ਚੰਡੀਗੜ੍ਹ, 20 ਜੂਨ, 2025, ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਬਿਊਰੋ ਆਵ੍ ਐਨਰਜੀ ਐਫਿਸ਼ਿਐਂਸੀ (ਬੀਈਈ-BEE) ਨੇ ਯੂਟੀ ਚੰਡੀਗੜ੍ਹ ਦੇ ਊਰਜਾ ਪ੍ਰਬੰਧਨ ਸੈੱਲ—ਸਟੇਟ ਡੈਜ਼ੀਗਨੇਟਿਡ ਏਜੰਸੀ (ਐੱਸਡੀਏ-SDA) ਦੇ ਸਹਿਯੋਗ ਨਾਲ, 19-20 ਜੂਨ, 2025 ਨੂੰ ਚੰਡੀਗੜ੍ਹ ਵਿੱਚ ਦੋ-ਦਿਨਾਂ ਦੀ ਰੀਜਨਲ ਵਰਕਸ਼ਾਪ ਦਾ ਆਯੋਜਨ ਕੀਤਾ।

ਇਹ ਵਰਕਸ਼ਾਪ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ (ਈਸੀਐੱਸਬੀਸੀ-ECSBC) ਦੇ ਲਾਗੂਕਰਨ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਊਰਜਾ ਦਕਸ਼ਤਾ ਪਹਿਲਾਂ ਦੀ ਪ੍ਰਗਤੀ ਦਾ ਮੁੱਲਾਂਕਣ ਕਰਨ ਲਈ ਕੀਤੀ ਗਈ ਸੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਤੇ ਕਸ਼ਮੀਰ, ਰਾਜਸਥਾਨ ਅਤੇ ਚੰਡੀਗੜ੍ਹ ਦੇ ਪ੍ਰਤੀਭਾਗੀਆਂ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।

ਇਸ ਸਮਾਗਮ ਵਿੱਚ ਰਾਜ ਮਨੋਨੀਤ ਏਜੰਸੀਆਂ ਦੇ ਸੀਨੀਅਰ ਅਧਿਕਾਰੀ, ਬਿਜਲੀ ਵਿਭਾਗ, ਸ਼ਹਿਰੀ ਵਿਕਾਸ, ਵਾਤਾਵਰਣ ਵਿਭਾਗ ਦੇ ਤਕਨੀਕੀ ਮਾਹਰ ਇਕੱਠੇ ਹੋਏ, ਜਿਨ੍ਹਾਂ ਨੇ ਲਾਗੂਕਰਨ ਚੁਣੌਤੀਆਂ ‘ਤੇ ਚਰਚਾ ਕਰਨ, ਇਨੋਵੇਟਿਵ ਸਮਾਧਾਨ ਸਾਂਝੇ ਕਰਨ ਅਤੇ ਊਰਜਾ ਦਕਸ਼ਤਾ ਨਿਰਮਾਣ ਵਿੱਚ ਬਿਹਤਰੀਨ ਪਿਰਤਾਂ ਨੂੰ ਉਜਾਗਰ ਕਰਨ ਦੇ ਲਈ ਇੱਕ ਸਹਿਯੋਗੀ ਮੰਚ ਪ੍ਰਦਾਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਬਿਊਰੋ ਆਵ੍ ਐਨਰਜੀ ਐਫਿਸ਼ਿਐਂਸੀ (ਬੀਈਈ-BEE) ਦੇ ਡਾਇਰੈਕਟਰ ਸ਼੍ਰੀਮਤੀ ਪੀ. ਸਾਮਲ ਨੇ ਊਰਜਾ ਦੀ ਮੰਗ ਨੂੰ ਘਟਾਉਣ ਵਿੱਚ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ (ਈਸੀਐੱਸਬੀਸੀ-ECSBC) ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਨਵੀਆਂ ਇਮਾਰਤਾਂ ਵਿੱਚ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ (ਈਸੀਐੱਸਬੀਸੀ-ECSBC) ਨੂੰ ਅਪਣਾਉਣ ਨਾਲ 35% ਤੱਕ ਊਰਜਾ ਦੀ ਬੱਚਤ ਹੋ ਸਕਦੀ ਹੈ। ਊਰਜਾ ਸੰਭਾਲ਼ ਨਾ ਕੇਵਲ ਵਾਤਾਵਰਣਕ ਸਥਿਰਤਾ ਦੇ ਲਈ ਜ਼ਰੂਰੀ ਹੈ, ਬਲਕਿ ਇਸ ਨਾਲ ਦੀਰਘਕਾਲੀ ਆਰਥਿਕ ਲਾਭ ਵੀ ਮਿਲਦੇ ਹਨ।”

ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਦੇ ਨੀਤੀਗਤ ਢਾਂਚੇ, ਲਾਗੂਕਰਨ ਦੀਆਂ ਰਣਨੀਤੀਆਂ ਅਤੇ ਸਫ਼ਲ ਕੇਸ ਅਧਿਐਨਾਂ ‘ਤੇ ਕੇਂਦ੍ਰਿਤ ਤਕਨੀਕੀ ਸੈਸ਼ਨਾਂ ਦੀ ਇੱਕ ਸੀਰੀਜ਼ ਸ਼ਾਮਲ ਸੀ।