧਨ ਅਤੇ ਗਊਸ਼ਾਲਾ ਵਰਗੇ ਵਾਅਦਿਆਂ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਸੈਨੀਟੇਸ਼ਨ ਦੇ ਹਾਲਾਤ ਬਹੁਤ ਮਾੜੇ ਹਨ, ਕੂੜਾ ਪੰਜਾਬ ਅਤੇ ਹਰਿਆਣਾ ਦੇ ਡੰਪਿੰਗ ਗਰਾਊਂਡਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਗਊਸ਼ਾਲਾਵਾਂ ਦੀ ਹਾਲਤ ਕਸਾਈਘਰਾਂ ਤੋਂ ਵੀ ਬੁਰੀ ਹੈ। ਉਨ੍ਹਾਂ ਕਿਹਾ ਕਿ ਡਬਲ ਅਤੇ ਟ੍ਰਿਪਲ ਇੰਜਨ ਸਰਕਾਰਾਂ ਦੇ ਬਾਵਜੂਦ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ।

ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਲੋਕਾਂ ਨੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਬਣਾਇਆ ਸੀ, ਪਰ ਇਸ ਵਾਰ ਖੁੱਲ੍ਹਾ ਅਤੇ ਸਪਸ਼ਟ ਜਨਾਦੇਸ਼ ਦਿਓ ਤਾਂ ਜੋ ਹੋਰਸ ਟਰੇਡਿੰਗ ਦੀ ਰਾਜਨੀਤੀ ਪੂਰੀ ਤਰ੍ਹਾਂ ਖ਼ਤਮ ਹੋ ਸਕੇ। ਉਨ੍ਹਾਂ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਦਿੱਤੀ ਜਾ ਰਹੀ 10 ਲੱਖ ਰੁਪਏ ਦੀ ਮੈਡੀਕਲ ਕਲੇਮ ਸਕੀਮ ਵਰਗੇ ਲੋਕ-ਹਿਤੈਸ਼ੀ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਵੀ ਦਿੱਲੀ ਅਤੇ ਪੰਜਾਬ ਵਰਗੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਆਪ ਦੀ ਟੀਮ ਘਰ-ਘਰ ਜਾ ਕੇ ਭਾਜਪਾ ਦੀ ਨਾਕਾਮ ਗਵਰਨੈਂਸ ਨੂੰ ਬੇਨਕਾਬ ਕਰੇਗੀ।

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਦੇ ਟਵੀਟ ਦਾ ਹਵਾਲਾ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਉਸ ਬਿਆਨ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਕਾਂਗਰਸ ਨੇ ਭਾਜਪਾ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਆਖ਼ਰੀ ਟਵੀਟ ਵਿੱਚ ਮਨੀਸ਼ ਤਿਵਾਰੀ ਨੇ ਕਾਂਗਰਸ ਦੇ “ਮਹਾਨ ਇਤਿਹਾਸ” ਦੀ ਗੱਲ ਕਰਦੇ ਹੋਏ ਭੀਸ਼ਮ ਪਿਤਾਮਾਹ ਦੀ ਮਜਬੂਰੀ ਦਾ ਹਵਾਲਾ ਦਿੱਤਾ, ਜੋ ਇਸ ਗੱਲ ਦਾ ਪਰਮਾਣ ਹੈ ਕਿ ਕਾਂਗਰਸ ਜਾਣ-ਬੁੱਝ ਕੇ ਭਾਜਪਾ ਦੀ ਸੱਤਾ ਨੂੰ ਸਹਾਰਾ ਦੇ ਰਹੀ ਹੈ। ਉਨ੍ਹਾਂ ਕਾਂਗਰਸ ਨੂੰ ਭਾਜਪਾ ਦੀ “ਬੀ-ਟੀਮ” ਕਰਾਰ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਕੌਂਸਲਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਹਾਸਲ ਕਰੇਗੀ।